ਸਰਕਾਰੀ ਕਾਲਜ ਮੁਹਾਲੀ ਵਿੱਚ ਲੱਗੀ ਜਲ੍ਹਿਆਂਵਾਲਾ ਬਾਗ ਸ਼ਤਾਬਦੀ ਯਾਦਗਾਰੀ ਪ੍ਰਦਰਸ਼ਨੀ

ਐਸ.ਏ.ਐਸ. ਨਗਰ, 12 ਅਕਤੂਬਰ (ਸ.ਬ.) ਪੰਜਾਬ ਸਰਕਾਰ ਅਤੇ ‘ਪਾਰਟੀਸ਼ਨ ਮਿਊਜ਼ੀਅਮ ਅੰਮ੍ਰਿਤਸਰ’ ਵਿਚਾਲੇ ਹੋਏ ਸਮਝੌਤੇ ਤਹਿਤ ਅੱਜ ਇੱਥੇ ਸਰਕਾਰੀ ਕਾਲਜ ਫ਼ੇਜ਼-6 ਵਿੱਚ ਜਲ੍ਹਿਆਂਵਾਲਾ ਬਾਗ ਸ਼ਤਾਬਦੀ ਯਾਦਗਾਰੀ ਪ੍ਰਦਰਸ਼ਨੀ ਲਾਈ ਗਈ|
ਇਹ ਮਲਟੀਮੀਡੀਆ ਪ੍ਰਦਰਸ਼ਨੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸੈਰ ਸਪਾਟਾ ਤੇ ਤਕਨੀਕੀ ਸਿੱਖਿਆ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਦੇ ਸਰਗਰਮ ਸਹਿਯੋਗ ਨਾਲ ਕਰਵਾਈ ਜਾ ਰਹੀ ਹੈ ਜਿਸਦਾ ਉਦਘਾਟਨ ਅੱਜ ਮੁਹਾਲੀ ਦੇ ਐਸ.ਡੀ.ਐਮ. ਸ੍ਰੀ ਜਗਦੀਪ ਸਹਿਗਲ ਨੇ ਸਰਕਾਰੀ ਕਾਲਜ ਮੁਹਾਲੀ ਦੀ ਪ੍ਰਿੰਸੀਪਲ ਸ੍ਰੀਮਤੀ ਕੋਮਲ ਬਰੋਕਾ ਤੇ ਹੋਰਾਂ ਦੀ ਮੌਜੂਦਗੀ ਵਿੱਚ ਕੀਤਾ| ਉਹਨਾਂ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਇਸ ਸਾਕੇ ਬਾਰੇ ਜਾਣੂੰ ਕਰਵਾਉਣ ਦਾ ਇਹ ਨਿਵੇਕਲਾ ਤਰੀਕਾ ਹੈ|
ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ 20 ਅਕਤੂਬਰ ਤੱਕ ਚੱਲਣ ਵਾਲੀ ਇਸ ਪ੍ਰਦਰਸ਼ਨੀ ਵਿੱਚ ਦਾਖ਼ਲਾ ਮੁਫ਼ਤ ਹੋਵੇਗਾ| ਉਹਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਇਹ ਪ੍ਰਦਰਸ਼ਨੀ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਬਠਿੰਡਾ ਤੇ ਪਟਿਆਲਾ ਵਿੱਚ ਲੱਗ ਚੁੱਕੀ ਹੈ ਅਤੇ ਮੁਹਾਲੀ ਵਿੱਚ ਇਹ ਪ੍ਰਦਰਸ਼ਨੀ ਦਾ ਅੰਤਮ ਪੜਾਅ ਹੈ| 
‘ਦਿ ਆਰਟਸ ਐਂਡ ਕਲਚਰਲ ਹੈਰੀਟੇਜ ਟਰੱਸਟ, ਨਵੀਂ ਦਿੱਲੀ’ ਦੀ ਅਪਰੇਸ਼ਨਜ਼ ਮੈਨੇਜਰ ਪਰੀ ਬੈਸਿਆ ਨੇ ਦੱਸਿਆ ਕਿ ਇਹ ਪ੍ਰਦਰਸ਼ਨੀ ਜਲ੍ਹਿਆਂਵਾਲਾ ਬਾਗ ਸਾਕੇ ਦੇ ਇਤਿਹਾਸ ਉਤੇ ਕੇਂਦਰਤ ਹੈ| ਪਾਰਟੀਸ਼ਨ ਮਿਊਜ਼ੀਅਮ ਦੀ ਖੋਜ ਦੌਰਾਨ ਇਸ ਸਾਕੇ ਨਾਲ ਸਬੰਧਤ ਕਈ ਨਵੇਂ ਤੱਥ ਮਿਲੇ, ਜੋ ਉਸ ਸਮੇਂ ਦੇ ਅਖ਼ਬਾਰਾਂ, ਰਿਪੋਰਟਾਂ ਤੇ ਤਸਵੀਰਾਂ ਉਤੇ ਆਧਾਰਤ ਹਨ| ਉਨ੍ਹਾਂ ਕਿਹਾ ਕਿ ਇਸ ਪ੍ਰਦਰਸ਼ਨੀ ਦੌਰਾਨ ਜਲ੍ਹਿਆਂਵਾਲਾ ਬਾਗ ਸਾਕੇ ਦੇ ਇਤਿਹਾਸਕ ਬਿਰਤਾਂਤ ਨੂੰ ਵਿਆਪਕ ਪਰਿਪੇਖ ਵਿੱਚ ਦੇਖਣ ਦੇ ਨਾਲ ਨਾਲ ਇਸ ਦੇ ਬਾਅਦ ਵਿੱਚ ਲੋਕਾਂ ਦੀ ਜ਼ਿੰਦਗੀ ਉਤੇ ਪਏ ਪ੍ਰਭਾਵਾਂ ਨੂੰ ਵੀ ਦਰਸਾਇਆ ਗਿਆ ਹੈ| ਇਹ ਪ੍ਰਦਰਸ਼ਨੀ ਇਹ ਵੀ ਦਰਸਾਉਂਦੀ ਹੈ ਕਿ ਜਲ੍ਹਿਆਂਵਾਲਾ ਬਾਗ ਸਾਕਾ ਬਸਤੀਵਾਦੀ ਦਮਨ ਦੇ ਵਡੇਰੇ ਸਿਸਟਮ ਦਾ ਇਕ ਹਿੱਸਾ ਸੀ|

Leave a Reply

Your email address will not be published. Required fields are marked *