ਸਰਕਾਰੀ ਕਾਲਜ ਮੁਹਾਲੀ ਨੂੰ ਨਵੀਂ ਦਿਖ ਪ੍ਰਦਾਨ ਕੀਤੀ ਜਾਵੇਗੀ: ਸਿੱਧੂ

ਐਸ.ਏ.ਐਸ. ਨਗਰ, 13 ਅਪ੍ਰੈਲ (ਸ.ਬ.) ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਫੇਜ਼-6 ਸਥਿਤ ਵਿਦਿਅਕ ਸੰਸਥਾ ਸਰਕਾਰੀ ਕਾਲਜ ਨੂੰ ਨਵੀਂ ਦਿਖ ਪ੍ਰਦਾਨ ਕਰ ਕੇ ਇਸ ਕਾਲਜ ਵਿੱਚ ਬਿਹਤਰ ਸਿੱਖਿਆ ਬੁਨਿਆਦੀ ਢਾਂਚਾ ਵਿਕਸਤ ਕੀਤਾ ਜਾਵੇਗਾ| ਇਸ ਗੱਲ ਦੀ ਜਾਣਕਾਰੀ ਸਥਾਨਕ ਵਿਧਾਇਕ ਸ੍ਰ. ਬਲਬੀਰ ਸਿੰਘ ਸਿੱਧੂ ਨੇ ਸਰਕਾਰੀ ਕਾਲਜ ਵਿਖੇ ਨਵੇਂ ਕਮਰਿਆਂ ਦੀ ਉਸਾਰੀ ਲਈ 15 ਲੱਖ ਰੁਪਏ ਦੀ ਗਰਾਂਟ ਦਾ ਚੈਕ ਕਾਲਜ ਦੀ ਪ੍ਰਿੰਸੀਪਲ ਸ੍ਰੀਮਤੀ ਕੋਮਲ ਬਰੋਕਾ ਨੂੰ ਸੌਂਪਣ ਉਪਰੰਤ ਪੱਤਰਕਾਰਾਂ ਨਾਲ ਗ਼ੈਰ-ਰਸਮੀ ਗੱਲਬਾਤ ਕਰਦਿਆਂ ਦਿੱਤੀ|
ਸ੍ਰੀ ਸਿੱਧੂ ਨੇ ਇਸ ਮੌਕੇ ਦੱਸਿਆ ਕਿ ਸਰਕਾਰੀ ਕਾਲਜ ਐਸ.ਏ.ਐਸ. ਨਗਰ ਹਲਕੇ ਦਾ ਇੱਕੋ ਇੱਕ ਕਾਲਜ ਹੈ, ਜਿੱਥੇ ਐਸ.ਏ.ਐਸ. ਨਗਰ ਦੇ ਨਾਲ-ਨਾਲ ਹੋਰਨਾਂ ਬਹੁਤ ਸਾਰੇ ਪਿੰਡਾਂ ਦੇ ਨੌਜਵਾਨ ਲੜਕੇ ਲੜਕੀਆਂ ਉਚੇਰੀ ਪੜ੍ਹਾਈ ਲਈ ਆਉਂਦੇ ਹਨ| ਉਨ੍ਹਾਂ ਦੱਸਿਆ ਕਿ ਇਸ ਕਾਲਜ ਦੀ ਮਾਨਤਾ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਲੈਣ ਲਈ ਉਪਰਾਲੇ ਕੀਤੇ ਜਾਣਗੇ ਅਤੇ ਇਸ ਕਾਲਜ ਵਿੱਚ ਵਿੱਦਿਆ ਦਾ ਮਿਆਰੀ ਹੋਣਾ ਯਕੀਨੀ ਬਣਾਇਆ ਜਾਵੇਗਾ ਤੇ ਇਸ ਕਾਲਜ ਨੂੰ ਚੰਡੀਗੜ੍ਹ ਦੇ ਕਾਲਜਾਂ ਦੇ ਪੈਟਰਨ ਤੇ ਲਿਜਾਇਆ ਜਾਵੇਗਾ| ਉਨ੍ਹਾਂ ਹੋਰ ਕਿਹਾ ਕਿ ਇਸ ਕਾਲਜ ਦੇ ਕੰਮਾਂ ਲਈ ਫੰਡਾਂ ਦੀ ਕਿਸੇ ਕਿਸਮ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ| ਉਨ੍ਹਾਂ ਦੱਸਿਆ ਕਿ ਕਾਲਜ ਨੂੰ 5 ਲੱਖ ਰੁਪਏ ਦੀ ਗਰਾਂਟ ਹੋਰ ਦਿੱਤੀ ਜਾਵੇਗੀ|
ਪੱਤਰਕਾਰਾਂ ਵੱਲੋਂ ਮੁਹਾਲੀ ਵਿਖੇ ਮੈਡੀਕਲ ਕਾਲਜ ਬਣਨ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਵਿਰੋਧੀ ਇਸ ਸਬੰਧੀ ਪਹਿਲਾਂ ਗੁਮਰਾਹਕੁੰਨ ਪ੍ਰਚਾਰ ਕਰ ਰਹੇ ਸਨ ਪਰੰਤੂ ਹੁਣ ਸੱਚਾਈ ਸਾਹਮਣੇ ਆ ਗਈ ਹੈ| ਉਨ੍ਹਾਂ ਦੱਸਿਆ ਕਿ ਮੈਡੀਕਲ ਕਾਲਜ ਲਈ ਥਾਂ ਦਾ ਪ੍ਰਬੰਧ ਕਰ ਲਿਆ ਗਿਆ ਹੈ| ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਹਲਕੇ ਵਿੱਚ ਪੈਂਦੇ ਪਿੰਡ ਸਨੇਟਾ ਵਿਖੇ ਲੜਕੀਆਂ ਲਈ ਹੁਨਰ ਵਿਕਾਸ ਕੇਂਦਰ ਖੋਲ੍ਹਿਆ ਜਾਵੇਗਾ, ਜਿਸ ਲਈ ਪੰਜ ਏਕੜ ਜ਼ਮੀਨ ਦੇਣ ਸਬੰਧੀ ਪੰਚਾਇਤ ਨੇ ਸਹਿਮਤੀ ਦੇ ਦਿੱਤੀ ਹੈ|
ਸ੍ਰੀ ਸਿੱਧੂ ਨੇ ਕਿਹਾ ਕਿ ਵਿਰੋਧੀਆਂ ਵੱਲੋਂ ਨਗਰ ਨਿਗਮ ਦੇ ਵਿਕਾਸ ਮਤੇ ਰੋਕਣ ਸਬੰਧੀ ਉਨ੍ਹਾਂ ‘ਤੇ ਲਾਏ ਜਾ ਰਹੇ ਦੋਸ਼ ਬੇਬੁਨਿਆਦ ਹਨ ਜਦਕਿ ਉਹ ਹਲਕੇ ਦੇ ਵਿਕਾਸ ਲਈ ਪੂਰੀ ਤਰ੍ਹਾਂ ਵਚਨਬੱਧ ਹਨ| ਵਿਕਾਸ ਕਾਰਜਾਂ ਵਿੱਚ ਕਿਸੇ ਨੂੰ ਵੀ ਅੜਿੱਕਾ ਨਹੀਂ ਬਣਨ ਦਿੱਤਾ ਜਾਵੇਗਾ| ਇਸ ਤੋਂ ਪਹਿਲਾਂ ਕਾਲਜ ਦੀ ਪ੍ਰਿੰਸੀਪਲ ਕੋਮਲ ਬਰੋਕਾ ਨੇ ਸ੍ਰ. ਸਿੱਧੂ ਤੋਂ ਮੰਗ ਕੀਤੀ ਕਿ ਇਸ ਕਾਲਜ ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨਾਲ ਜੋੜਿਆ ਜਾਵੇ| ਉਨ੍ਹਾਂ ਨੇ ਕਾਲਜ ਨੂੰ ਗਰਾਂਟ ਦੇਣ ਬਦਲੇ ਸ੍ਰ. ਸਿੱਧੂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ| ਇਸ ਮੌਕੇ ਸ. ਸਿੱਧੂ ਦੇ ਸਿਆਸੀ ਸਲਾਹਕਾਰ ਸ੍ਰੀ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਕੌਂਸਲਰ ਸ. ਨਰਾਇਣ ਸਿੰਘ ਸਿੱਧੂ, ਸਾਬਕਾ ਪ੍ਰਿੰਸੀਪਲ ਮਹਿੰਦਰ ਸਿੰਘ ਢਿੱਲੋਂ ਸਮੇਤ ਕਾਲਜ ਦਾ ਹੋਰ ਸਟਾਫ਼ ਵੀ ਮੌਜੂਦ ਸੀ|

Leave a Reply

Your email address will not be published. Required fields are marked *