ਸਮਾਜ ਸੇਵਾ ਲਈ ਨਿਗਮ ਚੋਣ ਲੜ ਰਹੀ ਹੈ ਹਰਸ਼ਪ੍ਰੀਤ ਕੌਰ ਭਮਰਾ


ਨਗਰ ਨਿਗਮ ਮੁਹਾਲੀ ਦੀਆਂ ਚੋਣਾਂ ਲਈ ਕੀਤੀ ਗਈ ਨਵੀਂ ਵਾਰਡਬੰਦੀ ਵਿੱਚ ਵਾਰਡ ਨੰਬਰ 21 ਮਹਿਲਾਵਾਂ ਲਈ ਰਾਖਵਾਂ ਰੱਖਿਆ ਗਿਆ ਹੈ| ਇਸ ਵਾਰਡ ਤੋਂ ਸਮਾਜ             ਸੇਵੀ ਸ੍ਰੀਮਤੀ ਹਰਸ਼ਪ੍ਰੀਤ ਕੌਰ ਰਿੰਮੀ ਭਮਰਾ ਕਾਂਗਰਸ ਪਾਰਟੀ ਦੇ ਉਮੀਦਵਾਰ ਵਜੋਂ ਨਗਰ ਨਿਗਮ ਦੀ ਚੋਣ ਲੜ ਰਹੇ ਹਨ| ਸ੍ਰੀਮਤੀ ਹਰਸ਼ਪ੍ਰੀਤ ਕੌਰ ਰਿੰਮੀ ਭਮਰਾ ਦੇ ਸਹੁਰਾ ਸਾਹਿਬ ਸ੍ਰ. ਗੁਰਚਰਨ ਸਿੰਘ ਭਮਰਾ ਸੀਨੀਅਰ ਕਾਂਗਰਸੀ ਆਗੂ ਅਤੇ ਪਾਰਟੀ ਦੀ ਜਿਲ੍ਹਾ ਇਕਾਈ ਦੇ ਸੀਨੀਅਰ ਮੀਤ ਪ੍ਰਧਾਨ ਹਨ ਅਤੇ ਕੈਬਿਨਟ ਮੰਤਰੀ ਸ੍ਰ. ਬਲਬੀਰ ਸਿੰਘ ਸਿੱਧੂ ਦੇ ਕਾਫੀ ਨਜਦੀਕੀ ਹਨ|   
ਸ੍ਰੀਮਤੀ ਹਰਸ਼ਪ੍ਰੀਤ ਕੌਰ ਰਿੰਮੀ ਭਮਰਾ ਸ਼ੁਰੂ ਤੋਂ ਮੁਹਾਲੀ ਦੇ ਹੀ ਵਸਨੀਕ ਹਨ ਅਤੇ ਉਚੇਰੀ ਸਿਖਿਆ ਪ੍ਰਾਪਤ ਕੀਤੀ ਹੈ| 2006 ਵਿੱਚ ਉਹਨਾਂ ਦਾ ਵਿਆਹ ਸ੍ਰੀ ਤੇਜਪਾਲ ਸਿੰਘ ਗੋਛੀ ਨਾਲ ਹੋਇਆ, ਅਤੇ ਵਿਆਹ ਤੋਂ ਬਾਅਦ ਆਪਣੇ ਸਹੁਰਾ ਸਾਹਿਬ ਸ੍ਰ. ਗੁਰਚਰਨ ਸਿੰਘ ਭਮਰਾ ਵਲੋਂ ਕੀਤੀ ਜਾਂਦੀ ਸਮਾਜ ਸੇਵਾ ਦੇ ਕੰਮ ਤੋਂ ਪ੍ਰੇਰਨਾ ਲੈ ਕੇ ਉਹ ਸਮਾਜ ਸੇਵਾ ਦੇ ਖੇਤਰ ਵਿੱਚ ਆ ਗਏ| 
ਸ੍ਰ. ਗੁਰਚਰਨ ਸਿੰਘ ਭਮਰਾ ਦੱਸਦੇ ਹਨ ਕਿ ਉਹ ਪਹਿਲਾਂ ਚੰਡੀਗੜ੍ਹ ਰਹਿੰਦੇ ਸਨ| ਉਹਨਾਂ ਦੇ ਪਿਤਾ ਸ੍ਰ. ਮਿਹਰ ਸਿੰਘ ਭਮਰਾ, ਜਿਹਨਾਂ ਦੇ ਸਾਬਕਾ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਨਾਲ ਪਰਿਵਾਰਕ ਸਬੰਧ ਸਨ,  ਨੇ ਸਾਲ 2009 ਵਿੱਚ ਸਿਹਤ ਮੰਤਰੀ ਸ੍ਰ. ਬਲਬੀਰ ਸਿੰਘ ਸਿੱਧੂ ਨਾਲ ਜੋੜਿਆ ਅਤੇ ਹੁਣ ਸ੍ਰ. ਸਿੱਧੂ ਨਾਲ ਉਹਨਾਂ ਦੇ ਪਰਿਵਾਰਕ ਸਬੰਧ ਬਣ ਗਏ ਹਨ| ਉਹਨਾਂ ਕਿਹਾ ਕਿ ਸਿਹਤ ਮੰਤਰੀ ਸ੍ਰ. ਸਿੱਧੂ ਨੇ ਸਾਡੇ ਪਰਿਵਾਰ ਦੀ ਇਮਾਨਦਾਰੀ, ਪਾਰਟੀ ਪ੍ਰਤੀ ਵਫਾਦਾਰੀ ਅਤੇ ਕੰਮ ਪ੍ਰਤੀ ਲਗਨ ਵੇਖਦਿਆਂ ਵਾਰਡ ਨੰਬਰ 21 (ਜੋ ਕਿ ਮਹਿਲਾਵਾਂ ਲਈ ਰਾਖਵਾਂ ਹੈ) ਤੋਂ ਉਹਨਾਂ ਦੀ ਨੂੰਹ ਹਰਸ਼ਪ੍ਰੀਤ ਕੌਰ ਭਮਰਾ ਨੂੰ ਟਿਕਟ ਦਿਤੀ ਹੈ| 
ਸੀ੍ਰਮਤੀ ਹਰਸ਼ਪ੍ਰੀਤ ਕੌਰ ਭਮਰਾ ਨੇ ਕਿਹਾ ਕਿ ਉਹਨਾਂ ਦੇ ਪਤੀ ਅਤੇ ਸਹੁਰਾ ਸਾਹਿਬ ਦਾ ਸਮਾਜ ਵਿਚ ਕਾਫੀ ਆਦਰ ਸਤਿਕਾਰ ਹੈ ਅਤੇ ਉਹਨਾਂ ਦੀ ਸੱਸ ਸ੍ਰੀਮਤੀ ਬਲਵੰਤ ਕੌਰ ਭਮਰਾ ਵੀ ਫੇਜ਼ 11 ਵਿੱਚ ਚੰਗਾ ਅਸਰ ਰਸੂਖ ਰਖਦੇ ਹਨ| ਉਹਨਾਂ ਦਾ ਪੂਰਾ ਪਰਿਵਾਰ ਸਮਾਜ ਸੇਵਾ ਵਿਚ ਸਰਗਰਮ ਹੈ| ਉਹ ਸਿਹਤ ਮੰਤਰੀ ਸ੍ਰ. ਬਲਬੀਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਆਪਣੇ ਵਾਰਡ ਦੀਆਂ ਸਮੱਸਿਆਵਾਂ ਹਲ ਕਰਵਾਉਂਦੇ ਰਹਿੰਦੇ ਹਨ ਅਤੇ ਉਹਨਾਂ ਨੂੰ ਪੂਰੇ ਵਾਰਡ ਦੇ ਵਸਨੀਕਾਂ ਦਾ ਸਮਰਥਨ ਮਿਲ ਰਿਹਾ ਹੈ| 
ਉਹਨਾਂ ਕਿਹਾ ਕਿ ਚੋਣ ਜਿੱਤਣ ਤੋਂ ਬਾਅਦ ਉਹ ਆਪਣੇ ਵਾਰਡ ਦਾ ਸਰਵਪੱਖੀ ਵਿਕਾਸ ਕਰਵਾਉਣਗੇ| ਉਹਨਾਂ ਕਿਹਾ ਕਿ ਉਹ ਚੋਣ ਜਿੱਤਣ ਤੋਂ ਬਾਅਦ ਆਪਣੇ ਵਾਰਡ ਦੀ ਹਰ ਬੈਲਟ ਵਿੱਚ ਤਿੰਨ ਤਿੰਨ ਵਿਅਕਤੀਆਂ ਦੀ ਕਮੇਟੀ ਬਣਵਾਉਣਗੇ, ਜੋ ਕਿ ਇਲਾਕੇ ਦੀਆਂ ਸਮੱਸਿਆਵਾਂ ਬਾਰੇ ਉਹਨਾਂ ਨਾਲ ਤਾਲਮੇਲ ਕਰੇਗੀ ਅਤੇ ਉਹ ਇਹ ਸਮੱਸਿਆਵਾ ਸਿਹਤ ਮੰਤਰੀ ਸ੍ਰ. ਸਿੱਧੂ ਦੇ ਧਿਆਨ ਵਿਚ ਲਿਆ ਕੇ ਹੱਲ ਕਰਵਾਉਣਗੇ| ਉਹਨਾਂ ਕਿਹਾ ਕਿ ਉਹਨਾਂ ਵਲੋ ਕਿਸੇ ਵੀ ਪਾਰਟੀ ਜਾਂ ਵਿਅਕਤੀ ਨਾਲ ਭੇਦਭਾਵ ਨਹੀਂ ਕੀਤਾ ਜਾਵੇਗਾ ਅਤੇ ਆਪਣੇ ਵਾਰਡ ਨੂੰ ਮਾਡਲ ਵਾਰਡ ਬਣਾਉਣ ਲਈ ਉਪਰਾਲੇ ਕਰਨਗੇ|

Leave a Reply

Your email address will not be published. Required fields are marked *