ਸਮਾਜ ਦੇ ਵਿਕਾਸ ਲਈ ਪੇਂਡੂ ਮਹਿਲਾ ਸਸ਼ਕਤੀਕਰਣ ਜਰੂਰੀ

ਭਾਰਤ ਖੇਤੀ ਪ੍ਰਧਾਨ ਦੇਸ ਹੈ| ਭਾਰਤ ਦੀ ਲਗਭਗ 60 ਪ੍ਰਤੀਸ਼ਤ ਆਬਾਦੀ ਖੇਤੀ ਨਾਲ ਸਬੰਧਤ ਕਾਰਜ ਕਰਦੀ ਹੈ| ਇਸ ਭਾਰੀ ਆਬਾਦੀ ਵਲੋਂ ਕੀਤੇ ਜਾਂਦੇ ਖੇਤੀ ਕਾਰਜਾਂ ਦਾ 70 ਪ੍ਰਤੀਸ਼ਤ ਤੋਂ ਵੱਧ ਕਾਰਜ ਪੇਂਡੂ ਮਹਿਲਾਵਾਂ ਵਲੋਂ ਕੀਤਾ ਜਾਂਦਾ ਹੈ| ਖੇਤੀ ਕਾਰਜ ਕੋਈ ਇਕੱਲਾ ਪੁਰਸ਼ ਨਹੀਂ ਕਰ ਸਕਦਾ ਬਲਕਿ ਪਰਿਵਾਰ ਵਲੋਂ ਰੱਲ-ਮਿਲਕੇ ਸਿਰੇ ਚੜਾਏ ਜਾਂਦੇ ਹਨ| ਪੁਰਸ਼ਾਂ-ਇਸਤ੍ਰੀਆਂ ਦੇ ਖੇਤੀ ਤੇ ਪਰਿਵਾਰਕ ਕਾਰਜ ਪਰੰਪਰਾ ਤੇ ਲੋੜ ਮੁਤਾਬਿਕ ਵੰਡੇ ਹੋਏ ਹਨ| ਅਜਕਲ ਖੇਤੀ ਦੇ ਢੰਗ ਵਿਕਸਿਤ ਹੋ ਗਏ ਹਨ ਅਤੇ ਆਧੁਨਿਕ ਮਸ਼ੀਨਾ ਅਤੇ ਢੰਗਾਂ ਨਾਲ ਕੰਮ ਦੀ ਗੱਤੀ ਵਿੱਚ ਤੇਜੀ ਆਈ ਹੈ, ਜਿਸ ਲਈ ਸਮੇਂ ਦੀ ਉਪਲੱਬਧਾ ਅਤੇ ਘਰ ਦੇ ਗੁਜਰਾਨ ਲਈ ਪੁਰਸ਼ਾਂ ਨੇ ਗੈਰ ਖੇਤੀ ਖੇਤਰਾਂ ਵਿੱਚ ਵੀ ਪ੍ਰਵੇਸ਼ ਕਰ ਲਿਆ ਹੈ| ਪਰੰਤੂ ਘਰੇਲੂ ਖੇਤੀ ਕਾਰਜਾਂ ਦੇ ਨਿਪਟਾਰੇ ਲਈ ਮਹਿਲਾਵਾਂ ਨੂੰ ਹੀ ਰੋਜ਼ਾਨਾ ਪ੍ਰਯਤਨਸ਼ੀਲ ਰਹਿਣਾ ਪੈਂਦਾ ਹੈ| ਘਰੇਲੂ ਪਾਲਤੂ ਪਸ਼ੂਆਂ ਲਈ ਚਾਰੇ ਦਾ ਪ੍ਰਬੰਧ ਤੇ ਗੋਬਰ ਆਦਿ ਦੀ ਸੰਭਾਲ ਅਤੇ ਸਾਰੇ ਪਰਿਵਾਰ ਲਈ ਖਾਦ ਪਦਾਰਥਾਂ ਆਦਿ ਦੀ ਤਿਆਰੀ ਦੀ ਪੂਰੀ ਜਿੰਮੇਵਾਰੀ ਮਹਿਲਾਵਾਂ ਨਿਭਾਉਂਦੀਆਂ ਹਨ| ਸਮੇਂ ਦੀ ਮੰਗ ਮੁਤਾਬਿਕ ਪੇਂਡੂ ਔਰਤਾਂ ਲਈ ਵੀ ਆਰਥਿਕ ਹਾਲਤ ਸੁਧਾਰਣ ਲਈ ਖੇਤੀਬਾੜੀ ਤੋਂ ਇਲਾਵਾ ਰੋਜਗਾਰ ਦੇ ਮੌਕੇ ਵਧਾਉਣੇ ਜਰੂਰੀ ਹਨ|
ਸਾਡੇ ਦੇਸ਼ ਵਿੱਚ ਕਬੀਲੇ ਤੇ ਖਾਨਦਾਨੀ ਪਰੰਪਰਾ ਮੁਤਾਬਿਕ ਕਈ ਥਾਵਾਂ ਤੇ ਕਿਸਾਨ ਪਰਿਵਾਰਾਂ ਦੀਆਂ ਔਰਤਾਂ ਹੀ ਮੁਖੀ ਹਨ ਜਿਹਨਾਂ ਨੂੰ ਕੇਵਲ ਜਾਤੀ ਤੌਰ ਤੇ ਹਕੂਕ ਪ੍ਰਾਪਤ ਹਨ ਪਰੰਤੂ ਮਾਲਿਕਾਨਾ ਹੱਕ ਹਾਸਿਲ ਨਹੀਂ, ਜਿਸ ਕਰਕੇ ਉਹ ਆਜ਼ਾਦ ਤੌਰ ਤੇ ਸਰਕਾਰੀ ਸਹੂਲਤਾਂ ਪ੍ਰਾਪਤ ਨਹੀਂ ਕਰ ਸਕਦੀਆਂ| ਮਹਿਲਾ ਕਿਸਾਨਾਂ ਨੂੰ ਮਾਲਿਕਾਨਾ ਹੱਕ, ਸਮਾਨ ਆਜੀਵਿਕਾ, ਖੁਦ ਦੀ ਪਹਿਚਾਣ ਅਤੇ ਲੁੜੀਂਦੀ ਸੁਰੱਖਿਆ ਅਤੇ ਖੇਤੀ ਸੇਵਾਵਾਂ ਦੀ ਉਪਲੱਭਤਾ ਜਰੂਰੀ ਹੈ| ਮਰਦਾਂ ਦੀ ਨਿਸੱਬਤ ਪੇਂਡੂ ਮਹਿਲਾਵਾਂ ਨੂੰ ਘੱਟ ਮਜਦੂਰੀ ਤੇ ਵੀ ਕੰਮ ਕਰਨਾ ਪੈਂਦਾ ਹੈ| ਸਮਾਜ ਨੇ ਅਜੇ ਵੀ ਮਹਿਲਾਵਾਂ ਨੂੰ ਕੁਝ ਸੀਮਤ ਕਾਰਜਾਂ ਲਈ ਰਾਖਵਾਂ ਸਮਝਿਆ ਹੈ| ਅਜੇ ਵੀ ਪੇਂਡੂ ਅਤੇ ਸ਼ਹਿਰੀ ਮਹਿਲਾਵਾਂ ਵਿੱਚ ਕਾਫੀ ਅੰਤਰ ਹੈ ਜਿਸ ਲਈ ਘੱਟ ਵਿਦਿੱਅਕ ਯੋਗਤਾਵਾਂ, ਸਮਾਜਕ ਸਥਿਤੀਆਂ ਤੇ ਹਕੂਕਾਂ ਅਤੇ ਸਰਕਾਰੀ ਯੋਜਨਾਵਾਂ ਤੇ ਸੁਵਿਧਾਵਾਂ ਦਾ ਘੱਟ ਗਿਆਨ ਆਦਿ ਮੁੱਖ ਤੌਰ ਤੇ ਜਿਮੇਵਾਰ ਹਨ| ਸਚਾਈ ਇਹ ਹੈ ਕਿ ਅਜੇ ਵੀ ਦਿਹਾਤੀ ਮਹਿਲਾਵਾਂ ਪ੍ਰਤਿਕੂਲ ਹਾਲਾਤਾਂ ਵਿੱਚ ਹੀ ਹਨ| ਉਹਨਾਂ ਲਈ ਅਜੇ ਵੀ ਬੜੀ ਚੁਣੌਤੀਆਂ ਹਨ, ਜਿਸ ਲਈ ਸਮਾਜ ਤੇ ਸਰਕਾਰ ਨੂੰ ਅਜੇ ਬਹੁਤ ਜਿਆਦਾ ਪ੍ਰਯਤਨ ਕਰਨ ਦੀ ਲੋੜ ਹੈ| ਪੇਂਡੂ ਔਰਤਾਂ ਦੇ ਸਸ਼ਕਤੀਕਰਣ ਲਈ ਵਿਦਿਅਕ ਸਹੂਲਤਾਂ ਵਿੱਚ ਵਾਧਾ ਕਰਨਾ ਪਵੇਗਾ| ਸਿੱਖਿਆ ਦੀ ਕਮੀ ਵੀ ਵਿਕਾਸ ਕਾਰਜਾਂ ਵਿੱਚ ਔਰਤਾਂ ਦੀ ਭਾਗੀਦਾਰੀ ਬਾਰੇ ਜਾਣਕਾਰੀ ਲਈ ਰੁਕਾਵਟ ਪੈਦਾ ਕਰਦੀ ਹੈ| ਪੇਂਡੂ ਮਹਿਲਾਵਾਂ ਨੂੰ ਕਾਨੂੰਨੀ ਅਧਿਕਾਰ ਅਤੇ ਸਰਕਾਰੀ ਮਹਿਲਾ ਉਥਾਨ ਲਈ ਬਨਾਈਆਂ ਯੋਜਨਾਵਾਂ-ਸਕੀਮਾ ਦਾ ਪੂਰਾ ਗਿਆਨ ਨਾ ਹੋਣ ਕਾਰਣ ਉਹ ਆਰਥਿਕ ਸਮਾਜਿਕ ਅਤੇ ਰਾਜਨੈਤਿਕ ਸਸ਼ਕਤੀਕਰਣ ਪਖੋਂ ਪਛੜੀਆਂ ਰਹਿੰਦੀਆਂ ਹਨ| ਮਹਿਲਾਵਾਂ ਨੂੰ ਸਕੂਲ, ਕਾਲਿਜ, ਬੈਂਕਾਂ ਅਤੇ ਸਰਕਾਰੀ ਦਫਤਰਾਂ, ਪੁਲੀਸ ਸਟੇਸ਼ਨਾਂ, ਹਸਪਤਾਲਾਂ ਤਕ ਨਿਜੀ ਤੌਰ ਤੇ ਜਾਣ ਵਿੱਚ ਬਹੁਤ ਰੁਕਾਵਟਾਂ ਪੇਸ਼ ਆਉਂਦੀਆਂ ਹਨ|
ਮਹਿਲਾ ਸਸ਼ਕਤੀਕਰਣ ਦਾ ਭਾਵ ਇਹ ਹੈ ਕਿ ਮਹਿਲਾਵਾਂ ਨੂੰ ਘਰ, ਪਰਿਵਾਰ, ਸਮਾਜ ਅਤੇ ਦੇਸ਼ ਵਿੱਚ ਉਹਨਾਂ ਦੀ ਕਾਰਜ ਕੁਸ਼ਲਤਾ ਵਧਾਉਣਾ, ਸਵਾਧੀਨਤਾ ਦੇਣਾ ਅਤੇ ਹਰ ਤਰ੍ਹਾਂ ਦੀ ਬੇਫਜੂਲ ਬੰਧਸ਼ਾਂ ਤੋਂ ਮੁਕਤੀ ਦਾ ਅਹਿਸਾਸ ਕਰਾਉਣਾ ਹੈ| ਉਹਨਾਂ ਨੂੰ ਇਹ ਹੱਕ ਪ੍ਰਦਾਨ ਹੋਵੇ ਜਿਸ ਨਾਲ ਉਹ ਨਿਜੀ ਜੀਵਨ ਦੀ ਖੁਸ਼ਹਾਲੀ ਤੇ ਸਮਰਿੱਧੀ ਲਈ ਖੁਦ ਫੈਂਸਲਾ ਲੈ ਸਕੇ| ਲੋਕਤੰਤਰ ਦੀ ਸਾਰਥੱਕਤਾ ਇਸ ਵਿੱਚ ਹੈ ਕਿ ਦੇਸ਼ ਦੇ ਸਭ ਖੇਤਰਾਂ ਦੇ ਵਿਕਾਸ ਵਿੱਚ ਮਹਿਲਾਵਾਂ ਤੇ ਪੁਰਸ਼ਾਂ ਦੀ ਬਰਾਬਰੀ ਭਾਗੀਦਾਰੀ ਹੋਵੇ ਅਤੇ ਉਹ ਸੰਯੁਕਤ ਰੂਪ ਵਿੱਚ ਨਿਰਣਾ ਲੈਣ| ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਦੇ ਇਕ ਕੱਥਨ ਮੁਤਾਬਿਕ ”ਮਹਿਲਾਵਾਂ ਦੀ ਸਥਿਤੀ ਹੀ ਦੇਸ਼ ਦੀ ਤਰੱਕੀ ਬਾਰੇ ਸੂਚਿਤ ਕਰਦੀ ਹੈ”| ਸਰਕਾਰ ਨੂੰ ਮਹਿਲਾ ਵਿਕਾਸ ਤੇ ਖੁਸ਼ਹਾਲੀ ਲਈ, ਬਾਲੜੀ ਵਿਆਹ, ਦਹੇਜ ਪ੍ਰਥਾ, ਯੌਨ ਸੋਸ਼ਣ, ਘਰੇਲੂ ਤੇ ਬਾਹਰੀ ਹਿੰਸਾ, ਕਾਰਜਸਥੱਲਾਂ ਤੇ ਅਸੁਰੱਖਿਆ ਆਦਿ ਮੁੱਖ ਸਮਸਿਆਵਾਂ ਦੀ ਸਮਾਪਤੀ ਕਰਣੀ ਅਤਿ ਜਰੂਰੀ ਹੈ|
ਜੇ ਸਮਾਜ ਅਤੇ ਸਰਕਾਰ ਪੇਂਡੂ ਮਹਿਲਾਵਾਂ ਦਾ ਸਸ਼ਕਤੀਕਰਣ ਦੇ ਹੱਕ ਵਿੱਚ ਹਨ ਤਾਂ ਇਹਨਾਂ ਦੀ ਸਿੱਖਿਆ, ਵਿਵਸਾਇਕ ਕੁਸ਼ਲਤ, ਨਿਯਮ ਗਿਆਨ ਅਤੇ ਪੂਰੀ ਸੁਰੱਖਿਆ ਦਾ ਪ੍ਰਬੰਧ ਕਰਨਾ ਪਵੇਗਾ| ਇਹਨਾਂ ਨੂੰ ਆਪਣੀ ਭਲਾਈ ਲਈ ਨਿਰਣਾ ਲੈਣ ਦਾ ਪੂਰਾ ਅਧਿਕਾਰ ਦੇਣਾ ਹੋਵੇਗਾ ਅਤੇ ਬਰਾਬਰ ਕੰਮ ਲਈ ਬਰਾਬਰ ਵੇਤਨ ਦੇਣਾ ਉਚਿਤ ਰਹੇਗਾ| ਮਹਿਲਾਵਾਂ ਨੂੰ ਉਚਿਤ ਮਾਨ-ਸਨਮਾਨ ਮਿਲਨਾ ਚਾਹੀਦਾ ਹੈ ਅਤੇ ਸਰਕਾਰੀ ਯੋਜਨਾਵਾਂ ਦਾ ਪੂਰਾ ਲਾਭ ਲੈਣ ਲਈ ਇਹਨਾਂ ਨੂੰ ਜਾਣਕਾਰੀ ਪਹੁੰਚਾਣਾ ਸਰਕਾਰ ਦੀ ਮੁਢਲੀ ਜਿਮੇਵਾਰੀ ਹੈ| ਸਰਕਾਰ ਵਲੋਂ ਮਹਿਲਾਵਾਂ ਦੀਆਂ ਸਮਸਿਆਵਾਂ ਦੇ ਹਲ ਲਈ ਹਕੂਮਤ ਵਲੋਂ ਰਾਸ਼ਟਰੀ ਮਹਿਲਾ ਆਯੋਗ ਦੀ ਸਥਾਪਨਾ ਕੀਤੀ ਗਈ ਹੈ|
ਇਹ ਆਯੋਗ ਮਹਿਲਾਵਾਂ ਨਾਲ ਸਬੰਧਤ ਕਾਨੂੰਨਾਂ ਵਿੱਚ ਸੁਧਾਰ ਅਤੇ ਕੁਸ਼ਲਤਾ ਲਿਆਉਣ ਲਈ ਆਪਣੀ ਰਿਪੋਰਟਾਂ ਸਰਕਾਰ ਨੂੰ ਪੇਸ਼ ਕਰਕੇ ਸਰਕਾਰ ਤੋਂ ਜਰੂਰੀ ਕਾਰਵਾਈ ਕਰਾਉਂਦਾ ਹੈ| ਇਹ ਆਯੋਗ ਸੱਤੀਪ੍ਰਥਾ ਦੇ ਨਿਵਾਰਣ, ਅਨੈਤਿਕ ਸੈਕਸ ਧੰਦਿਆ ਦੇ ਨਿਵਾਰਣ, ਦਹੇਜ ਪ੍ਰਥਾ ਦੇ ਖਾਤਮੇ ਅਤੇ ਯੌਨ ਉਤਪੀੜਨ ਤੇ ਅੰਕੁਸ਼ ਲਾਉਣ ਲਈ ਅਤੇ ਘਰੇਲੂ ਹਿੰਸਾ ਤੋਂ ਬਚਾਉਣ ਲਈ ਸਦਾ ਪ੍ਰਯਤਨਸ਼ੀਲ ਰਹਿੰਦਾ ਹੈ ਅਤੇ ਨਾਰੀ ਚੇਤਨਾ ਅਤੇ ਸਸ਼ਕਤੀਕਰਣ ਲਈ ਸਮੇਂ-ਸਮੇਂ ਤੇ ਆਪਣੇ ਸੁਝਾਵ ਸਰਕਾਰ ਨੂੰ ਦਿੰਦਾ ਹੈ ਅਤੇ ਬਣੇ ਹਿਤਕਾਰੀ ਕਾਨੂੰਨਾਂ ਤੇ ਅਮਲ ਕਰਾਉਣ ਦ ਜਿਮੇਵਾਰੀ ਵੀ ਨਿਭਾਉਦਾ ਹੈ|
ਸਰਕਾਰ ਵਲੋਂ ਪੇਂਡੂ ਮਹਿਲਾਵਾਂ ਦੇ ਸਸ਼ਕਤੀਕਰਣ ਲਈ ਸੰਨ 2017-18 ਵਿੱਚ ਦੇਸ ਭਰ ਵਿੱਚ ਮਹਿਲਾਵਾਂ ਦੇ ਕੌਸ਼ਲ ਵਿਕਾਸ, ਡਿਜੀਟਲ ਸਾਖਰਤਾ ਅਤੇ ਸਿਹਤ ਸਹੂਲਤਾ ਤੇ ਪੌਸਟਿਕ ਆਹਾਰ ਆਦਿ ਕਲਿਆਣਕਾਰੀ ਸੇਵਾਵਾਂ ਪ੍ਰਦਾਨ ਕਰਣ ਲਈ 14 ਲੱਖ ਮਹਿਲਾਂ ਸ਼ਕਤੀ ਕੇਂਦਰਾਂ ਦੀ ਸਥਾਪਨਾ ਕੀਤੀ ਗਈ ਹੈ| ਪ੍ਰਧਾਨ ਮੰਤਰੀ ਮੁਦਰਾ ਯੋਜਨਾ, ਸਟੈਂਡਅਪ ਇੰਡੀਆ, ਸਵੈ ਸਹਾਇਤਾ ਸਮੂਹ ਆਦਿ ਯੋਜਨਾਵਾਂ ਨਾਲ ਪੇਂਡੂ ਮਹਿਲਾਵਾਂ ਨੂੰ ਦੇਸ਼ ਦੀ ਮੁੱਖ ਧਾਰਾ ਵਿੱਚ ਲਿਆਉਣ ਲਈ ਅਤੇ ਦੇਸ਼ ਦੀ ਅਰੱਥਵਿਵਸੱਥਾ ਨਾਲ ਜੋੜਨ ਅਤੇ ਉਹਨਾਂ ਦੀ ਸਮਰਿਧੀ ਤੇ ਖੁਸ਼ਹਾਲੀ ਲਈ ਵੀ ਸਰਕਾਰ ਨਿਰੰਤਰ ਪ੍ਰਯਤਨ ਕਰ ਰਹੀ ਹੈ| ਸੁਕੰਨਿਆ ਸੁਮਿਧੀ ਯੋਜਨਾ ਅਧੀਨ ਬੇਟੀ ਬਚਾਓ-ਬੇਟੀ ਪੜਾਓ ਤੇ ਵਿਸ਼ੇਸ਼ ਤੌਰ ਤੇ ਅਮਲ ਕੀਤਾ ਜਾ ਰਿਹਾ ਹੈ| ਅਪ੍ਰੈਲ ਸੰਨ 2016 ਵਿੱਚ ਭਾਰਤ ਸਰਕਾਰ ਨੇ ਔਰਤਾਂ ਦੀ ਹਰ ਪ੍ਰਕਾਰ ਨਾਲ ਸਹਾਇਤਾ ਕਰਣ ਲਈ ਵਿਮੈਨ ਹੈਲਪਲਾਈਨ ਸੇਵਾ-181 ਅਰੰਭ ਕੀਤੀ ਹੈ| ਦੇਸ਼ ਭਰ ਵਿੱਚ ਮਹਿਲਾਵਾਂ 181 ਨੰਬਰ ਦੁਆਰਾ ਸਰਕਾਰੀ ਯੋਜਨਾਵਾਂ, ਸਹਾਇਤਾ ਅਤੇ ਸੁਰੱਖਿਆ ਬਾਰੇ ਵਿੱਸਤਾਰ ਨਾਲ ਜਾਣਕਾਰੀ ਪ੍ਰਾਪਤ ਕਰ ਸਕਦੀਆਂ ਹਨ| ਮਹਿਲਾ-ਈ-ਹਾਟ ਯੋਜਨਾ ਸੰਨ 2016 ਵਿੱਚ ਮਹਿਲਾਵਾਂ ਦੇ ਆਰਥਿਕ ਸਸ਼ਕਤੀਕਰਣ ਲਈ ਆਰੰਭੀ ਗਈ ਹੈ ਜਿਸ ਰਾਹੀਂ ਮਹਿਲਾ ਉਦਮੀਆਂ ਨੂੰ ਕਾਰੋਬਾਰ ਦੇ ਵਿਕਾਸ ਹਿੱਤ ਪੂਰੀ ਸਹਾਇਤਾ ਅਤੇ ਪਲੇਟਫਾਰਮ ਪ੍ਰਦਾਨ ਕੀਤਾ ਜਾਂਦਾ ਹੈ| ਜਨਣੀ ਸੁਰੱਖਿਆ ਲਈ ਰਾਸ਼ਟਰੀ ਮਾਤਰੀਤੱਵ ਯੋਜਨਾ ਅਰੰਭੀ ਗਈ ਹੈ, ਜਿਸ ਰਾਹੀਂ ਜੱਚਾ-ਬੱਚਾ ਲਈ ਸਿਹਤ ਸੁਵਿਧਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ|
ਸਰਕਾਰ ਵਲੋਂ ਆਰਥਿਕ ਖੇਤਰ ਵਿੱਚ ਪੇਂਡੂ ਮਹਿਲਾਵਾਂ ਦੀ ਭਾਗੀਦਾਰੀ ਵਧਾਉਣ ਲਈ ਲਘੂ ਉਦਯੋਗ ਅਤੇ ਸਵੈਰੁਜ਼ਗਾਰ ਦੀ ਸਥਾਪਨਾ ਲਈ ਯੋਗ ਵਿੱਤੀ ਸਹਾਇਤਾ ਦੇਣ ਲਈ ਕਈ ਪਰਿਯੋਜਨਾਵਾਂ ਤੇ ਸਹਿਕਾਰੀ ਸਮਿਤੀਆਂ ਸਥਾਪਿਤ ਕੀਤੀਆਂ ਗਈਆਂ ਹਨ| ਮਹਿਲਾ ਤੇ ਬਾਲ ਵਿਕਾਸ ਮੰਤਰਾਲਾ ਅਤੇ ਮਹਿਲਾ ਸਮਿਤੀਆਂ ਰਾਹੀਂ ਅਨੇਕਾਂ ਔਰਤਾਂ ਨੇ ਆਪਣੇ ਪਰਿਵਾਰ ਦੀ ਆਰਥਿਕ ਹਾਲਤ ਵਿੱਚ ਸੁਧਾਰ ਲਿਆਉਂਦਾ ਹੈ ਅਤੇ ਪੇਂਡੂ ਕਿਸਾਨ ਔਰਤਾਂ ਪ੍ਰਸੱਪਰ ਸਹਿਯੋਗ ਅਰਥਾਤ ਸਹਿਕਾਰੀ ਢੰਗ ਨਾਲ ਖੇਤੀ ਕਾਰਜਾਂ ਤੋਂ ਇਲਾਵਾ ਪਸ਼ੂ ਪਾਲਣ, ਕਸੀਦਾਕਾਰੀ ਗਲੀਚੇ, ਪਾਪੜ, ਆਚਾਰ, ਮੁਰੱਬੇ ਮੋਮਬਤੀਆਂ ਦਿਆ ਸਲਾਈ, ਨਗੀਨੇ, ਸਿਲਾਈ ਕਢਾਈ-ਬੁਨਾਈ, ਮੱਛੀ ਅਤੇ ਮਧੂਮੱਖੀ ਪਾਲਣ ਅਤੇ ਮੁਰਗੀਖਾਨੇ ਖੋਲਣ ਆਦਿ ਅਨੇਕਾਂ ਘਰੇਲੂ ਦਸਤਕਾਰੀ ਉਦਿਯੋਗਾਂ ਰਾਹੀਂ ਕੇਵਲ ਆਪਣੀ ਆਰਥਿਕ ਹਾਲਤ ਹੀ ਨਹੀਂ ਸੁਧਾਰ ਰਹੀਆ ਬਲਕਿ ਮਹਿਲਾ ਚੇਤਨਾ-ਜਾਗ੍ਰਿਤੀ ਨਾਲ ਅਤੇ ਹੋਏ ਸੁਧਾਰਾਂ ਕਰਕੇ ਪੇਂਡੂ ਮਹਿਲਾਵਾਂ ਪੰਚਾਇਤਾਂ, ਵਿਧਾਨ ਸਭਾਵਾਂ ਵਿਚ ਵੀ ਆਪਣਾ ਬਣਦਾ ਸਥਾਨ ਪ੍ਰਾਪਤ ਕਰ ਰਹੀਆਂ ਹਨ| ਮਹਿਲਾਵਾਂ ਨੂੰ ਜਿਸ-ਜਿਸ ਖੇਤਰ ਵਿੱਚ ਮੌਕੇ ਪ੍ਰਦਾਨ ਹੋ ਰਹੇ ਹਨ, ਉਹਨਾਂ ਸਭ ਥਾਵਾਂ ਤੇ ਇਹ ਨਿਵੇਕਲੇ ਪ੍ਰਸੰਸਾਯੋਗ ਕਾਰਜ ਕਰ ਰਹੀਆਂ ਹਨ| ਸਰਕਾਰ ਦੇ ਨਾਲ-ਨਾਲ ਸਮਾਜ ਤੇ ਪਰਿਵਾਰ ਵਲੋਂ ਪੇਂਡੂ ਮਹਿਲਾਵਾਂ ਦੇ ਸਸ਼ਕਤੀਕਰਣ ਲਈ ਘਰਾਂ ਦੀ ਚੌਖਟ ਅਤੇ ਦੇਸ਼ ਦੇ ਹਰ ਕੋਨੇ ਤੋਂ ਅੰਤਰਿਕਸ ਤਕ ਜਾਣ ਅਤੇ ਉਡਣ ਲਈ ਸੁਰੱਖਿਅਤ ਲਾਂਘਾ ਪ੍ਰਦਾਨ ਕੀਤਾ ਜਾਵੇ ਅਤੇ ਆਪਣੀ ਮਾਤਰੀਸ਼ਕਤੀ ਨੂੰ ਹੋਰ ਬਲ ਪ੍ਰਦਾਨ ਕੀਤਾ ਜਾਵੇ| ਆਪਣੀ ਮਲੀਨ ਮਾਨਸਿਕਤਾ ਤੇ ਸੋਚ ਵਿੱਚ ਤਬਦੀਲੀ ਲਿਆ ਕੇ ਦੇਸ਼ ਦੀ ਇਸ ਅੱਧੀ ਆਬਾਦੀ ਨੂੰ ਖੁਸ਼ਹਾਲ ਤੇ ਸਮਰਿੱਧ ਜੀਵਨ ਪ੍ਰਦਾਨ ਕਰਨ ਅਤੇ ਮਰਦਾਂ ਨਾਲ ਬਰਾਬਰੀ ਦਾ ਹੱਕ ਦੇ ਕੇ ਬੇਖੌਫ ਵਿਚਰਨ ਦਿਤਾ ਜਾਵੇ ਤਾਂ ਫਿਰ ਉਹਨਾਂ ਨੂੰ ਹਰ ਖੇਤਰ ਵਿੱਚ ਤਰੱਕੀ ਮਿਲੇਗੀ ਜਿਸ ਨਾਲ ਦੇਸ਼ ਦੀ ਸਮਰਿੱਧੀ ਤੇ ਖੁਸ਼ਹਾਲੀ ਹੋਵੇਗੀ ਅਤੇ ਹਰ ਪਰਿਵਾਰ ਵਿੱਚ ਸੁੱਖ-ਸ਼ਾਂਤੀ, ਪ੍ਰਸਪਰ ਪ੍ਰੇਮ ਭਰਿਆ ਮਾਹੌਲ ਪੈਦਾ ਹੋਵੇਗਾ| ਮਨੁੱਖੀ ਜੀਵਨ ਲਈ ਮਲੀਨ ਵਿਚਾਰ ਘਾਤਕ ਹਨ| ਜਿਥੇ ਪ੍ਰਸਪਰ ਪ੍ਰੇਮ ਦੇਸ਼ ਭਗਤੀ ਅਤੇ ਮਾਂ ਦਾ ਗੁਣਗਾਨ ਤੇ ਪਿਤਾ ਦਾ ਮਾਣ-ਸਨਮਾਨ ਹੈ ਉਹ ਦੇਸ਼ ਤੇ ਸਮਾਜ ਮਹਾਨ ਹੈ|
ਇੰਦਰਜੀਤ ਸਿੰਘ ਜੋਧਕਾ

Leave a Reply

Your email address will not be published. Required fields are marked *