ਸਮਾਜ ਵਿਰੋਧੀ ਕਾਰਵਾਈ ਨੂੰ ਅੰਜਾਮ ਦੇ ਕੇ ਸ਼ਹਿਰ ਦਾ ਮਾਹੌਲ ਖਰਾਬ ਕਰਨ ਵਾਲੇ ਹੁੱਲੜਬਾਜਾਂ ਖਿਲਾਫ ਸਖਤੀ ਕਰੇ ਪੁਲੀਸ

ਸਾਡੇ ਸ਼ਹਿਰ ਨੂੰ ਪੰਜਾਬ ਦੇ ਇੱਕ ਵੀ ਵੀ ਆਈ ਪੀ ਸ਼ਹਿਰ ਦਾ ਦਰਜਾ ਹਾਸਿਲ ਹੈ ਅਤੇ ਪੁਲੀਸ ਫੋਰਸ ਵਲੋਂ ਸ਼ਹਿਰ ਦੀ ਕਾਨੂੰਨ ਵਿਵਸਥਾ ਦੀ ਹਾਲਤ ਕਾਬੂ ਹੇਠ ਹੋਣ ਦੇ ਲਗਾਤਾਰ ਦਾਅਵੇ ਕੀਤੇ ਜਾਂਦੇ ਹਨ ਪਰੰਤੂ ਇਹ ਵੀ ਅਸਲੀਅਤ ਹੈ ਕਿ ਪਿਛਲੇ ਸਮੇਂ ਦੌਰਾਨ ਸਾਡੇ ਸ਼ਹਿਰ ਵਿੱਚ ਗੁੰਡਾਗਰਦੀ ਦੀਆਂ ਘਟਨਾਵਾਂ ਵਿੱਚ ਕਾਫੀ ਵਾਧਾ ਦਰਜ ਕੀਤਾ ਗਿਆ ਹੈ| ਹਾਲਾਤ ਇਹ ਹਨ ਕਿ ਇਹ ਗੁੰਡਾ ਅਨਸਰ ਸ਼ਹਿਰ ਦੇ ਵੱਖ ਵੱਖ ਰਿਹਾਇਸ਼ੀ ਖੇਤਰਾਂ ਵਿੱਚ ਲੋਕਾਂ ਨਾਲ ਦੁਰਵਿਵਹਾਰ ਕਰਦੇ ਹਨ, ਕੁੜੀਆਂ ਤੇ ਅਸ਼ਲੀਲ ਫਿਕਰੇ ਕਸਦੇ ਹਨ ਅਤੇ ਜੇਕਰ ਕੋਈ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰੇ ਤਾਂ ਇਹ ਹੁੱਲੜਬਾਜਾ ਉਸ ਵਿਕਅਤੀ ਨੂੰ ਨਿਸ਼ਾਨਾ ਬਣਾ ਕੇ ਉਸਦੇ ਘਰ ਤੇ ਹਮਲਾ ਤਕ ਕਰ ਦਿੰਦੇ ਹਨ|
ਸ਼ਹਿਰ ਦੀ ਪੁਲੀਸ ਫੋਰਸ ਵਲੋਂ ਅਜਿਹੀਆਂ ਵਾਰਦਾਤਾਂ ਤੇ ਕਾਬੂ ਕਰਨ ਲਈ ਲੋੜੀਂਦੀ ਕਾਰਵਾਈ ਦੀ ਅਣਹੋਂਦ ਕਾਰਨ ਅਜਿਹੇ ਅਨਸਰਾਂ ਦਾ ਹੌਂਸਲਾ ਲਗਾਤਾਰ ਵੱਧ ਰਿਹਾ ਹੈ| ਸਾਡੇ ਸ਼ਹਿਰ ਵਿੱਚ ਮੌਜੂਦ ਅਜਿਹੀਆਂ ਕੁੜੀਆਂ ਦੀ ਗਿਣਤੀ ਕਾਫੀ ਜਿਆਦਾ ਹੈ ਜਿਹੜੀਆਂ ਆਪਣੀ ਪੜ੍ਹਾਈ ਜਾਂ ਨੌਕਰੀ ਦੇ ਸੰਬੰਧ ਵਿੱਚ ਆਪਣੇ ਮੂਲ ਸ਼ਹਿਰ ਅਤੇ ਪਰਿਵਾਰ ਤੋਂ ਦੂਰ ਸਾਡੇ ਸ਼ਹਿਰ ਵਿੱਚ ਇਕੱਲੀਆਂ ਰਹਿੰਦੀਆਂ ਹਨ| ਇਹ ਕੁੜੀਆਂ ਜਾਂ ਤਾਂ ਕਿਤੇ ਪੇਇੰਗ ਗੈਸਟ ਵਜੋਂ ਰਹਿੰਦੀਆਂ ਹਨ ਜਾਂ ਫਿਰ ਤਿੰਨ ਚਾਰ ਕੁੜੀਆਂ ਵਲੋਂ ਇਕੱਠੇ ਹੋ ਕੇ  ਕੋਈ ਮਕਾਨ ਕਿਰਾਏ ਤੇ ਲੈ ਕੇ ਉੱਥੇ ਆਪਣੀ ਰਿਹਾਇਸ਼ ਕਰ ਲਈ ਜਾਂਦੀ ਹੈ| ਇਹਨਾਂ ਕੁੜੀਆਂ ਤੇ ਅੱਗੇ ਟੌਹਰ ਮਾਰਨ ਅਤੇ ਆਪਣਾ ਰੌਹਬ ਜਮਾਉਣ ਲਈ ਵਿਹਲੜ ਕਿਸਮ ਦੇ ਇਹ ਨੌਜਵਾਨ (ਜਿਹਨਾਂ ਵਿੱਚ ਜਿਆਦਾਤਰ ਵੱਡੇ ਘਰਾਂ ਦੇ ਕਾਕੇ ਹੁੰਦੇ ਹਨ) ਗਲੀ ਮੁਹੱਲਿਆਂ ਵਿੱਚ ਗੇੜੀਆਂ ਕੱਢਦੇ ਹਨ ਅਤੇ ਇਹਨਾਂ ਵਲੋਂ ਆਮ ਲੋਕਾਂ ਨਾਲ ਦੁਰਵਿਵਹਾਰ ਦੀਆਂ ਕਾਰਵਾਈਆਂ ਆਮ ਹਨ|
ਇੱਥੇ ਹੀ ਬਸ ਨਹੀਂ ਬਲਕਿ ਸ਼ਹਿਰ ਵਿੱਚ ਅਜਿਹੇ ਹੁੱਲੜਬਾਜਾਂ ਵਲੋਂ ਸਮੇਂ ਸਮੇਂ ਤੇ ਆਮ ਲੋਕਾਂ ਨਾਲ ਝਗੜੇ ਕਰਨ ਅਤੇ ਲੋਕਾਂ ਦੇ ਘਰਾਂ ਦੇ ਬਾਹਰ ਖੜ੍ਹੇ ਵਾਹਨਾਂ ਦੀ ਭੰਨਤੋੜ ਕਰਨ ਦੇ ਮਾਮਲੇ ਵੀ ਸਾਮ੍ਹਣੇ ਆਉਂਦੇ ਰਹਿੰਦੇ ਹਨ| ਇਹ ਹੁੱਲੜਬਾਜ ਦੇਰ ਰਾਤ ਤਕ ਸ਼ਹਿਰ ਦੇ ਮੁਹੱਲਿਆਂ ਵਿੱਚ ਗੇੜੀਆਂ ਕੱਢਦੇ ਹਨ ਜਿਸ ਦੌਰਾਨ ਉਹਨਾਂ ਵਲੋਂ ਆਪਣੇ ਵਾਹਨ ਵਿੱਚ ਉੱਚੀ ਆਵਾਜ ਵਿੱਚ ਸਟੀਰਿਊ ਵੀ ਵਜਾਇਆ ਜਾਂਦਾ ਹੈ| ਮਹਿੰਗੀਆਂ ਕਾਰਾਂ ਜਾਂ ਖੁੱਲੀਆਂ ਜੀਪਾਂ ਵਿੱਚ ਬਿਨਾ ਵਜ੍ਹਾ ਸ਼ਹਿਰ ਦੀਆਂ ਗਲੀਆਂ ਮੁਹੱਲਿਆਂ ਵਿੱਚ ਗੇੜੀਆਂ ਕੱਢਣ ਵਾਲੇ ਇਹ ਨੌਜਵਾਨ ਕਿਸੇ ਦੀ ਵੀ ਪਰਵਾਹ ਨਹੀਂ ਕਰਦੇ ਅਤੇ ਕਈ ਵਾਰ ਇਹਨਾਂ ਨੂੰ ਅਸ਼ਲੀਲ ਇਸ਼ਾਰੇ ਕਰਦਿਆਂ ਵੀ ਵੇਖਿਆ ਜਾ ਸਕਦਾ ਹੈ|
ਇਸ ਦੌਰਾਨ ਜੇਕਰ ਕੋਈ ਵਿਅਕਤੀ ਇਹਨਾਂ ਸ਼ੋਹਦਿਆਂ ਦੀ ਇਸ ਕਾਰਵਾਈ ਦਾ ਵਿਰੋਧ ਕਰਦਾ ਹੈ ਤਾਂ ਇਹ ਵਿਅਕਤੀ ਉਸ ਨਾਲ ਕੁੱਟਮਾਰ ਤਕ ਕਰਨ ਤੇ ਉਤਾਰੂ ਹੋ ਜਾਂਦੇ ਹਨ| ਸ਼ਹਿਰ ਵਿੱਚ ਲਗਾਤਾਰ ਵੱਧਦੀਆਂ ਹੁੱਲੜਬਾਜੀ ਦੀਆਂ ਅਜਿਹੀਆਂ ਘਟਨਾਵਾਂ ਕਾਰਨ ਜਿੱਥੇ ਸ਼ਹਿਰਵਾਸੀਆਂ ਵਿੱਚ ਦਹਿਸ਼ਤ ਦਾ ਮਾਹੌਲ ਪਨਪਦਾ ਹੈ ਉੱਥੇ ਉਹਨਾਂ ਵਿੱਚ ਅਸੁਰਖਿਆ ਦੀ ਭਾਵਨਾ ਵਧਣ ਕਾਰਨ ਪ੍ਰਸ਼ਾਸ਼ਨ ਤੋਂ ਭਰੋਸਾ ਵੀ ਘੱਟਦਾ ਹੈ| ਸ਼ਹਿਰਵਾਸੀ ਆਮ ਗੱਲਬਾਤ ਵਿੱਚ ਇਹ ਇਲਜਾਮ ਵੀ ਲਗਾਉਂਦੇ ਹਨ ਕਿ ਕਿਉਂਕਿ ਇਹ ਅਨਸਰ ਅਮੀਰ ਅਤੇ ਉੱਚੀ ਪਹੁੰਚ ਵਾਲੇ ਪਰਿਵਾਰਾਂ ਨਾਲ ਸੰਬੰਧਿਤ ਹੁੰਦੇ ਹਨ ਇਸ ਲਈ ਪੁਲੀਸ ਵੀ ਅਜਿਹੇ ਵਿਅਕਤੀਆਂ ਤੇ ਹੱਥ ਪਾਉਣ ਤੋਂ ਝਿਝਕਦੀ ਹੈ|
ਇਹਨਾਂ ਨੌਜਵਾਨਾ ਦੇ ਵੱਖੋ ਵੱਖਰੇ ਗਰੁੱਪ ਬਣੇ ਹੋਏ ਹਨ ਜਿਹਨਾਂ ਵਲੋਂ ਟੋਲੇ ਬਣਾ ਕੇ ਸ਼ਹਿਰ ਦਾ ਮਾਹੌਲ ਖਰਾਬ ਕਰਨ ਦੀ ਕਾਰਵਾਈ ਨੂੰ ਅੰਜਾਮ ਦਿੱਤਾ ਜਾਂਦਾ ਹੈ| ਨੌਜਵਾਨਾਂ ਦੇ ਇਹਨਾਂ ਗਰੁੱਪਾਂ ਵਿੱਚ ਕਈ ਵਾਰ ਆਪਸੀ ਝਗੜੇ ਵੀ ਹੁੰਦੇ ਹਨ ਜਿਸ ਦੌਰਾਨ ਇਹਨਾਂ ਵਿੱਚ ਹਿੰਸਕ ਟਕਰਾਓ ਵੀ ਹੁੰਦਾ ਹੈ| ਅਜਿਹੇ ਹੀ ਦੋ ਵੱਖ ਵੱਖ ਗਰੁੱਪਾਂ ਵਲੋਂ ਕੁੱਝ ਸਮਾਂ ਪਹਿਲਾਂ ਸਥਾਨਕ ਫੇਜ਼ 8 ਵਿੱਚ ਬਸ ਅੱਡੇ ਦੇ ਨੇੜੇ ਇੱਕ ਖਾਲੀ ਮੈਦਾਨ ਵਿੱਚ ਆਪਸ ਵਿੱਚ ਹੋਏ ਟਕਰਾਓ ਦੌਰਾਨ ਇੱਕ ਦੂਜੇ ਤੇ ਗੋਲੀਆਂ ਚਲਾਉਣ ਦੀ ਘਟਨਾ ਨੂੰ ਵੀ ਅੰਜਾਮ ਦਿੱਤਾ ਜਾ ਚੁੱਕਿਆ ਹੈ|
ਆਪਣੀਆਂ ਕਰਤੂਤਾਂ ਨਾਲ ਸ਼ਹਿਰ ਦਾ ਮਾਹੌਲ ਖਰਾਬ ਕਰਨ ਵਾਲੇ ਅਜਿਹੇ ਅਨਸਰਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਅਤੇ ਇਹਨਾਂ ਹੁੱਲੜਬਾਜਾਂ ਨੂੰ ਕਾਨੂੰਨ ਦੀ ਤਾਕਤ ਦਾ ਅਹਿਸਾਸ ਕਰਵਾਇਆ ਜਾਣਾ ਚਾਹੀਦਾ ਹੈ| ਪੁਲੀਸ ਦੇ ਉੱਚ ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਉਹ ਇਸ ਪਾਸੇ ਧਿਆਨ ਦੇਣ ਅਤੇ ਲਗਾਤਾਰ ਵਾਪਰਦੇ ਅਪਰਾਧਾਂ ਤੇ ਕਾਬੂ ਕਰਨ ਲਈ ਯੌਜਨਾਬੱਧ ਢੰਗ ਨਾਲ ਕਾਰਵਾਈ ਨੂੰ ਯਕੀਨੀ ਬਣਾਉਣ ਤਾਂ ਜੋ ਸ਼ਹਿਰ ਵਾਸੀਆਂ ਦੇ ਦਿਲਾਂ ਵਿੱਚ ਵੱਧ ਰਹੀ ਅਸੁਰਖਿਆ ਦੀ ਭਾਵਨਾ ਘੱਟ ਹੋਵੇ ਅਤੇ ਉਹਨਾਂ ਦਾ ਪ੍ਰਸ਼ਾਸ਼ਨ ਵਿੱਚ ਭਰੋਸਾ ਬਹਾਲ ਰਹੇ|

Leave a Reply

Your email address will not be published. Required fields are marked *