ਸਰਕਾਰੀ ਕਾਲਜ ਵੱਲੋਂ ਅੰਤਰ ਰਾਸ਼ਟਰੀ ਵੈਬੀਨਾਰ ਦਾ ਆਯੋਜਨ


ਐਸ ਏ ਐਸ ਨਗਰ, 13 ਨਵੰਬਰ (ਸ.ਬ.) ਸ਼ਹੀਦ ਮੇਜਰ ਹਰਮਿੰਦਰਪਾਲ ਸਿੰਘ (ਸ਼ੌਰਿਆ ਚੱਕਰ) ਸਰਕਾਰੀ ਕਾਲਜ ਦੇ ਪੋਸਟ ਗ੍ਰੈਜੁਏਟ ਪੰਜਾਬੀ ਵਿਭਾਗ ਵੱਲੋਂ ਪੰਜਾਬੀ ਸਪਤਾਹ-2020 ਮੌਕੇ ’21ਵੀਂ ਸਦੀ ਵਿੱਚ ਪੰਜਾਬੀ ਭਾਸ਼ਾ ਅਤੇ ਸਭਿਆਚਾਰ ਦਾ ਕੌਮਾਂਤਰੀ ਪ੍ਰਸੰਗ’ ਵਿਸ਼ੇ ਉਪਰ ਅੰਤਰ ਰਾਸ਼ਟਰੀ ਵੈਬੀਨਾਰ ਕਰਵਾਇਆ ਗਿਆ| ਵੈਬੀਨਾਰ ਦਾ ਉਦਘਾਟਨੀ ਭਾਸ਼ਣ ਪਦਮ ਸ਼੍ਰੀ ਡਾ. ਸੁਰਜੀਤ ਪਾਤਰ ਅਤੇ ਪ੍ਰਧਾਨਗੀ ਭਾਸ਼ਣ ਔਕਸਫੋਰਡ ਬਰੁਕਸ ਯੂਨੀਵਰਸਿਟੀ, ਔਕਸਫੋਰਡ ਦੇ ਪ੍ਰੋਫੈਸਰ ਇਮਰੇਟਸ ਡਾ. ਪ੍ਰੀਤਮ ਸਿੰਘ ਨੇ ਦਿੱਤਾ| ਕਾਲਜ ਦੇ ਪ੍ਰਿੰਸੀਪਲ ਡਾ. ਚਿੰਰਜੀਵ ਕੌਰ ਨੇ  ਕਿਹਾ ਕਿ ਪੰਜਾਬੀ ਭਾਸ਼ਾ ਅਤੇ ਸਭਿਆਚਾਰ ਪੂਰੀ ਦੁਨੀਆਂ ਵਿੱਚ ਮਕਬੂਲ ਹੈ ਅਤੇ ਮਾਂ-ਬੋਲੀ ਨੂੰ ਸਤਿਕਾਰ ਦੇਣਾ ਸਾਡਾ ਫਰਜ਼ ਹੈ| 
ਇਸ ਮੌਕੇ ਆਪਣੇ ਉਦਘਾਟਨੀ ਭਾਸ਼ਣ ਦੌਰਾਨ ਸੁਰਜੀਤ ਪਾਤਰ ਨੇ ਕਿਹਾ ਕਿ ਪੰਜਾਬੀ ਦੀ ਤਰਜੀਹ ਤੇ ਹੋਰ ਭਾਸ਼ਾਵਾਂ ਨੂੰ ਮਾਨਤਾ ਦੇਣਾ ਗਲਤ ਹੈ| ਪੰਜਾਬੀ ਮਾਂ-ਬੋਲੀ ਦੇ ਵਿਕਾਸ ਲਈ ਸਰਕਾਰ ਦੀ ਨੀਤੀ ਸਪਸ਼ਟ ਹੋਣੀ ਚਾਹੀਦੀ ਹੈ| ਡਾ. ਜੋਗਾ ਸਿੰਘ ਨੇ ਆਪਣੇ ਕੁੰਜੀਵਤ ਭਾਸ਼ਣ ਵਿੱਚ ਪੰਜਾਬੀ ਭਾਸ਼ਾ ਦੀਆਂ ਬਰੀਕੀਆਂ ਬਾਰੇ ਚਾਨਣਾ ਪਾਇਆ| ਉਹਨਾਂ ਕਿਹਾ ਕਿ ਮਾਂ ਬੋਲੀ ਨਾਲ ਜੁੜ ਕੇ ਹੀ ਹਰ ਮੁਕਾਮ ਹਾਸਿਲ ਕੀਤਾ ਜਾ ਸਕਦਾ ਹੈ|               ਅੰਗਰੇਜੀ ਭਾਸ਼ਾ ਪ੍ਰਤੀ ਇਹ ਭਰਮ ਦੂਰ ਕਰਨ ਦੀ ਲੋੜ ਹੈ ਕਿ ਇਹ ਸਾਡੀ ਆਰਥਿਕਤਾ ਨੂੰ ਸੁਧਾਰ ਸਕਦੀ ਹੈ| ਜਪਾਨ ਦੇ ਸ਼ਹਿਰ ਉਸਾਕਾ ਵਿੱਚ ਵਸਦੇ ਸ਼੍ਰੋਮਣੀ ਸਾਹਿਤਕਾਰ ਪਰਮਿੰਦਰ ਸੋਢੀ ਨੇ  ਵਿਸ਼ੇਸ਼ ਭਾਸ਼ਣ ਵਿੱਚ ਆਸ ਜਤਾਈ ਕਿ ਪੰਜਾਬੀ ਸਭਿਆਚਾਰ ਵਿਸ਼ਵ ਦੇ ਕਈ ਦੇਸ਼ਾਂ ਵਿੱਚ ਵਧ ਫੁੱਲ ਰਿਹਾ ਹੈ| 
ਔਕਸਫੋਰਡ ਬਰੁਕਸ ਯੂਨੀਵਰਸਿਟੀ, ਯੂ.ਕੇ. ਦੇ ਪ੍ਰੋਫੈਸਰ ਇਮਰੇਟਸ ਡਾ. ਪ੍ਰੀਤਮ ਸਿੰਘ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਕਿਹਾ ਕਿ ਜੇਕਰ ਪੰਜਾਬੀ ਭਾਸ਼ਾ ਦਾ ਪੱਧਰ ਕੁਝ ਪੱਖਾਂ ਤੋਂ ਥੱਲੇ ਜਾ ਰਿਹਾ ਹੈ ਤਾਂ ਵਿਸ਼ਵ ਵਿੱਚ ਪੰਜਾਬੀ ਭਾਸ਼ਾ ਬੁਲੰਦੀਆਂ ਵੱਲ ਵੀ ਜਾ ਰਹੀ ਹੈ| ਉਹਨਾਂ ਨੇ ਪੰਜਾਬੀ ਭਾਸ਼ਾ ਬਾਰੇ ਆਪਣੀ ਖੋਜ ਅਤੇ ਅੰਕੜਿਆਂ ਦੇ ਆਧਾਰ ਉਪਰ ਪੰਜਾਬੀ ਦੇ ਵਿਸ਼ਵ ਵਿੱਚ ਪਾਸਾਰ ਬਾਰੇ ਵਡਮੁੱਲੀ ਜਾਣਕਾਰੀ ਦਿੰਦਿਆਂ ਕਿਹਾ ਕਿ ਪੰਜਾਬ ਵਿੱਚ ਪੰਜਾਬੀ ਦਾ ਸੰਕਟ ਸਿੱਖਿਆ ਦੇ ਨਿੱਜੀਕਰਨ ਅਤੇ ਪ੍ਰਾਈਵੇਟ ਸੰਸਥਾਵਾਂ ਦੀ ਬਹੁਤਾਤ ਕਾਰਨ ਵਧ ਰਿਹਾ ਹੈ| ਵੈਬੀਨਾਰ ਦੇ ਪ੍ਰਬੰਧਕੀ ਸਕੱਤਰ ਡਾ. ਅਮਨਦੀਪ ਕੋਰ ਨੇ ਇਸ ਮੌਕੇ ਕਿਹਾ ਕਿ ਭਾਸ਼ਾ ਦਾ ਮੁੱਦਾ ਬਹੁਤ ਅਹਿਮ, ਗੰਭੀਰ ਅਤੇ ਮਹੀਨ ਮਸਲਾ ਹੈ| ਉਹਨਾਂ ਕਿਹਾ ਕਿ ਬਹੁਭਾਸ਼ੀ ਹੋਣਾ ਇਕ ਕਲਾ ਹੈ ਪਰ ਸਖਸ਼ੀਅਤ ਦੇ ਨਿਖਾਰ ਅਤੇ ਬੌਧਿਕਤਾ ਦੇ ਵਿਕਾਸ ਲਈ ਮਾਂ-ਬੋਲੀ ਦਾ ਕੋਈ ਬਦਲ ਨਹੀਂ ਹੈ| 
ਕਾਲਜ ਦੇ ਵਾਈਸ ਪ੍ਰਿੰਸੀਪਲ ਪ੍ਰੋ. ਹਰਜੀਤ ਗੁਜਰਾਲ ਨੇ ਦੱਸਿਆ ਕਿ ਇਸ ਕੌਮਾਂਤਰੀ ਵੈਬੀਨਾਰ ਵਿੱਚ 550 ਦੇ ਕਰੀਬ ਡੈਲੀਗੇਟ ਸ਼ਾਮਿਲ ਹੋਏ| ਪੰਜਾਬੀ ਵਿਭਾਗ ਦੇ ਮੁਖੀ ਪ੍ਰੋ. ਘਣਸ਼ਾਮ ਸਿੰਘ ਭੁੱਲਰ ਨੇ ਕਿਹਾ ਕਿ ਮਾਂ-ਬੋਲੀ ਸਾਡੀਆਂ ਜੜ੍ਹਾਂ ਪਰਪੱਕ ਕਰਦੀ ਹੈ| ਉਹਨਾਂ ਕਿਹਾ ਕਿ ਪੰਜਾਬੀ ਭਾਸਾ ਨੂੰ ਕੌਮਾਂਤਰੀ ਪੱਧਰ ਉਪਰ ਪ੍ਰਫੁਲਿਤ ਕਰਨ ਦੇ ਨਾਲ ਨਾਲ ਇਸ ਨੂੰ ਤਕਨਾਲੌਜੀ ਦੇ ਹਾਣ ਦਾ ਬਣਾਉਣਾ ਅਤਿਅੰਤ ਜ਼ਰੂਰੀ ਹੈ| ਇਸ ਅੰਤਰਰਾਸ਼ਟਰੀ ਵੈਬੀਨਾਰ ਲਈ ਤਕਨੀਕੀ ਸਹਿਯੋਗ ਮਾਤਾ ਗੁਜਰੀ ਕਾਲਜ, ਫਤਹਿਗੜ੍ਹ ਸਾਹਿਬ ਵੱਲੋਂ ਦਿਤਾ ਗਿਆ| 

Leave a Reply

Your email address will not be published. Required fields are marked *