ਸਮਾਜ ਦੇ ਸਾਰੇ ਵਰਗ ਪ੍ਰੇਸ਼ਾਨ: ਬਲਵਿੰਦਰ ਕੁੰਭੜਾ

ਐਸ.ਏ.ਐਸ. ਨਗਰ, 9 ਜਨਵਰੀ (ਸ.ਬ.) ਵਿਧਾਨ ਸਭਾ ਹਲਕਾ ਮੁਹਾਲੀ ਦੇ ਪਿੰਡ ਮੌਲ਼ੀ ਬੈਦਵਾਨ ਦੇ ਲੋਕ ਅਕਾਲੀ-ਭਾਜਪਾ ਗਠਜੋੜ ਸਰਕਾਰ ਤੋਂ ਬੇਹੱਦ ਦੁਖੀ ਹਨ| ਜਿਹੜੀ ਪਾਰਟੀ ਦੀ ਸਰਕਾਰ ਲਗਾਤਾਰ ਦਸ ਸਾਲ ਦੇ ਕਾਰਜਕਾਲ ਵਿੱਚ ਪਿੰਡਾਂ ਦੀ ਹਾਲਤ ਨਹੀਂ ਸੁਧਾਰ ਸਕੀ, ਉਸ ਤੋਂ ਭਵਿੱਖ ਵਿੱਚ ਵੀ ਕੋਈ ਉਮੀਦ ਨਹੀਂ ਕੀਤੀ ਜਾ ਸਕਦੀ| ਉਸ ਤੋਂ ਵੀ ਵੱਧ ਖ਼ਤਰਨਾਕ ਭੂਮਿਕਾ ਵਿਰੋਧੀ ਪਾਰਟੀ ਕਾਂਗਰਸ ਪਾਰਟੀ ਨੇ ਨਿਭਾਈ ਜਿਸ ਨੇ ਮੌਲ਼ੀ ਬੈਦਵਾਨ ਵਰਗੇ ਪਿੰਡਾਂ ਦੇ ਲੋਕਾਂ ਦੇ ਮਸਲੇ ਕਦੇ ਚੁੱਕੇ ਹੀ ਨਹੀਂ| ਇਸ ਲਈ ਹੁਣ ਅਕਾਲੀ ਅਤੇ ਕਾਂਗਰਸੀ ਉਮੀਦਵਾਰ ਦੋਵੇਂ ਹੀ ਵੋਟਾਂ ਦੇ ਹੱਕਦਾਰ ਨਹੀਂ ਹਨ|  ਇਹ ਗੱਲ ਡੈਮੋਕ੍ਰੇਟਿਕ ਸਵਰਾਜ ਪਾਰਟੀ (ਡੀਸੀਪੀ) ਦੇ ਹਲਕਾ ਮੁਹਾਲੀ ਤੋਂ ਉਮੀਦਵਾਰ ਸ੍ਰ. ਬਲਵਿੰਦਰ ਸਿੰਘ ਕੁੰਭੜਾ ਨੇ ਪਿੰਡ ਮੌਲੀ ਬੈਦਵਾਨ ਵਿਖੇ ਆਪਣਾ ਚੋਣ ਪ੍ਰਚਾਰ ਅਤੇ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਆਖੀ| ਉਨ੍ਹਾਂ ਦੱਸਿਆ ਕਿ ਪਿੰਡ ਮੌਲ਼ੀ ਬੈਦਵਾਨ ਵਿੱਚ ਨਦੀ ਕਿਨਾਰੇ ਵੱਸੇ ਵਾਲਮੀਕ ਮੁਹੱਲੇ ਦੇ ਲੋਕਾਂ ਦੇ ਘਰ ਪਾਣੀ ਦੀ ਖਾਰ ਕਾਰਨ ਡਿੱਗਣ ਦੀ ਕਗਾਰ ‘ਤੇ ਹਨ ਪ੍ਰੰਤੂ ਸਰਕਾਰ ਨੇ ਕਦੀ ਇਨ੍ਹਾਂ ਦੀ ਸਾਰ ਨਹੀਂ ਲਈ| ਇਸ ਪਿੰਡ ਵਿੱਚੋਂ ਲੰਘ ਰਿਹਾ ਗੰਦੇ ਪਾਣੀ ਦਾ ਨਾਲਾ ਖੁੱਲ੍ਹਾ ਹੋਣ ਕਾਰਨ ਹਰ             ਸਮੇਂ ਗੰਦੇ ਪਾਣੀ ਦੀ ਬਦਬੋ ਕਾਰਨ ਲੋਕੀਂ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜ਼ਬੂਰ ਹਨ|
ਪਿੰਡ ਦੇ ਕਿਸਾਨਾਂ ਬਾਰੇ ਗੱਲਬਾਤ ਕਰਦਿਆਂ ਸ੍ਰ. ਬਲਵਿੰਦਰ ਸਿੰਘ ਕੁੰਭੜਾ ਨੇ ਕਿਹਾ ਕਿ ਗਮਾਡਾ ਵੱਲੋਂ ਮੁਹਾਲੀ ਸ਼ਹਿਰ ਦਾ ਵਿਕਾਸ ਕਰਨ ਲਈ ਪਿੰਡ ਦੀ ਅਕੁਆਇਰ ਕੀਤੀ ਜ਼ਮੀਨ ਦੇ ਬਹੁਤ ਸਾਰੇ ਮਾਲਿਕ ਕਿਸਾਨ ਅਜਿਹੇ ਹਨ ਜਿਨ੍ਹਾਂ ਦੀਆਂ ਜ਼ਮੀਨਾਂ ਅਕੁਆਇਰ ਹੋਣ ਦੇ ਬਾਵਜੂਦ ਵੀ ਜ਼ਮੀਨਾਂ ਦੇ ਭੁਗਤਾਨ ਨਹੀਂ ਹੋ ਸਕੇ ਅਤੇ ਬਹੁਤ ਕਿਸਾਨ ਅਜੇ ਵੀ ਅਦਾਲਤਾਂ ਵਿੱਚ ਖੱਜਲ ਖੁਆਰ ਹੋ ਰਹੇ ਹਨ|
ਕੁੰਭੜਾ ਨੇ ਕਿਹਾ ਕਿ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਮੁਹਾਲੀ ਦਾ ਵਿਕਾਸ ਕਰਨ ਵਾਲੀ ਏਜੰਸੀ ਗਮਾਡਾ ਦੇ ਚੇਅਰਮੈਨ ਖ਼ੁਦ ਮੁੱਖ ਮੰਤਰੀ ਪੰਜਾਬ ਪਰਕਾਸ਼ ਸਿੰਘ ਬਾਦਲ ਹੋਣ ਦੇ ਬਾਵਜੂਦ ਵੀ ਪਿੰਡਾਂ ਦੇ ਹਾਲਾਤ ਬਦ ਤੋਂ ਬਦਤਰ ਹੋਏ ਹਨ| ਸਰਕਾਰ ਨੇ ਜੋ ਵੀ ਥੋੜ੍ਹੇ ਬਹੁਤ ਕੰਮ ਕੀਤੇ, ਤਾਂ ਉਹ ਸਿਰਫ਼ ਆਪਣੇ ਚਹੇਤਿਆਂ ਦੇ ਖੇਤਰਾਂ ਵਿਚ ਕੀਤੇ ਜਾਂ ਫਿਰ ਸਰਕਾਰੀ ਧੰਨ ਚਹੇਤਿਆਂ ਰਾਹੀਂ ਲੁੱਟਣ ਲਈ               ਕੀਤੇ| ਜੇਕਰ ਮੌਲ਼ੀ ਬੈਦਵਾਨ ਦੇ ਵਿਕਾਸ ਦੀ ਗੱਲ ਕਰੀਏ ਤਾਂ ਇਹ ਕਹਿਣ ਵਿੱਚ ਵੀ ਕੋਈ ਅਤਿਕਥਨੀ ਨਹੀਂ ਕਿ ਵਿਕਾਸ ਦੇ ਮਾਮਲੇ ਵਿੱਚ ਤਾਂ ਪਿੰਡ ਵਿੱਚ ‘ਕੌਡੀ ਦੇ ਕਲੀੜੇ ਬਣ ਗਏ’| ਉਨ੍ਹਾਂ ਕਿਹਾ ਕਿ ਪਿੰਡ ਮੌਲੀ ਬੈਦਵਾਨ ਦੇ ਕੀ ਦਲਿਤ ਤੇ ਕੀ ਕਿਸਾਨ ਲਗਭਗ ਸਾਰੇ ਹੀ ਪ੍ਰੇਸ਼ਾਨ ਹਨ ਅਤੇ ਅਕਾਲੀ-ਭਾਜਪਾ ਗਠਜੋੜ ਸਰਕਾਰ ਨੂੰ ਪਾਣੀ ਪੀ ਪੀ ਕੇ ਕੋਸ ਰਹੇ ਹਨ|
ਇਸ ਮੌਕੇ ਜਸਬੀਰ ਸਿੰਘ ਮੌਲ਼ੀ, ਮੰਨਾ ਮੌਲ਼ੀ, ਜਗਤਾਰ ਸਿੰਘ, ਜੱਗਾ ਮੌਲ਼ੀ, ਮਾਸਟਰ ਫ਼ਕੀਰ ਚੰਦ, ਅਮਰੀਕ ਸਿੰਘ, ਬਾਵਾ ਮੌਲ਼ੀ, ਹਰਮੀਤ ਸਿੰਘ, ਬਲਵਿੰਦਰ ਸਿੰਘ ਮਾਣਕਪੁਰ ਕੱਲਰ, ਬੰਤ ਸਿੰਘ, ਗੁਰਸੇਵਕ ਸਿੰਘ, ਮਾਸਟਰ ਗੁਰਚਰਨ ਸਿੰਘ, ਸੋਮਾ ਸਿੰਘ, ਬਲਿਹਾਰ ਸਿੰਘ, ਜਗਦੀਸ਼ ਸਿੰਘ, ਪ੍ਰੀਤਮ ਸਿੰਘ ਗਿੱਲ ਆਦਿ ਵੀ ਹਾਜ਼ਰ ਸਨ|

Leave a Reply

Your email address will not be published. Required fields are marked *