ਸਰਕਾਰੀ ਬੈਂਕਾਂ ਵਿੱਚ ਜਮਾਂ ਲੋਕਾਂ ਦੇ ਪੈਸੇ ਦੀ ਸੁਰੱਖਿਆ ਦੀ ਗਾਰੰਟੀ ਦੇਵੇ ਸਰਕਾਰ

ਪਿਛਲੇ ਕੁਝ ਦਿਨਾਂ ਤੋਂ ਸ਼ੋਸ਼ਲ ਮੀਡੀਆ ਉਪਰ ਅਤੇ ਆਮ ਲੋਕਾਂ ਦੀ ਗੱਲਬਾਤ ਵਿਚ ਇਹ ਚਰਚਾ ਜੋਰ ਫੜਦੀ ਜਾ ਰਹੀ ਹੈ ਕਿ ਸਰਕਾਰੀ ਬੈਂਕਾਂ ਵਿਚ ਜਮਾਂ ਲੋਕਾਂ ਦਾ ਪੈਸਾ ਇਕ ਦਿਨ ਸਰਕਾਰ ਨੇ ਜਬਤ ਕਰ ਲੈਣਾ ਹੈ| ਇਸਦੇ ਨਾਲ ਹੀ ਇਹ ਵੀ ਚਰਚਾ ਹੋ ਰਹੀ ਹੈ ਕਿ ਸਰਕਾਰੀ ਬਂੈਕਾਂ ਨਾਲ ਅਰਬਾਂ ਖਰਬਾਂ ਦਾ ਫ੍ਰਾਡ ਕਰਕੇ ਭੱਜੇ ਭਗੌੜਿਆਂ ਕਾਰਨ ਘਾਟੇ ਵਿਚ ਗਏ ਬੈਂਕਾਂ ਦਾ ਘਾਟਾ ਪੂਰਾ ਕਰਨ ਲਈ ਕੇਂਦਰ ਦੀ ਮੋਦੀ ਸਰਕਾਰ ਅਜਿਹਾ ਬਿਲ ਲਿਆ ਰਹੀ ਹੈ, ਜਿਸ ਨਾਲ ਬੈਂਕਾਂ ਨੂੰ ਪਏ ਘਾਟੇ ਦੀ ਪੂਰਤੀ ਬੈਂਕਾਂ ਵਿਚ ਲੋਕਾਂ ਵਲੋਂ ਜਮਾਂ ਕੀਤੇ ਪੈਸੇ ਨਾਲ ਕੀਤੀ ਜਾ ਸਕੇਗੀ ਅਤੇ ਬੈਕਾਂ ਵਿੱਚ ਜਮਾਂ ਰਕਮ ਬੈਂਕ ਅਤੇ ਸਰਕਾਰ ਜਬਤ ਕਰ ਲੈਂਣਗੇ| ਹਾਲਾਂਕਿ ਸਰਕਾਰੀ ਤੌਰ ਤੇ ਅਜਿਹਾ ਕਾਨੂੰਨ ਬਣਾਉਣ ਦਾ ਕੋਈ ਐਲਾਨ ਨਹੀਂ ਕੀਤਾ ਗਿਆ ਹੈ ਪਰ ਫਿਰ ਵੀ ਮੋਦੀ ਸਰਕਾਰ ਦੀਆਂ ਬੈਂਕਾਂ ਵਿਚ ਲਾਗੂ ਕੀਤੀਆਂ ਗਈਆਂ ਪਾਬੰਦੀਆਂ ਕਾਰਨ ਲੋਕਾਂ ਵਿਚ ਇਹ ਭਾਵਨਾ ਬਣਦੀ ਜਾ ਰਹੀ ਹੈ ਕਿ ਹੁਣ ਸਰਕਾਰੀ ਬੈਂਕਾਂ ਵਿਚ ਪਈ ਲੋਕਾਂ ਦੀ ਜਮਾਂ ਰਾਸ਼ੀ ਸੁਰਖਿਅਤ ਨਹੀਂ ਹੈ ਅਤੇ ਸਰਕਾਰ ਅਤੇ ਬੈਂਕ ਕਦੇ ਵੀ ਲੋਕਾਂ ਦੇ ਪੈਸੇ ਨੂੰ ਆਪਣਾ ਘਾਟਾ ਪੂਰਾ ਕਰਨ ਲਈ ਜਬਤ ਕਰ ਸਕਦੇ ਹਨ|
ਆਏ ਦਿਨ ਲੋਕਾਂ ਵਿਚ ਇਹੋਂ ਜਿਹੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਹਨਅਤੇ ਇਸ ਗੱਲ ਦੀ ਚਰਚਾ ਹਰ ਵਰਗ ਦੇ ਲੋਕਾਂ ਵਿਚ ਹੀ ਵੱਡੇ ਪੱਧਰ ਉਪਰ ਹੋ ਰਹੀ ਹੈ| ਇਸ ਤਰ੍ਹਾਂ ਦੀ ਚਰਚਾ ਵਿਦੇਸ਼ਾਂ ਵਿਚ ਵਸੇ ਭਾਰਤੀਆਂ ਵਿੱਚ ਵੀ ਹੋ ਰਹੀ ਹੈ, ਇਹੀ ਕਾਰਨ ਹੈ ਕਿ ਪਹਿਲਾਂ ਡਾਲਰਾਂ ਦੇ ਰੂਪ ਵਿਚ ਭਾਰਤੀ ਬੈਂਕਾਂ ਵਿਚ ਪੈਸਾ ਜਮਾਂ ਕਰਵਾਉਣ ਵਾਲੇ ਪਰਵਾਸੀ ਭਾਰਤੀ ਹੁਣ ਭਾਰਤ ਆ ਕੇ ਜਾਂ ਭਾਰਤ ਵਿਚ ਆਪਣੇ ਪਰਿਵਾਰਕ ਮਂੈਬਰਾਂ ਨੂੰ ਭੇਜੇ ਗਏ ਪੈਸੇ ਨੂੰ ਸਰਕਾਰੀ ਬਂੈਕਾਂ ਵਿੱਚ ਜਮਾਂ ਕਰਵਾਉਣ ਤੋਂ ਗੁਰੇਜ ਕਰ ਰਹੇ ਹਨ| ਹਾਲ ਤਾਂ ਇਹ ਹੋ ਗਿਆ ਹੈ ਕਿ ਇਹ ਪ੍ਰਵਾਸੀ ਭਾਰਤੀ ਭਾਰਤ ਦੇ ਵੱਖ ਵੱਖ ਸ਼ਹਿਰਾਂ ਵਿਚ ਸਥਿਤ ਬੈਂਕਾਂ ਵਿਚ ਪਿਛਲੇ ਕਈ ਸਾਲਾਂ ਤੋਂ ਜਮਾਂ ਆਪਣੇ ਪੈਸੇ ਨੂੰ ਧੜਾਧੜ ਕਢਵਾ ਰਹੇ ਹਨ| ਪੰਜਾਬ ਦੇ ਦੋਆਬਾ ਖੇਤਰ ਵਿਚ ਤਾਂ ਪਰਵਾਸੀ ਪੰਜਾਬੀਆਂ ਵਲੋਂ ਥੋਕ ਦੇ ਭਾਅ ਹੀ ਬੈਂਕਾਂ ਵਿਚ ਜਮਾਂ ਆਪਣਾ ਪੈਸਾ ਕਢਵਾਏ ਜਾਣ ਦੀਆਂ ਖਬਰਾਂ ਆਈਆਂ ਹਨ| ਇਸ ਤਰਾਂ ਪੂਰੇ ਭਾਰਤ ਵਿਚ ਹੀ ਲੋਕ ਬੈਂਕਾਂ ਵਿਚ ਜਮਾਂ ਆਪਣੇ ਪੈਸੇ ਨੂੰ ਹੁਣ ਸਰੱਖਿਅਤ ਨਹੀਂ ਮੰਨ ਰਹੇ ਅਤੇ ਉਹ ਬੈਂਕਾਂ ਵਿਚੋਂ ਆਪਣਾ ਪੈਸਾ ਕੱਢ ਕੇ ਪ੍ਰਾਈਵੇਟ ਬੈਂਕਾਂ ਜਾਂ ਫਿਰ ਲਾਕਰਾਂ ਵਿਚ ਰਖ ਰਹੇ ਹਨ ਜਾਂ ਫਿਰ ਉਹ ਜਮੀਨ ਆਦਿ ਖਰੀਦ ਰਹੇ ਹਨ ਅਤੇ ਬੈਂਕਾਂ ਵਿਚ ਪੈਸੇ ਜਮਾਂ ਕਰਵਾਉਣ ਵਾਲੇ ਲੋਕਾਂ ਦੀ ਥਾਂ ਪੈਸੇ ਕਢਵਾਉਣ ਵਾਲੇ ਲੋਕਾਂ ਦੀਆਂ ਲਾਈਨਾਂ ਲੰਬੀਆਂ ਹੁੰਦੀਆਂ ਜਾ ਰਹੀਆਂ ਹਨ|
ਮੋਦੀ ਸਰਕਾਰ ਵਲੋਂ ਜਦੋਂ ਪਿਛਲੇ ਸਾਲ ਨੋਟਬੰਦੀ ਕੀਤੀ ਗਈ ਸੀ ਤਾਂ ਪੂਰੇ ਦੇਸ਼ ਵਿਚ ਹਾਹਾਕਾਰ ਮੱਚ ਗਈ ਸੀ| ਇਸਦੇ ਨਾਲ ਹੀ ਪਰਵਾਸੀ ਭਾਰਤੀਆਂ ਦਾ ਵੀ ਬਹੁਤ ਸਾਰਾ ਪੈਸਾ ਇਸ ਨੋਟਬੰਦੀ ਦੀ ਭੇਂਟ ਚੜ ਗਿਆ ਸੀ| ਭਾਰਤ ਵਿਚ ਤਾਂ ਨੋਟਬੰਦੀ ਕਾਰਨ 150 ਲੋਕਾਂ ਦੀ ਮੌਤ ਵੀ ਹੋ ਗਈ ਸੀ ਅਤੇ ਨੋਟਬੰਦੀ ਕਾਰਨ ਕਈ ਮਹੀਨੇ ਪੂਰਾ ਦੇਸ਼ ਹੀ ਬਂੈਕਾਂ ਅੱਗੇ ਦਿਨ ਰਾਤ ਖੜਾ ਹੋਣ ਲੱਗ ਪਿਆ ਸੀ ਇਸ ਨੋਟਬੰਦੀ ਕਾਰਨ ਲੋਕਾਂ ਦੇ ਦੂਸਰੇ ਸਾਰੇ ਕੰਮ ਧੰਦੇ ਬਿਲਕੁਲ ਠੱਪ ਹੋ ਗਏ ਸਨ ਅਤੇ ਲੋਕਾਂ ਨੂੰ ਆਪਣੀ ਦੋ ਸਮੇਂ ਦੀ ਰੋਟੀ ਦਾ ਜੁਗਾੜ ਕਰਨਾ ਵੀ ਮੁਸਕਿਲ ਹੋ ਗਿਆ ਸੀ| ਨੋਟਬੰਦੀ ਤੋਂ ਬਾਅਦ ਮੋਦੀ ਸਰਕਾਰ ਨੇ ਬਂੈਕਾਂ ਦੇ ਕਈ ਨਿਯਮਾਂ ਵਿਚ ਤਬਦੀਲੀ ਕਰਨ ਦੇ ਨਾਲ ਹੀ ਕਈ ਨਵੇਂ ਨਿਯਮ ਵੀ ਬਣਾ ਦਿਤੇ| ਹੁਣ ਮਹੀਨੇ ਵਿਚ ਤਿੰਨ ਵਾਰ ਬੈਂਕ ਖਾਤੇ ਵਿਚ ਲੈਣ ਦੇਣ ਕਰਨ ਤੇ ਸਰਕਾਰ ਦੇ ਨਵੇਂ ਨਿਯਮਾਂ ਕਾਰਨ ਪੈਸੇ ਕੱਟ ਲਏ ਜਾਂਦੇ ਹਨ| ਇਹਨਾਂ ਗੱਲਾਂ ਤੋਂ ਅੱਕੇ ਲੋਕਾਂ ਕੋਲ ਜਦੋਂ ਇਹ ਖਬਰ ਪਹੁੰਚਦੀ ਹੈ ਕਿ ਸਰਕਾਰ ਬਂੈਕਾਂ ਵਿਚ ਜਮਾਂ ਲੋਕਾਂ ਦਾ ਪੈਸਾ ਦੱਬ ਲਵੇਗੀ ਤਾਂ ਲੋਕਾਂ ਨੂੰ ਤੁਰੰਤ ਯਕੀਨ ਹੋ ਜਾਂਦਾ ਹੈ ਅਤੇ ਲੋਕ ਕਹਿਣ ਲੱਗ ਜਾਂਦੇ ਹਨ ਕਿ ਮੋਦੀ ਸਰਕਾਰ ਕੁਝ ਵੀ ਕਰ ਸਕਦੀ ਹੈ|
ਮੋਦੀ ਸਰਕਾਰ ਦੇ ਹੋਂਦ ਵਿੱਚ ਆਉਣ ਤੋਂ ਪਹਿਲਾਂ ਭਾਰਤੀ ਲੋਕ ਅਕਸਰ ਇਹ ਕਿਹਾ ਕਰਦੇ ਸਨ ਕਿ ਉਹਨਾਂ ਨੂੰ ਸਰਕਾਰ ਨੇ ਕੁਝ ਨਹੀਂ ਦਿੱਤਾ ਪਰ ਮੋਦੀ ਸਰਕਾਰ ਦੀ ਕਾਰਗੁਜਾਰੀ ਵੇਖਦਿਆਂ ਲੋਕ ਹੁਣ ਕਹਿਣ ਲੱਗ ਪਏ ਹਨ ਕਿ ਉਹਨਾਂ ਕੋਲ ਆਪਣੇ ਆਪ ਕਮਾਇਆ ਬਹੁਤ ਕੁਝ ਹੈ ਪਰ ਇਸ ਨੁੰ ਮੋਦੀ ਸਰਕਾਰ ਤੋਂ ਕਿਸ ਤਰਾਂ ਬਚਾਇਆ ਜਾਵੇ ਕਿ ਸਰਕਾਰ ਇਹ ਸਭ ਕੁਝ ਖੋਹ ਕੇ ਨਾ ਲੈ ਜਾਵੇ| ਇਸ ਤਰਾਂ ਇੱਕੀਵੀ ਸਦੀ ਦੇ ਇਸ ਯੂੱਗ ਵਿਚ ਵੀ ਮੋਦੀ ਸਰਕਾਰ ਨੇ ਭਾਰਤੀਆਂ ਨੂੰ ਗੁਲਾਮ ਜਿਹਾ ਮਹਿਸੂਸ ਕਰਵਾਉਣਾ ਸ਼ੁਰੂ ਕਰ ਦਿਤਾ ਹੈ| ਮੋਦੀ ਸਰਕਾਰ ਅਤੇ ਬੈਂਕ ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਉਹ ਲੋਕਾਂ ਵਿਚ ਚਰਚਾ ਦਾ ਵਿਸ਼ਾ ਬਣੇ ਹੋਏ ਬੈਂਕਾਂ ਵਿਚ ਲੋਕਾਂ ਦਾ ਪੈਸਾ ਜਬਤ ਕਰਨ ਦੇ ਮਾਮਲੇ ਸਬੰਧੀ ਆਪਣਾ ਸਪਸ਼ਟੀਕਰਨ ਦੇਣ ਅਤੇ ਲੋਕਾਂ ਵਿਚ ਪਈ ਹੋਈ ਦੁਬਿਧਾ ਦੂਰ ਕਰਨ| ਜੇ ਮੋਦੀ ਸਰਕਾਰ ਅਤੇ ਸਰਕਾਰੀ ਬੈਂਕ ਅਜਿਹਾ ਕਰਨ ਵਿਚ ਅਸਫਲ ਰਹਿੰਦੇ ਹਨ ਤਾਂ ਸਾਲ 2019 ਦੀਆਂ ਚੋਣਾਂ ਵੀ ਨੇੜੇ ਆ ਰਹੀਆਂ ਹਨ ਅਤੇ ਲੋਕ ਆਪਣਾ ਗੁੱਸਾ ਕਿਸ ਤਰੀਕੇ ਨਾਲ ਕੱਢਣਗੇ ਇਸ ਸਭ ਨੂੰ ਪਤਾ ਹੀ ਹੈ|

Leave a Reply

Your email address will not be published. Required fields are marked *