ਸਮਾਜ ਸੇਵੀ ਸੰਸਥਾ ਮਹਾਂਰਿਸ਼ੀ ਦਯਾਨੰਦ ਬਾਲ ਆਸ਼ਰਮ ਦੀ ਭੋਜਨ ਵੈਨ ਨੂੰ ਕੌਂਸਲਰ ਕੁਲਜੀਤ ਬੇਦੀ ਨੇ ਕੀਤਾ ਰਵਾਨਾ

ਸਮਾਜ ਸੇਵੀ ਸੰਸਥਾ ਮਹਾਂਰਿਸ਼ੀ ਦਯਾਨੰਦ ਬਾਲ ਆਸ਼ਰਮ ਦੀ ਭੋਜਨ ਵੈਨ ਨੂੰ ਕੌਂਸਲਰ ਕੁਲਜੀਤ ਬੇਦੀ ਨੇ ਕੀਤਾ ਰਵਾਨਾ
ਵਾਧੂ ਖਾਣੇ ਨੂੰ ਬਰਬਾਦ ਹੋਣ ਤੋਂ ਬਚਾਉਣ ਅਤੇ ਇਸ ਨੂੰ ਜ਼ਰੂਰਤਮੰਦ ਲੋਕਾਂ ਤੱਕ ਪਹੁੰਚਾਉਣ ਲਈ ਯੋਗ ਉਪਰਾਲੇ ਕੀਤੇ ਜਾਣ : ਬੇਦੀ
ਐਸ ਏ ਐਸ ਨਗਰ, 16 ਮਈ (ਸ.ਬ.) ਸਾਡੇ ਦੇਸ਼ ਵਿਚ ਬਹੁਤ ਲੋਕੀਂ ਅਤੇ ਪਰਿਵਾਰ ਇਸ ਤਰ੍ਹਾਂ ਦੇ ਹਨ ਜੋ ਇਕ ਸਮੇਂ ਦੀ ਰੋਟੀ ਦਾ ਇੰਤਜਾਮ ਵੀ ਨਹੀਂ ਕਰ ਸਕਦੇ| ਉਨ੍ਹਾਂ ਨੂੰ ਭੁੱਖੇ ਹੀ ਰਹਿਣਾ ਪੈਂਦਾ ਹੈ| ਪਰ ਇਹ ਵੀ ਸੱਚ ਹੈ ਕਿ ਦੇਸ਼ ਵਿੱਚ ਇਸ ਤਰ੍ਹਾਂ ਦੇ ਲੋਕ ਵੀ ਹਨ ਜੋ ਖਾਣਾ ਇੰਨੀ ਜ਼ਿਆਦਾ ਮਾਤਰਾ ਵਿੱਚ ਬਣਾ ਲੈਂਦੇ ਹਨ ਕਿ ਫਿਰ ਉਹ ਬਰਬਾਦ ਹੋ ਜਾਂਦਾ ਹੈ| ਇਸ ਲਈ ਜ਼ਰੂਰੀ ਹੈ ਕਿ ਇਸ ਵਾਧੂ ਖਾਣੇ ਨੂੰ ਬਰਬਾਦ ਹੋਣ ਤੋਂ ਬਚਾਉਣ ਅਤੇ ਇਸ ਨੂੰ ਜ਼ਰੂਰਤਮੰਦ ਲੋਕਾਂ ਤੱਕ ਪਹੁੰਚਾਉਣ ਲਈ ਯੋਗ ਉਪਰਾਲੇ ਕੀਤੇ ਜਾਣ| ਇਹ ਿਵਚਾਰ ਕੌਂਸਲਰ ਕੁਲਜੀਤ ਸਿੰਘ ਬੇਦੀ ਨੇ ਸਮਾਜ ਸੇਵੀ ਸੰਸਥਾ ਮਹਾਂਰਿਸ਼ੀ ਦਯਾਨੰਦ ਬਾਲ ਆਸ਼ਰਮ, ਫੇਜ਼ 3ਬੀ2 ਮੁਹਾਲੀ ਵੱਲੋਂ ਜ਼ਰੂਰਤਮੰਦਾਂ ਤੱਕ ਭੋਜਨ ਬਚਾਉਣ ਲਈ ਸ਼ੁਰੂ ਕੀਤੀ ਵੈਨ ਨੂੰ ਰਵਾਨਾ ਕਰਨ ਮੌਕੇ ਗੱਲਬਾਤ ਕਰਦਿਆਂ ਪ੍ਰਗਟ ਕੀਤੇ|
ਸ੍ਰ. ਬੇਦੀ ਨੇ ਦੱਸਿਆ ਕਿ ਉਕਤ ਸੰਸਥਾ ਵੱਲੋਂ ਖਾਣੇ ਦੀ ਬਰਬਾਦੀ ਨੂੰ ਰੋਕ ਕੇ ਇਸ ਨੂੰ ਭੁੱਖੇ ਸੌਣ ਵਾਲੇ ਪਰਿਵਾਰਾਂ ਤੱਕ ਪਹੁੰਚਾਉਣ ਦਾ ਉਪਰਾਲਾ ਕੀਤਾ ਗਿਆ ਹੈ| ਹੋਰ ਸੰਸਥਾਵਾਂ ਨੂੰ ਵੀ ਅਜਿਹੇ ਸਮਾਜ ਸੇਵਾ ਦੇ ਕਾਰਜਾਂ ਵਿੱਚ ਅੱਗੇ ਆਉਣਾ ਚਾਹੀਦਾ ਹੈ ਅਤੇ ਅਜਿਹੀਆਂ ਸੰਸਥਾਵਾਂ ਨੂੰ ਸਹਿਯੋਗ ਵੀ ਦੇਣਾ ਚਾਹੀਦਾ ਹੈ| ਉਨ੍ਹਾਂ ਮਹਾਂਰਿਸ਼ੀ ਦਯਾਨੰਦ ਬਾਲ ਆਸ਼ਰਮ ਫੇਜ਼ 3ਬੀ2 ਮੁਹਾਲੀ ਦੇ ਸੰਚਾਲਕ ਇੰਜੀਨੀਅਰ ਨੀਰਜ ਕੌੜਾ ਦੇ ਇਸ ਉਪਰਾਲੇ ਦੀ ਸ਼ਲਾਘਾ ਵੀ ਕੀਤੀ|
ਇਸ ਮੌਕੇ ਸੰਸਥਾ ਦੇ ਸੰਚਾਲਕ ਸ੍ਰੀ ਨੀਰਜ ਕੌੜਾ ਨੇ ਦੱਸਿਆ ਕਿ ਸੰਸਥਾ ਵੱਲੋਂ ਵੱਖ ਵੱਖ ਵਿਆਹ ਸ਼ਾਦੀਆਂ ਅਤੇ ਹੋਰ ਅਜਿਹੀਆਂ ਪਾਰਟੀ ਸਮਾਗਮਾਂ ਜਾਂ ਲੰਗਰਾਂ ਆਦਿ ਵਿੱਚ ਬਚਿਆ ਹੋਇਆ ਭੋਜਨ ਸਲੱਮ ਏਰੀਆ ਵਿੱਚ ਵੰਡਣ ਦਾ ਉਪਰਾਲਾ ਕੀਤਾ ਗਿਆ ਹੈ| ਉਨ੍ਹਾਂ ਹੋਟਲਾਂ, ਰੈਸਟੋਰੈਂਟਾਂ, ਵਿਆਹ ਸ਼ਾਦੀਆਂ ਜਾਂ ਹੋਰ ਅਜਿਹੀਆਂ ਪਾਰਟੀਆਂ ਕਰਨ ਵਾਲੇ ਲੋਕਾਂ ਨੂੰ ਅਪੀਲ ਕੀਤੀ ਕਿ ਬਚਿਆ ਹੋਇਆ ਭੋਜਨ ਦਾਨ ਕਰਨ ਲਈ ਜਾਂ ਹੋਰ ਜਿਹੜੇ ਵੀ ਲੋਕੀਂ ਭੋਜਨ ਦਾਨ ਕਰਨਾ ਚਾਹੁੰਦੇ ਹੋਣ, ਉਹ ਉਕਤ ਸੰਸਥਾ ਦੇ ਪ੍ਰਬੰਧਕਾਂ ਨਾਲ ਸੰਪਰਕ ਕਰ ਸਕਦੇ ਹਨ|

Leave a Reply

Your email address will not be published. Required fields are marked *