ਸਰਕਾਰਾਂ ਦੇ ਫੈਸਲੇ ਅਤੇ ਪ੍ਰੇਸ਼ਾਨ ਹੁੰਦੇ ਲੋਕ

ਕੇਂਦਰ ਅਤੇ ਵੱਖ ਵੱਖ ਰਾਜ ਸਰਕਾਰਾਂ ਵਲੋਂ ਸਮੇਂ ਸਮੇਂ ਤੇ ਮਨਮਰਜੀ ਨਾਲ ਅਜਿਹੇ ਕਈ ਫੈਸਲੇ ਲਏ ਜਾਂਦੇ ਹਨ, ਜਿਹਨਾਂ ਕਾਰਨ ਆਮ ਲੋਕ ਬਹੁਤ ਪ੍ਰੇਸ਼ਾਨ ਹੁੰਦੇ ਹਨ| ਅਜਿਹੇ ਫੈਸਲੇ ਸਾਨੂੰ ਮੁਹੰਮਦ ਬਿਨ ਤੁਗਲਕ ਦੇ ਰਾਜ ਦੀ ਯਾਦ ਦਿਵਾਉਂਦੇ ਹਨ ਜਿਸ ਵਲੋਂ ਇੱਕ ਵਾਰ ਤਾਂ ਦੇਸ਼ ਦੀ ਰਾਜਧਾਨੀ ਨੂੰ ਹੀ ਬਦਲ ਦਿੱਤਾ ਗਿਆ ਸੀ ਅਤੇ ਤੁਗਲਕਾਬਾਦ ਨੂੰ ਦਿੱਲੀ ਦੀ ਥਾਂ ਦੇਸ਼ ਦੀ ਰਾਜਧਾਨੀ ਬਣਾ ਦਿੱਤਾ ਸੀ| ਮੁਹੰਮਦ ਤੁਗਲਕ ਹੀ ਅਜਿਹਾ ਬਾਦਸ਼ਾਹ ਸੀ ਜਿਸ ਵਲੋਂ ਉਸ ਸਮੇਂ ਭਾਰਤ ਵਿੱਚ ਚਲਦੀ ਮੁਦਰਾ ਨੂੰ ਬੰਦ ਕਰਕੇ ਆਪਣੀ ਨਵੀਂ ਮੁਦਰਾ ਚਲਾ ਦਿੱਤੀ ਗਈ ਸੀ ਜਾਂ ਇਹ ਕਹਿ ਲਓ ਕਿ ਸਭ ਤੋਂ ਪਹਿਲਾਂ ਉਸ ਵਲੋਂ ਹੀ ਨੋਟਬੰਦੀ ਨੂੰ ਅੰਜਾਮ ਦਿੱਤਾ ਗਿਆ ਸੀ|
ਮੌਜੂਦਾ ਸਰਕਾਰ ਵਲੋਂ ਆਪਣੇ ਕਾਰਜਕਾਲ ਦੌਰਾਨ ਲਏ ਜਾਣ ਵਾਲੇ ਕੁੱਝ ਫੈਸਲੇ ਵੀ ਅਜਿਹੇ ਹੀ ਹਨ ਜਿਹੜੇ ਤੁਗਲਕੀ ਯੁੱਗ ਦੀ ਯਾਦ ਦਿਵਾਉਂਦੇ ਹਨ| ਡੇਢ ਸਾਲ ਪਹਿਲਾਂ ਜਦੋਂ ਪ੍ਰਧਾਨਮੰਤਰੀ ਮੋਦੀ ਵਲੋਂ ਅਚਾਨਕ ਫੈਸਲਾ ਲੈਂਦਿਆਂ ਦੇਸ਼ ਵਿੱਚ ਨੋਟਬੰਦੀ ਦਾ ਆਪਣਾ ਫੈਸਲਾ ਲਾਗੂ ਕੀਤਾ ਸੀ ਉਸ ਵੇਲੇ ਇੱਕ ਵਾਰ ਤਾਂ ਜਿਵੇਂ ਸਾਰੇ ਪਾਸੇ ਹੀ ਹਾਹਾਕਾਰ ਹੋ ਗਈ ਸੀ ਅਤੇ ਪੂਰਾ ਦੇਸ਼ ਕਈ ਮਹੀਨਿਆਂ ਤਕ ਬੈਂਕਾਂ ਅਤੇ ਏ ਟੀ ਐਮ ਕੇਂਦਰਾ ਦੇ ਅੱਗੇ ਲਾਈਨਾਂ ਵਿੱਚ ਹੀ ਲੱਗਿਆ ਦਿਖਣ ਲੱਗ ਗਿਆ ਸੀ| ਨੋਟਬੰਦੀ ਦੇ ਇਸ ਫੈਸਲੇ ਨੇ 150 ਤੋਂ ਵੱਧ ਵਿਅਕਤੀਆਂ ਦੀ ਬਲੀ ਲੈ ਲਈ ਸੀ ਜਿਹੜੇ ਬੈਂਕਾਂ ਦੀਆਂ ਲਾਈਨਾਂ ਵਿੱਚ ਲੱਗੇ ਲੱਗੇ ਜਾਂ ਫਿਰ ਨਕਦੀ ਦੀ ਕਿੱਲਤ ਕਾਰਨ ਪੇਸ਼ ਆਉਂਦੀਆਂ ਸਮੱਸਿਆਵਾਂ ਦੌਰਾਨ ਮੌਤ ਦਾ ਸ਼ਿਕਾਰ ਹੋ ਗਏ ਸਨ|
ਜੇ ਨੋਟਬੰਦੀ ਦੇ ਫਾਇਦੇ ਨੁਕਸਾਨ ਦੀ ਗੱਲ ਕੀਤੀ ਜਾਵੇ ਤਾਂ ਜਿਆਦਾਤਰ ਲੋਕ ਮੰਨਦੇ ਹਨ ਕਿ ਨੋਟਬੰਦੀ ਦਾ ਕੋਈ ਵੀ ਫਾਇਦਾ ਹੋਣ ਦੀ ਥਾਂ ਨੁਕਸਾਨ ਜਿਆਦਾ ਹੋਇਆ ਹੈ| ਨੋਟਬੰਦੀ ਦੇ ਇਸ ਫੈਸਲੇ ਕਾਰਨ ਜਿੱਥੇ ਵੱਡੀ ਗਿਣਤੀ ਲੋਕਾਂ ਨੂੰ ਆਪਣਾ ਰੁਜਗਾਰ ਗਵਾਉਣਾ ਪਿਆ ਹੈ ਉੱਥੇ ਕਿਹਾ ਜਾ ਰਿਹਾ ਹੈ ਕਿ ਇਸ ਫੈਸਲੇ ਕਾਰਨ ਭਾਰਤ ਕਰੀਬ 50 ਸਾਲ ਪਿੱਛੇ ਚਲਾ ਗਿਆ ਹੈ| ਭਾਰਤੀ ਲੋਕਾਂ ਨੂੰ ਅਜੇ ਵੀ ਨੋਟਬੰਦੀ ਦਾ ਸੇਕ ਪਹੁੰਚ ਰਿਹਾ ਹੈ ਅਤੇ ਕਾਲਾ ਧਨ ਪਹਿਲਾਂ ਨਾਲੋਂ ਕਿਤੇ ਵੱਧ ਗਿਆ ਹੈ| ਨੋਟਬੰਦੀ ਕਾਰਨ ਲੱਖਾਂ ਭਾਰਤੀਆਂ ਦਾ ਕਾਰੋਬਾਰ ਬਰਬਾਦ ਹੋ ਗਿਆ ਅਤੇ ਇਸ ਦੀ ਚਿੰਤਾ ਕਿਸੇ ਸਰਕਾਰ ਨੇ ਨਹੀਂ ਕੀਤੀ|
ਸਰਕਾਰ ਵਲੋਂ ਬੈਂਕਾਂ ਵਿੱਚ ਪੈਸੇ ਜਮ੍ਹਾਂ ਕਰਵਾਉਣ ਅਤੇ ਕਢਵਾਉਣ ਉਪਰ (ਮਹੀਨੇ ਵਿੱਚ ਤਿੰਨ ਵਾਰ ਤੋਂ ਵੱਧ ਅਜਿਹਾ ਕਰਨ) ਤੇ ਬੈਂਕਾਂ ਨੂੰ ਸਰਚਾਰਜ ਲਗਾਉਣ ਦੀ ਛੂਟ ਦਿੱਤੇ ਜਾਣ ਦਾ ਫੈਸਲਾ ਵੀ ਅਜਿਹਾ ਹੈ ਜਿਹੜਾ ਆਮ ਲੋਕਾਂ ਲਈ ਵੱਡੀ ਪ੍ਰੇਸ਼ਾਨੀ ਵਾਲਾ ਹੈ| ਇਸ ਕਾਰਨ ਲੋਕਾਂ ਨੇ ਬੈਂਕਾਂ ਵਿੱਚ ਪੈਸੇ ਜਮਾਂ ਕਰਵਾਉਣੇ ਘੱਟ ਕਰ ਦਿੱਤੇ ਹਨ| ਇਸ ਦੌਰਾਨ ਲੋਕਾਂ ਦੇ ਦਿਲ ਵਿੱਚ ਇਹ ਡਰ ਵੀ ਹਾਵੀ ਹੈ ਕਿ ਜੇਕਰ ਮੋਦੀ ਸਰਕਾਰ ਨੇ ਫਾਈਨੈਂਸ਼ਲ ਰਿਜਾਲਿਊਸ਼ਨ ਐਂਡ ਡਿਪਾਜਿਟ ਇੰਸ਼ੋਰਂੈਸ (ਐਫ ਆਰ ਡੀ ਆਈ) ਬਿਲ ਨੂੰ ਕਾਨੂੰਨ ਬਣਾ ਦਿੱਤਾ ਤਾਂ ਲੋਕਾਂ ਦਾ ਬੈਂਕਾਂ ਵਿੱਚ ਜਮਾਂ ਕੀਤਾ ਪੈਸਾ ਸੁਰਖਿਅਤ ਨਹੀਂ ਰਹੇਗਾ ਅਤੇ ਸਰਕਾਰ ਜਦੋਂ ਵੀ ਚਾਹੇਗੀ ਇਸ ਪੈਸੇ ਦੀ ਮਾਲਕ ਬਣ ਜਾਵੇਗੀ| ਇਹ ਬਿਲ ਭਾਵੇਂ ਅਜੇ ਕਾਨੂੰਨ ਬਣਨ ਦੇ ਰਸਤੇ ਵਿੱਚ ਹੀ ਹੈ ਪਰ ਲੋਕਾਂ ਨੇ ਇਸ ਕਾਨੂੰਨ ਤੋਂ ਡਰਦਿਆਂ ਆਪਣੀ ਜਮਾਂ ਪੂੰਜੀ ਬੈਂਕਾਂ ਵਿਚੋਂ ਕਢਵਾਉਣੀ ਸ਼ੁਰੂ ਕਰ ਦਿੱਤੀ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਇਸ ਕਾਰਨ ਹੀ ਭਾਰਤ ਦੇ ਕਈ ਸੂਬਿਆਂ ਵਿੱਚ ਬੈਂਕਾਂ ਅਤੇ ਏ ਟੀ ਐਮਾਂ ਵਿੱਚ ਨਕਦੀ ਦੀ ਕਮੀ ਆ ਗਈ ਹੈ|
ਪੰਜਾਬ ਸਰਕਾਰ ਵਲੋਂ ਸਾਡੇ ਸ਼ਹਿਰ ਦੇ ਮੁਹਾਲੀ ਦੇ ਪੁਰਾਣੇ ਬੱਸ ਅੱਡੇ ਨੂੰ ਬੰਦ ਕਰਨ ਦਾ ਫੈਸਲਾ ਵੀ ਅਜਿਹਾ ਹੀ ਹੈ| ਸਰਕਾਰ ਵਲੋਂ ਤਾਂ ਪੁਰਾਣੇ ਬਸ ਅੱਡੇ ਨੂੰ ਜਬਰੀ ਬੰਦ ਕਰਕੇ ਨਵੇਂ ਬਸ ਅੱਡੇ ਨੂੰ ਚਾਲੂ ਕਰ ਦਿੱਤਾ ਗਿਆ ਹੈ ਪਰੰਤੂ ਮੁਹਾਲੀ ਦੇ ਨਵੇਂ ਬੱਸ ਅੱਡੇ ਵਿੱਚ ਨਾ ਤਾਂ ਬੱਸਾਂ ਵਾਲੇ ਜਾ ਕੇ ਰਾਜੀ ਹਨ ਅਤੇ ਨਾ ਹੀ ਸਵਾਰੀਆਂ| ਪੁਰਾਣਾ ਬਸ ਅੱਡਾ ਬੰਦ ਕੀਤੇ ਜਾਣ ਕਾਰਨ ਆਮ ਲੋਕਾਂ ਲਈ ਨਵੀਂ ਸਮੱਸਿਆ ਜਰੂਰ ਖੜੀ ਹੋ ਗਈ ਹੈ| ਇਸ ਵੇਲੇ ਫੇਜ਼ 8 ਵਿੱਚ ਸਥਿਤ ਪੁਰਾਣੇ ਬੱਸ ਅੱਡੇ ਦੇ ਸਾਹਮਣੇ ਤੋਂ ਹੀ ਬੱਸਾਂ ਚਲ ਰਹੀਆਂ ਹਨ| ਅਜਿਹਾ ਹੀ ਰਾਜਪੁਰਾ ਵਿੱਚ ਵੀ ਹੋਇਆ ਹੈ| ਰਾਜਪੁਰਾ ਵਿੱਚ ਵੀ ਕਰੋੜਾਂ ਰੁਪਏ ਖਰਚ ਕੇ ਨਵਾਂ ਬੱਸ ਅੱਡਾ ਬਣਾਇਆ ਗਿਆ ਸੀ, ਜੋ ਕਿ ਕੁਝ ਦਿਨ ਹੀ ਚਲਿਆ ਤੇ ਫਿਰ ਪੁਰਾਣਾ ਅੱਡਾ ਹੀ ਚਾਲੂ ਕਰਨਾ ਪਿਆ|
ਚਾਹੀਦਾ ਤਾਂ ਇਹ ਹੈ ਕਿ ਕੇਂਦਰ ਅਤੇ ਵੱਖ ਵੱਖ ਰਾਜਾਂ ਦੀਆਂ ਸਰਕਾਰਾਂ ਆਪਣੇ ਪੁਰਾਣੇ ਫੈਸਲਿਆਂ ਕਾਰਨ ਲੋਕਾਂ ਨੂੰ ਆਈਆਂ ਮੁਸ਼ਕਿਲਾਂ ਤੋਂ ਸਬਕ ਸਿਖਣ ਅਤੇ ਅਜਿਹੇ ਫੈਸਲੇ ਨਾ ਲਏ ਜਾਣ ਜਿਹਨਾ ਕਾਰਨ ਆਮ ਜਨਤਾ ਨੂੰ ਪ੍ਰੇਸ਼ਾਨ ਹੋਣਾ ਪੈਂਦਾ ਹੈ| ਸਰਕਾਰ ਨੂੰ ਇਹ ਵੀ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਉਹ ਲੋਕਾਂ ਦੀ ਭਲਾਈ ਲਈ ਕੰਮ ਕਰਨ ਲਈ ਹੋਂਦ ਵਿੱਚ ਆਈ ਹੈ ਨਾ ਕਿ ਲੋਕਾਂ ਲਈ ਪਰੇਸ਼ਾਨੀਆਂ ਖੜ੍ਹੀਆਂ ਕਰਨ ਲਈ ਅਤੇ ਜਦੋਂ ਸਰਕਾਰ ਅਜਿਹੇ ਬੇਤੁਕੇ ਫੈਸਲੇ ਲੈ ਕੇ ਲੋਕਾਂ ਨੂੰ ਪਰੇਸ਼ਾਨ ਕਰਦੀਆਂ ਹਨ ਤਾਂ ਸਰਕਾਰ ਦੀ ਕਾਰਗੁਜਾਰੀ ਤੋਂ ਨਾਰਾਜ ਲੋਕ ਚੋਣਾਂ ਮੌਕੇ ਸਰਕਾਰ ਨੂੰ ਸਬਕ ਵੀ ਸਿਖਾ ਦਿੰਦੇ ਹਨ|

Leave a Reply

Your email address will not be published. Required fields are marked *