ਸਮਾਜ ਸੇਵੀ ਸੰਸਥਾਵਾਂ ਵਿੱਚ ਚੌਧਰ ਦਾ ਵੱਧਦਾ ਰੁਝਾਨ

ਵੱਡੀਆਂ ਰਾਜਸੀ ਪਾਰਟੀਆਂ ਵਾਂਗ ਹੀ ਸਮਾਜ ਭਲਾਈ ਦੇ ਕੰਮ ਕਰਨ ਵਾਲੀਆਂ ਜਿਆਦਾਤਰ ਸੰਸਥਾਵਾਂ ਵਿੱਚ ਅੱਜ ਕੱਲ ਚੌਧਰ ਦੀ ਲੜਾਈ ਸਿਖਰਾਂ ਉਪਰ ਪਹੁੰਚ ਗਈ ਹੈ| ਹਾਲ ਤਾਂ ਇਹ ਹੈ ਕਿ ਪਹਿਲਾਂ ਜਿਹੜੀ ਚੌਧਰ ਦੀ ਲੜਾਈ ਸਿਰਫ ਸਿਆਸੀ ਆਗੂਆਂ ਵਿੱਚ ਹੁੰਦੀ ਸੀ, ਹੁਣ ਉਹ ਲੜਾਈ ਵੱਖ ਵੱਖ ਸਮਾਜ ਭਲਾਈ ਤੇ ਹੋਰ ਸੰਸਥਾਵਾਂ ਵਿੱਚ ਵੀ ਹੋਣ ਲੱਗ ਪਈ ਹੈ| ਹਾਲ ਤਾਂ ਇਹ ਹੈ ਕਿ ਸਮਾਜ ਭਲਾਈ ਦੇ ਨਾਮ ਉਪਰ ਬਣੀਆਂ ਜਿਆਦਾਤਰ ਸੰਸਥਾਵਾਂ ਵਿੱਚ ਵੀ ਹੁਣ ਚੌਧਰ ਦੀ ਰਾਜਨੀਤੀ ਪੂਰੀ ਤਰ੍ਹਾਂ ਭਾਰੂ ਹੋ ਗਈ ਹੈ| ਇਹ ਇੱਕ ਸੱਚਾਈ ਹੈ ਕਿ ਹਰ ਮਨੁੱਖ ਹਊਮੈ ਦਾ ਭੁੱਖਾ ਹੁੰਦਾ ਹੈ ਅਤੇ ਜਦੋਂ ਕਿਸੇ ਪਾਰਟੀ ਜਾਂ ਸੰਸਥਾ ਵਿੱਚ ਉਸਦੀ ਹਊਮੈ ਸੰਤੁਸ਼ਟ ਨਈਂ ਹੁੰਦੀ ਤਾਂ ਫਿਰ ਉਹ ਜਾਂ ਤਾਂ ਆਪਣੀ ਵੱਖਰੀ ਪਾਰਟੀ ਜਾਂ ਫਿਰ ਨਵਾਂ ਧੜਾ ਹੀ ਬਣਾ ਲੈਂਦਾ ਹੈ|
ਸਿਆਸੀ ਪਾਰਟੀਆਂ ਦੇ ਆਗੂਆਂ ਵਿੱਚ ਇਹ ਧੜੇਬਾਜੀ ਆਮ ਦਿਖਦੀ ਹੈ ਅਤੇ ਲਗਭਗ ਹਰੇਕ ਪਾਰਟੀ ਵਿੱਚ ਅਜਿਹੇ ਦੋ ਧੜੇ ਜਰੂਰ ਦਿਖ ਜਾਂਦੇ ਹਨ ਜਿਹੜੇ ਇੱਕ ਦੂਜੇ ਨੂੰ ਨੀਵਾਂ ਵਿਖਾਉਣ ਦੀ ਕੋਸ਼ਿਸ਼ ਵਿੱਚ ਲੱਗੇ ਰਹਿੰਦੇ ਹਨ| ਪਰੰਤੂ ਸਿਆਸੀ ਪਾਰਟੀਆਂ ਦੇ ਆਗੂਆਂ ਵਿੱਚ ਇਹ ਖਾਸੀਅਤ ਹੁੰਦੀ ਹੈ ਕਿ ਇਹਨਾਂ ਦੇ ਵੱਖੋਂ ਵੱਖਰੇ ਧੜੇ ਪਾਰਟੀ ਹਾਈਕਮਾਨ ਪ੍ਰਤੀ ਵਫਾਦਾਰ ਹੁੰਦੇ ਹਨ ਅਤੇ ਇਹਨਾਂ ਦੀ ਇਹ ਲੜਾਈ ਸਥਾਨਕ ਪੱਧਰ ਤੇ ਆਪਣੀ ਚੌਧਰ ਵਧਾਉਣ ਵਾਸਤੇ ਹੀ ਚਲਦੀ ਹੁੰਦੀ ਸੀ| ਹਰੇਕ ਸਿਆਸੀ ਪਾਰਟੀ ਵਿੱਚ ਅਜਿਹੀ ਧੜੇਬਾਜੀ ਆਮ ਵੇਖੀ ਜਾਂਦੀ ਹੈ ਜਿੱਥੇ ਵੱਖ ਵੱਖ ਧੜਿਆਂ ਵਿੱਚ ਵੰਡੇ ਆਗੂ ਪਾਰਟੀ ਦੇ ਮੂਹਰਲੀ ਕਤਾਰ ਦੇ ਆਗੂਆਂ ਅੱਗੇ ਵਫਾਦਾਰ ਦਿਖਦੇ ਹਨ| ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੀ ਮੁੱਖ ਰਾਜਸੀ ਪਾਰਟੀ ਅਕਾਲੀ ਦਲ ਬਾਦਲ ਵਿੱਚ ਵੀ ਕਈ ਧੜੇ ਅਤੇ ਗਰੁੱਪ ਅਜੇ ਵੀ ਸਰਗਰਮ ਹਨ| ਕਈ ਸ਼ਹਿਰਾਂ ਵਿੱਚ ਅਜੇ ਵੀ ਬਾਦਲ ਦਲ ਦੇ ਦੋ ਦੋ ਧੜੇ ਹਨ ਅਤੇ ਇਹ ਦੋਵੇਂ ਧੜੇ ਹੀ ਸ੍ਰ. ਬਾਦਲ ਪ੍ਰਤੀ ਵਫਾਦਾਰ ਹਨ ਅਤੇ ਇਹਨਾਂ ਦਾ ਪੂਰਾ ਜੋਰ ਪਾਰਟੀ ਨੂੰ ਮਜਬੂਤ ਕਰਨ ਦੀ ਥਾਂ ਇਕ ਦੂਜੇ ਦੀਆਂ ਗੁਪਤ ਰਿਪੋਰਟਾਂ ਪਾਰਟੀ ਹਾਈਕਮਾਂਡ ਤਕ ਪਹੁੰਚਾਉਣ ਵਿੱਚ ਹੀ ਲੱਗਿਆ ਰਹਿੰਦਾ ਹੈ| ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਵੀ ਅਕਾਲੀ ਦਲ ਦੀ ਹੋਈ ਹਾਰ ਦਾ ਇੱਕ ਕਾਰਨ ਅੰਦਰੂਨੀ ਧੜੇਬੰਦੀ ਵੀ ਸੀ| ਇਹ ਹੀ ਹਾਲ ਬਾਕੀ ਰਾਜਸੀ ਪਾਰਟੀਆਂ ਦਾ ਹੈ ਅਤੇ ਹਰ ਪਾਰਟੀ ਅੰਦਰ ਹੀ ਕਈ ਕਈ ਧੜੇ ਹਨ ਅਤੇ ਇਹ ਧੜੇਬਾਜੀ ਹੁਣ ਗਲੀਆਂ ਵਿੱਚ ਵੀ ਪਹੁੰਚ ਗਈ ਹੈ|
ਸਾਡੇ ਦੇਸ਼ ਵਿੱਚ ਲੋਕਤਾਂਤਰਿਕ ਵਿਵਸਥਾ ਲਾਗੂ ਹੈ ਅਤੇ ਹਰ ਕਿਸੇ ਨੂੰ ਆਪਣੀ ਸੋ ਅਨੁਸਾਰ ਪਾਰਟੀ ਦੀ ਚੋਣ ਕਰਨ ਜਾਂ ਨਵੀਂ ਪਾਰਟੀ ਬਣਾਉਣ ਦਾ ਹੱਕ ਹਾਸਿਲ ਹੈ| ਇਸ ਤੋਂ ਇਲਾਵਾ ਆਮ ਲੋਕ ਵੀ ਕਿਸੇ ਵੀ ਤਰ੍ਹਾਂ ਦੀ ਜਥੇਬੰਦੀ ਜਾਂ ਸੰਸਥਾ ਬਣਾ ਸਕਦੇ ਹਨ| ਇਹੀ ਕਾਰਨ ਹੈ ਕਿ ਕਈ ਲੋਕਾਂ ਨੇ ਸਮਾਜ ਭਲਾਈ ਸੰਸਥਾਵਾਂ ਦੇ ਨਾਲ ਨਾਲ ਕਈ ਤਰਾਂ ਦੀਆਂ ਹੋਰ ਸੰਸਥਾਵਾਂ ਵੀ ਬਣਾਈਆਂ ਹੋਈਆਂ ਹਨ| ਇਹਨਾਂ ਸਾਰੀਆਂ ਸੰਸਥਾਵਾਂ ਨੂੰ ਰਜਿਸਟਰਡ ਕਰਵਾਉਣਾ ਜਰੂਰੀ ਹੁੰਦਾ ਹੈ ਪਰ ਵੱਡੀ ਗਿਣਤੀ ਸੰਸਥਾਵਾਂ ਬਿਨਾ ਰਜਿਸਟਰਡ ਹੋਏ ਹੀ ਆਪਣਾ ਕੰਮ ਚਲਾਉਂਦੀਆਂ ਰਹਿੰਦੀਆਂ ਹਨ| ਇਹਨਾਂ ਸੰਸਥਾਵਾਂ ਦੀ ਸਾਲ ਜਾਂ ਦੋ ਸਾਲ ਬਾਅਦ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਦੀ ਚੋਣ ਕਰਵਾਉਣੀ ਜਰੂਰੀ ਹੁੰਦੀ ਹੈ| ਅਕਸਰ ਹੀ ਇਹ ਵੇਖਣ ਵਿਚ ਆਉਂਦਾ ਹੈ ਕਿ ਜਿਹੜਾ ਵਿਅਕਤੀ ਇਕ ਵਾਰ ਕਿਸੇ ਸੰਸਥਾ ਦਾ ਪ੍ਰਧਾਨ ਬਣ ਗਿਆ ਉਹ ਫਿਰ ਸਾਰੀ ਉਮਰ ਹੀ ਉਸਦਾ ਪ੍ਰਧਾਨ ਬਣਨਾ ਚਾਹੁੰਦਾ ਹੈ| ਕਈ ਵਾਰ ਮੈਂਬਰਾਂ ਵਲੋਂ ਵੋਟਾਂ ਰਾਹੀਂ ਪ੍ਰਧਾਨ ਕੋਈ ਹੋਰ ਚੁਣਿਆ ਹੁੰਦਾ ਹੈ ਪਰ ਪ੍ਰਧਾਨ ਬਣਨ ਦਾ ਚਾਹਵਾਨ ਕੋਈ ਹੋਰ ਵਿਅਕਤੀ ਆਪਣਾ ਵੱਖਰਾ ਧੜਾ ਬਣਾ ਕੇ ਖੁਦ ਪ੍ਰਧਾਨ ਬਣ ਜਾਂਦਾ ਹੈ| ਕਈ ਪਿੰਡਾਂ ਵਿੱਚ ਤਾਂ ਅਜਿਹੇ ਵਿਅਕਤੀ ਵੀ ਹੁੰਦੇ ਹਨ ਜੋ ਕਿ ਕਦੇ ਪੰਚ ਦੀ ਚੋਣ ਵੀ ਨਹੀਂ ਜਿੱਤ ਸਕੇ ਹੁੰਦੇ ਪਰ ਉਹਨਾਂ ਨੇ ਆਪਣੀ ਨੇਤਾਗਰੀ ਕਰਨ ਲਈ ਕਈ ਸੰਸਥਾਵਾਂ ਖੁਦ ਹੀ ਬਣਾਈਆਂ ਹੁੰਦੀਆਂ ਹਨ| ਇਸ ਤਰ੍ਹਾਂ ਦਾ ਹਾਲ ਹਰ ਪਿੰਡ ਵਿਚ ਹੀ ਵੇਖਣ ਨੂੰ ਮਿਲਦਾ ਹੈ ਅਤੇ ਚੌਧਰ ਦੀ ਲੜਾਈ ਹੁਣ ਗਲੀਆਂ ਮੁਹਲਿਆਂ ਵਿਚ ਪਹੁੰਚ ਗਈ ਹੈ|
ਕਈ ਵਾਰ ਚੌਧਰ ਪਿੱਛੇ ਲੜਾਈਆਂ ਅਤੇ ਮਾਰ ਕੁਟਾਈ ਵੀ ਹੋ ਜਾਂਦੀ ਹੈ ਅਤੇ ਗੱਲ ਥਾਣੇ ਕਚਹਿਰੀਆਂ ਤਕ ਜਾ ਪਹੁੰਚਦੀ ਹੈ, ਇਸ ਸਭ ਵਿਚ ਸਮਾਜ ਸੇਵਾ ਪਿੱਛੇ ਹੀ ਰਹਿ ਜਾਂਦੀ ਹੈ| ਚਾਹੀਦਾ ਤਾਂ ਇਹ ਹੈ ਕਿ ਵੱਖ ਵੱਖ ਸੰਸਥਾਵਾਂ ਵਿਚ ਉਹੀ ਆਗੂ ਅੱਗੇ ਆਉਣ ਜੋ ਕਿ ਚੌਧਰ ਦੇ ਭੁੱਖੇ ਨਾ ਹੋਣ ਸਗੋਂ ਸਮਾਜ ਸੇਵਾ ਵਿਚ ਆਪਣਾ ਯੋਗਦਾਨ ਪਾਉਣ| ਵੱਖ ਵੱਖ ਧੜੇ ਬਣਾਉਣ ਦੀ ਥਾਂ ਏਕਾ ਕਰਕੇ ਹੀ ਹਰ ਸੰਸਥਾ ਆਪਣੀਆਂ ਸਮੱਸਿਆਵਾਂ ਅਤੇ ਮਸਲੇ ਹਲ ਕਰਵਾ ਸਕਦੀ ਹੈ| ਇਸ ਲਈ ਚੌਧਰ ਦੀ ਥਾਂ ਸਮਾਜ ਸੇਵਾ ਨੂੰ ਹੀ ਮੁੱਖ ਰੱਖਿਆ ਜਾਣਾ ਚਾਹੀਦਾ ਹੈ|

Leave a Reply

Your email address will not be published. Required fields are marked *