ਸਰਕਾਰੀ ਛੁੱਟੀਆਂ ਦੀ ਗਿਣਤੀ ਵਿੱਚ ਕਟੌਤੀ ਕਰਨ ਦੀ ਲੋੜ

ਪੰਜਾਬ ਸਰਕਾਰ ਦੇ ਅਦਾਰਿਆਂ ਵਿੱਚ ਪੰਜ ਦਿਨਾਂ ਦਾ ਹਫਤਾ ਲਾਗੂ ਹੈ ਅਤੇ ਸਰਕਾਰੀ ਦਫਤਰ ਹਫਤੇ ਵਿੱਚ ਸਿਰਫ ਪੰਜ ਦਿਨ ਹੀ ਕੰਮ ਕਰਦੇ ਹਨ| ਹਾਲਾਂਕਿ ਸਰਕਾਰੀ ਸਕੂਲ ਭਾਵੇਂ ਸ਼ਨੀਵਾਰ ਨੂੰ ਵੀ ਖੁਲਦੇ ਹਨ ਪਰ ਵੱਡੀ ਗਿਣਤੀ ਸਕੂਲਾਂ ਵਿੱਚ ਸ਼ਨੀਵਾਰ ਦਾ ਦਿਨ ਵੱਖ ਵੱਖ ਸਰਗਰਮੀਆਂ ਲਈ ਹੀ ਰੱਖਿਆ ਜਾਂਦਾ ਹੈ ਅਤੇ ਇਸ ਦਿਨ ਬੱਚਿਆਂ ਦੀ ਪ੍ਰਤਿਭਾ ਨੂੰ ਉਭਾਰਨ ਲਈ ਉਹਨਾਂ ਤੋਂ ਕਵਿਤਾਵਾਂ, ਗੀਤ ਆਦਿ ਸੁਣੇ ਜਾਂਦੇ ਹਨ ਜਾਂ ਫਿਰ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਨਿਖਾਰਨ ਲਈ ਹੋਰ ਸਰਗਰਮੀਆਂ ਕਰਵਾਈਆਂ ਜਾਂਦੀਆਂ ਹਨ| ਆਮ ਤੌਰ ਤੇ ਸਰਕਾਰੀ ਸਕੂਲਾਂ ਵਿੱਚ ਸ਼ਨੀਵਾਰ ਵਾਲੇ ਦਿਨ ਛੁੱਟੀ ਵਾਲਾ ਮਾਹੌਲ ਹੀ ਹੁੰਦਾ ਹੈ ਅਤੇ ਸ਼ਨੀਵਾਰ ਵਾਲੇ ਦਿਨ ਵੱਡੀ ਗਿਣਤੀ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਵਰਦੀ ਤੋਂ ਵੀ ਛੋਟ ਹੁੰਦੀ ਹੈ ਅਤੇ ਵਿਦਿਆਰਥੀ ਰੰਗ ਬਿਰੰਗੇ ਕਪੜੇ ਪਾ ਕੇ ਹੀ ਸਕੂਲ ਆਉਂਦੇ ਹਨ ਅਤੇ ਸ਼ਨੀਵਾਰ ਨੂੰ ਸਕੂਲਾਂ ਵਿੱਚ ਅੱਧੀ ਛੁੱਟੀ ਪੂਰੀ ਹੁੰਦੀ ਹੈ|
ਸਰਕਾਰੀ ਵਿਭਾਗਾਂ ਵਿੱਚ ਪੰਜ ਦਿਨਾਂ ਦਾ ਹਫਤਾ ਹੋਣ ਦੇ ਬਾਵਜੂਦ ਸਾਡੇ ਇਹ ਸਰਕਾਰੀ ਦਫਤਰ ਹੋਰ ਵੀ ਕਈ ਦਿਨ ਬੰਦ ਰਹਿੰਦੇ ਹਨ| ਅਕਸਰ ਕਿਸੇ ਨਾ ਕਿਸੇ ਵੱਡੇ ਸਿਆਸੀ ਨੇਤਾ ਦੀ ਮੌਤ ਹੋਣ ਤੇ ਸਰਕਾਰੀ ਛੁੱਟੀ ਕਰ ਦਿੱਤੀ ਜਾਂਦੀ ਹੈ| ਇਸਦੇ ਨਾਲ ਹੀ ਅਕਸਰ ਹੀ ਅਨੇਕਾਂ ਧਾਰਮਿਕ ਸਮਾਗਮਾਂ ਦੇ ਕਾਰਨ ਵੀ ਸਰਕਾਰੀ ਛੁੱਟੀ ਐਲਾਨ ਦਿੱਤੀ ਜਾਂਦੀ ਹੈ|
ਲੋਕਾਂ ਦੀ ਇਹ ਆਮ ਸ਼ਿਕਾਇਤ ਹੈ ਕਿ ਸਰਕਾਰੀ ਦਫਤਰਾਂ ਦੇ ਮੁਲਾਜਮ ਤਾਂ ਪਹਿਲਾਂ ਹੀ ਲੋਕਾਂ ਦਾ ਕੋਈ ਕੰਮ ਕਰਨ ਨੂੰ ਰਾਜੀ ਨਹੀਂ ਹੁੰਦੇ| ਲੋਕ ਸ਼ਿਕਾਇਤ ਕਰਦੇ ਹਨ ਕਿ ਪੰਜਾਬ ਦੇ ਦੂਰ ਦੁਰਾਡੇ ਖੇਤਰਾਂ ਤੋਂ ਲੰਬੀ ਦੂਰੀ ਦਾ ਸਫਰ ਕਰਕੇ ਜਦੋਂ ਆਮ ਲੋਕ ਕਿਸੇ ਸਰਕਾਰੀ ਅਦਾਰੇ ਦੇ ਚੰਡੀਗੜ੍ਹ ਜਾਂ ਮੁਹਾਲੀ ਵਿੱਚ ਮੌਜੂਦ ਮੁੱਖ ਦਫਤਰ ਵਿੱਚ ਆਪਣੇ ਕੰਮ ਧੰਦੇ ਲਈ ਪਹੁੰਚਦੇ ਹਨ ਤਾਂ ਇਹਨਾਂ ਦਫਤਰਾਂ ਦੇ ਕਰਮਚਾਰੀ ਪਹਿਲਾਂ ਤਾਂ ਉਹਨਾਂ ਨੂੰ ਦੁਪਹਿਰ ਬਾਅਦ ਕੰਮ ਕਰਨ ਦੀ ਗੱਲ ਕਹਿ ਕੇ ਟਾਲ ਦਿੰਦੇ ਹਨ ਅਤੇ ਫਿਰ ਦੁਪਹਿਰ ਹੋਣ ਤੋਂ ਪਹਿਲਾਂ ਹੀ ਦਫਤਰਾਂ ਵਿਚੋਂ ਗਾਇਬ ਹੋ ਜਾਂਦੇ ਹਨ|
ਲੋਕਾਂ ਦੀ ਇਹ ਵੀ ਸ਼ਿਕਾਇਤ ਹੈ ਕਿ ਜੇ ਕਿਸੇ ਸਰਕਾਰੀ ਕਰਮਚਾਰੀ ਨੂੰ ਉਸਦੀ ਡਿਊਟੀ ਦੇ ਸਮੇਂ ਤੋਂ ਦਸ ਮਿੰਟ ਵੀ ਵੱਧ ਰੁਕਨਾ ਪੈ ਜਾਵੇ ਤਾਂ ਉਹ ਜਿਵੇਂ ਖਾਣ ਨੂੰ ਪੈਂਦੇ ਹਨ ਪਰੰਤੂ ਸਰਕਾਰ ਵਲੋਂ ਅੱਧੀ ਛੁੱਟੀ ਕਰਨ ਦੇ ਐਲਾਨ ਤੋਂ ਤੁਰੰਤ ਬਾਅਦ (ਭਾਂਵੇ ਇਹ ਖਬਰ ਸਿਰਫ ਟੀ ਵੀ ਚੈਨਲਾਂ ਉਪਰ ਹੀ ਆਈ ਹੋਵੇ ਅਤੇ ਸਰਕਾਰੀ ਦਫਤਰਾਂ ਵਿੱਚ ਇਸ ਸਬੰਧੀ ਕੋਈ ਨੋਟਿਸ ਜਾਂ ਸਰਕੂਲਰ ਵੀ ਨਾ ਪਹੁੰਚਿਆ ਹੋਵੇ) ਸਰਕਾਰੀ ਦਫਤਰਾਂ ਦੇ ਸਾਰੇ ਮੁਲਾਜਮ ਗਾਇਬ ਹੋ ਜਾਂਦੇ ਹਨ| ਅਜਿਹਾ ਹੋਣ ਕਾਰਨ ਦੂਰ ਦੁਰਾਡੇ ਖੇਤਰਾਂ ਤੋਂ ਆਏ ਲੋਕਾਂ ਨੂੰਨਿਰਾਸ਼ ਹੋ ਕੇ ਵਾਪਸ ਪਰਤਣਾ ਪੈਂਦਾ ਹੈ ਅਤੇ ਆਪਣਾ ਕੰਮ ਨਾ ਹੋਣ ਕਾਰਨ ਉਹਨਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ|
ਸਮੇਂ ਸਮੇਂ ਤੇ ਧਾਰਮਿਕ ਜਥੇਬੰਦੀਆਂ ਵਲੋਂ ਅਕਸਰ ਸਰਕਾਰ ਤੋਂ ਮੰਗ ਕੀਤੀ ਜਾਂਦੀ ਹੈ ਕਿ ਫਲਾਂ ਦਿਨ ਨਗਰ ਕੀਰਤਨ ਜਾਂ ਸ਼ੋਭਾ ਯਾਤਰਾ ਹੋਣ ਕਾਰਨ ਸਰਕਾਰੀ ਮੁਲਾਜ਼ਮਾਂ ਨੂੰ ਅੱਧੇ ਦਿਨ ਦੀ ਛੁੱਟੀ ਦਿੱਤੀ ਜਾਵੇ| ਸਰਕਾਰ ਇਹ ਮੰਗ ਮੰਨ ਵੀ ਲੈਂਦੀ ਹੈ| ਹਾਂਲਾਕਿ ਇਹ ਵੀ ਅਸਲੀਅਤ ਹੈ ਕਿ ਨਗਰ ਕੀਰਤਨ ਅਤੇ ਸ਼ੋਭਾ ਯਾਤਰਾ ਕਾਰਨ ਹੋਈ ਛੁੱਟੀ ਦੇ ਬਾਵਜੂਦ ਗਿਣਤੀ ਦੇ (ਨਾਂਹ ਦੇ ਬਰਾਬਰ) ਸਰਕਾਰੀ ਮੁਲਾਜ਼ਮ ਇਹਨਾਂ ਆਯੋਜਨਾਂ ਵਿੱਚ ਸ਼ਾਮਲ ਹੁੰਦੇ ਹਨ ਅਤੇ ਅਜਿਹੇ ਆਯੋਜਨਾਂ ਲਈ ਅੱਧੇ ਦਿਨ ਦੀ ਸਰਕਾਰੀ ਛੁੱਟੀ ਕਰਨ ਦੀ ਕੋਈ ਤੁਕ ਨਹੀਂ ਬਣਦੀ, ਉਲਟਾ ਇਸ ਤਰ੍ਹਾਂ ਦੀਆਂ ਛੁੱਟੀਆਂ ਕਾਰਨ ਸਰਕਾਰੀ ਦਫਤਰਾਂ ਵਿੱਚ ਆਪਣੇ ਕੰਮਾਂ ਕਾਰਾਂ ਲਈ ਆਏ ਲੋਕਾਂ ਨੂੰ ਪ੍ਰੇਸ਼ਾਨ ਹੋਣਾ ਪੈਂਦਾ ਹੈ| ਇਸੇ ਤਰ੍ਹਾਂ ਸਰਕਾਰ ਵਲੋਂ ਅਕਸਰ ਵੱਖ ਵੱਖ ਸਮਾਗਮਾਂ ਜਾਂ ਕਿਸੇ ਤਿਉਹਾਰ ਮੌਕੇ ਵੀ ਸਰਕਾਰੀ ਛੁੱਟੀ ਦਾ ਐਲਾਨ ਕਰ ਦਿੱਤਾ ਜਾਂਦਾ ਹੈ| ਸਰਕਾਰ ਨੂੰ ਆਪਣੇ ਹੀ ਸਰਕਾਰੀ ਦਫਤਰ ਬੰਦ ਕਰ ਕੇ ਕੀ ਹਾਸਿਲ ਹੁੰਦਾ ਹੈ ਇਸਦਾ ਜਵਾਬ ਤਾਂ ਸ਼ਾਇਦ ਸਰਕਾਰ ਕੋਲ ਵੀ ਨਾ ਹੋਵੇ|
ਸੂਬੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪਿਛਲੀ ਸਰਕਾਰ (2002 ਤੋਂ 2007 ਤਕ) ਦੇ ਕਾਰਜਕਾਲ ਦੌਰਾਨ ਸਰਕਾਰ ਵਲੋਂ ਸਰਕਾਰੀ ਛੁੱਟੀਆਂ ਵਿੱਚ ਕੁੱਝ ਕਟੌਤੀ ਕੀਤੀ ਗਈ ਸੀ ਜਿਸਦਾ ਸਰਕਾਰੀ ਕਰਮਚਾਰੀਆਂ ਵਲੋਂ ਭਾਵੇਂ ਅੰਦਰਖਾਤੇ ਵਿਰੋਧ ਕੀਤਾ ਗਿਆ ਸੀ ਪਰੰਤੂ ਆਮ ਲੋਕਾਂ ਨੂੰ ਜਰੂਰ ਰਾਹਤ ਮਿਲੀ ਸੀ ਅਤੇ ਉਹਨਾਂ ਦੇ ਸਰਕਾਰੀ ਦਫਤਰਾਂ ਵਿੱਚ ਕੰਮ ਵੀ ਹੋਣ ਲੱਗ ਪਏ ਸਨ| ਹੁਣ ਵੀ ਪੰਜਾਬ ਵਿੱਚ ਕੈਪਟਨ ਸਰਕਾਰ ਹੀ ਰਾਜ ਕਰ ਰਹੀ ਹੈ ਪਰੰਤੂ ਸਰਕਾਰੀ ਛੁੱਟੀਆਂ ਦੀ ਗਿਣਤੀ ਵਿੱਚ ਦਿਨੋਂ ਦਿਨ ਵਾਧਾ ਹੋ ਰਿਹਾ ਹੈ| ਸਰਕਾਰ ਨੂੰ ਚਾਹੀਦਾ ਹੈ ਕਿ ਸਰਕਾਰੀ ਛੁੱਟੀਆਂ ਵਿੱਚ ਕਟੌਤੀ ਕਰਕੇ ਹਫਤੇ ਵਿੱਚ ਛੇ ਦਿਨ ਸਰਕਾਰੀ ਦਫਤਰਾਂ ਨੂੰ ਖੁਲਣਾ ਯਕੀਨੀ ਬਣਾਏ ਤਾਂ ਕਿ ਲੋਕਾਂ ਦੇ ਕੰਮ ਸਮੇਂ ਸਿਰ ਹੋ ਸਕਣ|

Leave a Reply

Your email address will not be published. Required fields are marked *