ਸਰਕਾਰੀ ਆਈ.ਟੀ.ਆਈ. ਦੇ ਮੁਲਾਜਮਾਂ ਵੱਲੋਂ ਜਿਲ੍ਹਾ ਖਜਾਨਾ ਦਫਤਰ ਵਿਰੁੱਧ ਰੋਸ ਮੁਜਾਹਰਾ


ਐਸ ਏ ਐਸ  ਨਗਰ, 16 ਅਕਤੂਬਰ  (ਸ.ਬ.) ਤਨਖਾਹ ਨਾ ਮਿਲਣ ਦੇ ਰੋਸ ਵੱਜੋਂ  ਸਰਕਾਰੀ ਆਈ.ਟੀ.ਆਈ (ਲੜਕੀਆਂ) ਮੁਹਾਲੀ ਦੇ ਸਮੂਹ ਮੁਲਾਜਮਾਂ ਵੱਲੋਂ ਸੰਸਥਾ ਦੇ ਗੇਟ ਅੱਗੇ ਜਿਲ੍ਹਾ ਖਜਾਨਾ ਦਫਤਰ ਦੇ ਵਿਰੁੱਧ ਇੱਕ ਸੰਕੇਤਕ ਰੋਸ ਧਰਨਾ ਦੇ ਕੇ ਜਿਲ੍ਹਾ ਪ੍ਰਸ਼ਾਸਨ ਵਿਰੁੱਧ ਨਾਰ੍ਹੇਬਾਜੀ ਕੀਤੀ ਗਈ|
ਇਸ ਮੌਕੇ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਸੀਨੀਅਰ ਸਹਾਇਕ ਸ਼੍ਰੀ ਗੁਰਬਚਨ ਸਿੰਘ ਨੇ ਕਿਹਾ ਕਿ ਸੰਸਥਾ ਵੱਲੋਂ ਵਿਭਾਗੀ ਅਧਿਕਾਰੀਆਂ ਦੀਆਂ ਹਦਾਇਤਾਂ ਤੇ ਵੱਖ-ਵੱਖ ਬੈਂਕਾਂ ਵਿੱਚ ਖੋਲੇ ਗਏ ਬੈਂਕ ਖਾਤਿਆਂ ਦੀ ਆੜ ਵਿੱਚ ਆਈ.ਟੀ.ਆਈ ਮੁਲਾਜਮਾਂ ਨੂੰ ਹਰ ਮਹੀਨੇ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ, ਜਿਸ ਕਾਰਨ ਉਹ ਕਈ-ਕਈ ਮਹੀਨੇ ਤਨਖਾਹ ਲਈ ਤਰਸਦੇ ਰਹਿੰਦੇ ਹਨ| 
ਉਨ੍ਹਾਂ ਦੱਸਿਆ ਕਿ ਸੰਸਥਾ ਦੇ ਸਮੂਹ ਮੁਲਾਜਮਾਂ ਦੀ ਸਤੰਬਰ ਮਹੀਨੇ ਦੀ ਤਨਖਾਹ ਹੁਣ ਤਕ ਜਾਰੀ ਨਹੀਂ ਕੀਤੀ ਗਈ ਜਦਕਿ ਤਿਉਹਾਰਾਂ ਦੇ ਸੀਜਨ ਅਤੇ ਮੁਲਾਜਮਾਂ ਵੱਲੋਂ ਆਪਣੀਆਂ ਪਰਿਵਾਰਕ ਜਰੂਰਤਾਂ ਦੀ ਪੂਰਤੀ ਲਈ ਵੱਖ-ਵੱਖ ਬੈਂਕਾ ਤੋਂ ਲਏ ਗਏ ਬੈਂਕ ਲੋਨ ਦੀਆਂ ਕਿਸ਼ਤਾਂ                 ਦੇਣ ਵਿੱਚ ਉਨ੍ਹਾਂ ਨੂੰ ਮਾਨਸਿਕ ਅਤੇ ਸਮਾਜਿਕ ਪੀੜਾ ਹੰਢਾਉਣ ਲਈ                 ਬੇਵਜ੍ਹਾ ਮਜਬੂਰ ਹੋਣਾ ਪੈ ਰਿਹਾ ਹੈ|
ਇਸ ਮੌਕੇ ਸੰਬੋਧਨ ਕਰਦਿਆਂ ਦਫਤਰੀ ਸੁਪਰਡੰਟ ਸ਼੍ਰੀ ਅਵਤਾਰ ਸਿੰਘ ਨੇ ਵਿਭਾਗ ਨੂੰ ਚੇਤਾਵਨੀ ਦਿੱਤੀ ਕਿ ਅਗਰ ਸਟਾਫ ਦੀਆਂ ਤਨਖਾਹਾਂ ਤੁਰੰਤ ਜਾਰੀ ਨਾ ਕੀਤੀਆਂ ਗਈਆਂ ਤਾਂ ਉਹ ਪ੍ਰਸ਼ਾਸਨ ਵਿਰੁੱਧ ਵੱਡਾ  ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ|

Leave a Reply

Your email address will not be published. Required fields are marked *