ਸਰਕਾਰੀ ਤੰਤਰ ਅਤੇ ਧੱਕੇਸ਼ਾਹੀ ਦੇ ਜ਼ੋਰ ਤੇ ਨਗਰ ਨਿਗਮ ਤੇ ਕਾਬਿਜ ਹੋਈ ਕਾਂਗਰਸ : ਕੈਪਟਨ ਸਿੱਧੂ
ਐਸ.ਏ.ਐਸ.ਨਗਰ, 20 ਫਰਵਰੀ (ਸ.ਬ.) ਕਾਂਗਰਸ ਪਾਰਟੀ ਨੇ ਮੁਹਾਲੀ ਨਗਰ ਨਿਗਮ ਚੋਣਾਂ ਸਰਕਾਰੀ ਤੰਤਰ ਅਤੇ ਧੱਕੇਸ਼ਾਹੀ ਦੇ ਜ਼ੋਰ ਤੇ ਲੜੀਆਂ ਹਨ ਜਿਸ ਸਦਕਾ ਬੇਸ਼ੱਕ ਉਹ ਕਾਰਪੋਰੇਸ਼ਨ ਤੇ ਵੱਧ ਸੀਟਾਂ ਨਾਲ ਕਾਬਿਜ਼ ਹੋ ਗਏ ਹਨ ਪਰ ਮੁਹਾਲੀ ਵਾਸੀ ਉਨ੍ਹਾਂ ਦੀ ਮਾੜੀ ਰਾਜਨੀਤੀ ਅਤੇ ਕਾਰਜ ਪ੍ਰਣਾਲੀ ਤੋਂ ਚੰਗੀ ਤਰ੍ਹਾਂ ਵਾਕਿਫ ਹੋ ਚੁੱਕੇ ਹਨ, ਜਿਸ ਦਾ ਨਤੀਜਾ ਕਾਂਗਰਸ ਪਾਰਟੀ ਨੂੰ ਵਿਧਾਨ ਸਭਾ ਚੋਣਾਂ ਵਿਚ ਭੁਗਤਣਾ ਪਵੇਗਾ। ਇਹ ਗੱਲ ਸ਼੍ਰੋਮਣੀ ਅਕਾਲੀ ਦਲ (ਡੈਮੋਕਟਰੇਟਿਕ) ਦੇ ਸੀਨੀਅਰ ਆਗੂ ਅਤੇ ਸਾਬਕਾ ਆਈ.ਏ.ਐਸ. ਅਧਿਕਾਰੀ ਸz. ਤੇਜਿੰਦਰ ਪਾਲ ਸਿੰਘ ਸਿੱਧੂ ਨੇ ਮੁਹਾਲੀ ਨਗਰ ਨਿਗਮ ਚੋਣਾਂ ਵਿਚ ਜਿੱਤ ਹਾਸਿਲ ਕਰਨ ਵਾਲੀਆਂ ਮਹਿਲਾ ਆਜ਼ਾਦ ਉਮੀਦਵਾਰ ਬੀਬੀ ਰਾਜਬੀਰ ਕੌਰ ਗਿੱਲ ਅਤੇ ਬੀਬੀ ਕੁਲਦੀਪ ਕੌਰ ਧਨੋਆ ਦੇ ਪਰਿਵਾਰਕ ਮੈਂਬਰਾਂ ਦਾ ਸਨਮਾਨ ਕਰਨ ਮੌਕੇ ਆਖੀ। ਬੀਬੀ ਰਾਜਬੀਰ ਕੌਰ ਗਿੱਲ ਨੇ ਵਾਰਡ ਨੰਬਰ 17 ਅਤੇ ਬੀਬੀ ਕੁਲਦੀਪ ਕੌਰ ਧਨੋਆ ਨੇ ਵਾਰਡ ਨੰਬਰ 29 ਤੋਂ ਜਿੱਤ ਹਾਸਿਲ ਕੀਤੀ ਹੈ।
ਇਸ ਮੌਕੇ ਕੈਪਟਨ ਸਿੱਧੂ ਨੇ ਕਿਹਾ ਕਿ ਬੀਜੇਪੀ ਦਾ ਕਿਸਾਨ ਅਤੇ ਮਜ਼ਦੂਰ ਵਿਰੋਧੀ ਚਿਹਰਾ ਪਹਿਲਾਂ ਤੋਂ ਹੀ ਨੰਗਾ ਹੋਣ ਕਰਕੇ ਉਨ੍ਹਾਂ ਨੂੰ ਸੂਬੇ ਵਿੱਚ ਕਰਾਰੀ ਹਾਰ ਦਾ ਮੂੰਹ ਦੇਖਣਾ ਪਿਆ ਹੈ। ਉਹਨਾਂ ਕਿਹਾ ਕਿ ਚੰਗੀ ਲੀਡਰਸ਼ਿਪ ਦੀ ਘਾਟ ਕਾਰਨ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਵੀ ਅਜਿਹਾ ਹਸ਼ਰ ਹੋਇਆ ਹੈ ਕਿ ਉਹ ਮੁਹਾਲੀ ਵਿੱਚ ਇੱਕ ਵੀ ਸੀਟ ਨਹੀਂ ਜਿੱਤ ਸਕੀ।