ਸਰਕਾਰੀ ਬਹੁ-ਤਕਨੀਕੀ ਕਾਲਜ ਖੂਨੀਮਾਜਰਾ ਵਲੋਂ ਪ੍ਰੋਵੀਜ਼ਨਲ ਦਾਖਲੇ ਲਈ ਆਨਲਾਈਨ ਲਿੰਕ ਜਾਰੀ

ਖਰੜ, 2 ਜੂਨ (ਸ਼ਮਿੰਦਰ ਸਿੰਘ) ਕੋਰੋਨਾ ਵਾਇਰਸ ਦੀ ਮਹਾਮਾਰੀ ਕਾਰਨ ਜਿੱਥੇ ਪੂਰੇ ਦੇਸ਼ ਦਾ ਕੰਮਕਾਜ ਪ੍ਰਭਾਵਿਤ ਹੋਇਆ ਹੈ ਉੱਥੇ ਵਿਦਿਆਰਥੀਆਂ ਵਿੱਚ ਵੀ ਆਪਣੇ ਭਵਿੱਖ ਨੂੰ ਲੈ ਕੇ ਦੁਵਿਧਾ ਬਣੀ ਹੋਈ ਹੈ| ਇਸ ਦੌਰਾਨ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਦਸਵੀਂ ਦੇ ਨਤੀਜੇ ਐਲਾਨੇ ਜਾਣ ਤੋਂ ਬਾਅਦ ਵਿਦਿਆਰਥੀ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਵਿੱਚ ਦਾਖਲਾ ਲੈਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ ਅਤੇ ਵਿਦਿਆਰਥੀਆਂ ਦੇ ਦਾਖਲੇ ਸੰਬਧੀ ਚਿੰਤਾ ਨੂੰ ਧਿਆਨ ਵਿੱਚ ਰੱਖਦਿਆ ਸਰਕਾਰੀ ਬਹੁ-ਤਕਨੀਕੀ ਕਾਲਜ ਖੂਨੀਮਾਜਰਾ ਮੁਹਾਲੀ ਨੇ ਪ੍ਰੋਵੀਜ਼ਨਲ ਦਾਖਲੇ ਲਈ ਇੱਕ ਆਨਲਾਈਨ ਲਿੰਕ ਜਾਰੀ ਕੀਤਾ ਹੈ ਜਿਸ ਰਾਹੀਂ ਵਿਦਿਆਰਥੀ ਪ੍ਰੋਵੀਜ਼ਨਲ ਦਾਖਲੇ ਲਈ ਘਰ ਤੋਂ ਹੀ ਫਾਰਮ ਭਰ ਸਕਦੇ ਹਨ|
ਸੰਸਥਾ ਦੇ ਪ੍ਰਿੰਸੀਪਲ ਸ੍ਰੀ ਰਾਜੀਵ ਪੁਰੀ ਨੇ  ਦੱਸਿਆ ਕਿ ਕਾਲਜ ਦੀ ਦਾਖਲਾ ਕਮੇਟੀ ਵਲੋਂ ਦਾਖਲੇ ਲਈ ਆਨਲਾਈਨ ਲਿੰਕ ਬਣਾਇਆ ਗਿਆ  ਹੈ ਤਾਂ ਜੋ ਵਿਦਿਆਰਥੀਆਂ ਦੀ ਦਾਖਲੇ ਸੰਬਧੀ ਕਾਰਵਾਈ ਕਰ ਸਕਣ| ਉਨ੍ਹਾਂ ਦੱਸਿਆ ਕਿ ਸਿਰਫ ਸਰਕਾਰੀ ਬਹੁ-ਤਕਨੀਕੀ ਕਾਲਜ ਵਿੱਚ ਦਾਖਲਾ ਲੈਣ ਵਾਲੇ ਦਸਵੀਂ ਅਤੇ ਬਾਰ੍ਹਵੀਂ ਦੇ ਵਿਦਿਆਰਥੀ ਨੰਬਰਾਂ ਦੇ ਆਧਾਰ ਤੇ ਸੀ. ਐਮ. ਸਕਾਲਰਸ਼ਿਪ ਦਾ ਲਾਭ ਲੈ ਸਕਦੇ ਹਨ|
ਇਸ ਮੌਕੇ ਕਾਲਜ ਦੇ ਲੈਕਚਰਾਰ ਡਾ. ਰਵਿੰਦਰ ਕੁਮਾਰ ਜਸਵਾਲ ਨੇ ਕਿਹਾ ਕਿ ਕਾਲਜ ਵਿੱਚ ਕੰਪਿਊਟਰ, ਇਲੈਕਟ੍ਰੀਕਲ, ਮਕੈਨੀਕਲ ਸਿਵਲ, ਆਫਿਸ ਪ੍ਰਬੰਧਨ ਅਤੇ ਮੈਡੀਕਲ ਲੈਬ ਟੈਕਨਾਲੋਜੀ ਵਿੱਚ ਡਿਪਲੋਮਾ ਕਰਵਾਇਆ ਜਾਂਦਾ ਹੈ| ਉਨ੍ਹਾਂ ਦੱਸਿਆ ਕਿ ਕੋਰੋਨਾ ਮਹਾਂਮਾਰੀ ਦੌਰਾਨ ਆਉਣ ਵਾਲੇ ਸਮੇਂ ਵਿੱਚ ਮੈਡੀਕਲ ਲੈਬ ਟੈਕਨਾਲੋਜੀ ਡਿਪਲੋਮਾ ਹੋਲਡਰਾਂ ਦੀ ਮੰਗ ਨੂੰ ਦੇਖਦਿਆਂ ਦਾਖਲੇ ਲਈ ਵਿਦਿਆਰਥੀਆਂ ਦਾ ਰੁਝਾਨ ਕਾਫੀ ਜਿਆਦਾ ਹੈ|

Leave a Reply

Your email address will not be published. Required fields are marked *