ਸਰਕਾਰੀ ਮਾਡਲ ਸਕੂਲ ਖਰੜ ਵਿੱਚੋਂ ਕਿਸੇ ਵੀ ਕੀਮਤ ਤੇ ਪ੍ਰਾਇਮਰੀ ਸੈਕਸ਼ਨ ਖਤਮ ਨਹੀਂ ਹੋਣ ਦਿੱਤਾ ਜਾਵੇਗਾ: ਬੀਰਦਵਿੰਦਰ ਸਿੰਘ

ਖਰੜ, 12 ਸਤੰਬਰ (ਕੁਸ਼ਲ ਆਨੰਦ) ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਅਤੇ ਖਰੜ ਦੇ ਸਾਬਕਾ ਵਿਧਾਇਕ ਸ੍ਰ. ਬੀਰਦਵਿੰਦਰ ਸਿੰਘ ਨੇ ਕਿਹਾ ਹੈ ਕਿ ਸਕੂਲ ਸਿੱਖਿਆ ਵਿਭਾਗ ਵੱਲੋਂ ਸਕੂਲਾਂ ਦੇ ਤਾਰਕਿਕ ਪੁਨਰਗਠਨ ਯੋਜਨਾ ਅਧੀਨ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਖਰੜ ਵਿੱਚੋਂ ਪ੍ਰਾਇਮਰੀ ਸੈਕਸ਼ਨ ਖਤਮ ਕਰਕੇ ਉਸਦਾ ਮੌਲਿਕ ਸਰੂਪ ਵਿਗਾੜਨ ਦਾ ਯਤਨ ਕੀਤਾ ਜਾ ਰਿਹਾ ਹੈ ਜੋ ਕਿ ਖਰੜ ਹਲਕੇ ਦੇ ਬੱਚਿਆਂ ਨਾਲ ਨਾਇਨਸਾਫ਼ੀ ਹੈ| ਅੱਜ ਇੱਥੇ ਪੀਡਬਲਿਊਡੀ ਦੇ ਰੈਸਟ ਹਾਊਸ ਵਿੱਚ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਖਰੜ ਸਕੂਲ ਵਿੱਚੋਂ ਕਿਸੇ ਵੀ ਕੀਮਤ ਤੇ ਪ੍ਰਾਇਮਰੀ ਸੈਕਸ਼ਨ ਨੂੰ ਖ਼ਤਮ ਨਹੀਂ ਹੋਣ ਦਿੱਤਾ ਜਾਵੇਗਾ| ਉਨ੍ਹਾਂ ਕਿਹਾ ਕਿ ਖਰੜ ਇਲਾਕੇ ਦੇ ਲੋਕ ਚੰਗੀ ਤਰ੍ਹਾਂ ਜਾਣਦੇ ਹਨ ਕਿ ਇਸ ਸਕੂਲ ਨੂੰ ਹੋਂਦ ਵਿੱਚ ਲਿਆਉਣ ਲਈ ਉਨ੍ਹਾਂ ਨੂੰ ਬਤੌਰ ਹਲਕਾ ਵਿਧਾਇਕ ਕਿੰਨਾ ਵੱਡਾ ਸੰਘਰਸ਼ ਕਰਨਾ ਪਿਆ ਸੀ ਅਤੇ ਉਨ੍ਹਾਂ ਦੀ ਬੇਹੱਦ ਕੋਸ਼ਿਸ਼ ਸਦਕਾ 1 ਅਪਰੈਲ 2004 ਨੂੰ ਖਰੜ ਵਿੱਚ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਹੋਂਦ ਵਿੱਚ ਆਇਆ ਸੀ|
ਇਸ ਤੋਂ ਪਹਿਲਾਂ ਸ੍ਰ. ਬੀਰਦਵਿੰਦਰ ਸਿੰਘ ਨੇ ਉਕਤ ਸਕੂਲ ਦਾ ਦੌਰਾ ਕਰਕੇ ਵਿਦਿਆਰਥੀਆਂ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਸੁਵਿਧਾਵਾਂ ਦਾ ਜਾਇਜ਼ਾ ਲਿਆ ਅਤੇ ਪ੍ਰਾਇਮਰੀ ਸੈਕਸ਼ਨ ਖ਼ਤਮ ਕਰਨ ਦੇ ਮੁੱਦੇ ਤੇ ਅਧਿਆਪਕਾਂ ਨਾਲ ਗੱਲਬਾਤ ਕੀਤੀ| ਇਸ ਦੌਰਾਨ ਸਾਬਕਾ ਵਿਧਾਇਕ ਵਿਦਿਆਰਥੀਆਂ ਨਾਲ ਵੀ ਰੂਬਰੂ ਹੋਏ|
ਸ੍ਰ. ਬੀਰਦਵਿੰਦਰ ਸਿੰਘ ਨੇ ਕਿਹਾ ਕਿ ਇਸ ਸਕੂਲ ਦੀ ਵਿਸ਼ੇਸ਼ਤਾ ਇਹ ਹੈ ਇਸ ਦੇ ਸਾਰੇ ਦਰਜਾਵਾਰ, ਚਾਰੇ ਪੜਾਅ ਇੱਕੋ ਵਾਰ ਸ਼ੁਰੂ ਕੀਤੇ ਗਏ ਸਨ| ਭਾਵ ਪ੍ਰਾਇਮਰੀ, ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਇਹ ਸਾਰੇ ਵਿੰਗ ਇਕੱਠੇ ਹੀ ਸ਼ੁਰੂ ਕੀਤੇ ਗਏ ਸਨ ਅਤੇ ਇਸ ਸਕੂਲ ਨੂੰ ਸ਼ੁਰੂ ਕਰਨ ਸਮੇਂ ਪੂਰੇ ਜ਼ਿਲ੍ਹੇ ਭਰ ਵਿੱਚੋਂ ਚੋਣਵੇਂ ਅਧਿਆਪਨ ਅਮਲੇ ਦੀ ਚੋਣ ਕੀਤੀ ਗਈ ਸੀ|

ਸਕੂਲ ਵਿੱਚ ਪਹਿਲੀ ਜਮਾਤ ਤੋਂ ਸ਼ੁਰੂ ਹੋ ਕੇ ਬਾਰ੍ਹਵੀਂ ਜਮਾਤ ਤੱਕ ਸਾਰੀ ਸਿੱਖਿਆ ਅੰਗਰੇਜ਼ੀ ਮੀਡੀਅਮ ਰਾਹੀਂ ਦਿੱਤੀ ਜਾਂਦੀ ਹੈ| ਇਸ ਦੀ ਇੱਕ ਹੋਰ ਵਿਲੱਖਣਤਾ ਇਹ ਹੈ ਕਿ ਪ੍ਰਾਇਮਰੀ ਸੈਕਸ਼ਨ ਵਿੱਚ ਅਲੱਗ-ਅਲੱਗ ਵਿਸ਼ਿਆਂ ਨੂੰ ਮਾਸਟਰ ਕਾਡਰ ਦੇ ਅਧਿਆਪਕ ਪੜ੍ਹਾਉਂਦੇ ਹਨ ਜੋ ਬੱਚਿਆਂ ਨੂੰ ਵਿਸ਼ੇ ਅਨੁਸਾਰ ਮਿਆਰੀ ਸਿੱਖਿਆ ਦੇਣ ਵਿੱਚ ਨਿਪੁੰਨ ਹਨ|
ਸਾਬਕਾ ਡਿਪਟੀ ਸਪੀਕਰ ਨੇ ਇਸ ਗੱਲੋਂ ਬੇਹੱਦ ਖੁਸ਼ੀ ਪ੍ਰਗਟ ਕੀਤੀ ਕਿ ਸਕੂਲ ਵਿੱਚ ਇਸ ਸਮੇਂ 1500 ਤੋਂ ਵੱਧ ਵਿਦਿਆਰਥੀ ਸਿੱਖਿਆ ਲੈ ਰਹੇ ਹਨ ਅਤੇ ਇਹ ਸਕੂਲ ਹਰ ਪੱਖੋਂ, ਜ਼ਿਲ੍ਹੇ ਦੇ ਪਹਿਲੀ ਕਤਾਰ ਦੇ ਸਕੂਲਾਂ ਵਿੱਚ ਸ਼ਾਮਲ ਹੈ| ਉਨ੍ਹਾਂ ਕਿਹਾ ਕਿ ਇਸ ਸਕੂਲ ਦਾ ਸੁਪਨਾ ਸੰਜੋਣ ਸਮੇਂ ਜੋ ਬੁਨਿਅਦੀ ਸੰਕਲਪ ਉਨ੍ਹਾਂ ਸਾਹਮਣੇ ਸੀ, ਉਹ ਖਰੜ ਇਲਾਕੇ ਦੇ ਇਸ ਮਾਡਲ ਸਕੂਲ ਨੂੰ ਸਿੱਖਿਆ ਖੇਤਰ ਦੀ ਇੱਕ ਅਖੰਡ ਵਿੱਦਿਅਕ ਸੰਸਥਾ ਦੇ ਰੂਪ ਵਿੱਚ ਇੱਕ ਵਿਸ਼ੇਸ਼ ਸਮੁੱਚਤਾ ਵਿੱਚ ਵਿਕਸਤ ਕਰਨਾ ਹੈ, ਟੁਕੜਿਆਂ ਵਿੱਚ ਨਹੀਂ| ਜੇ ਟੁਕੜਿਆਂ ਵਿੱਚ ਵਿਕਸਤ ਕਰਨ ਦਾ ਮਨਸ਼ਾ ਹੁੰਦਾ ਤਾਂ ਇਹ ਸਕੂਲ ਅੱਜ ਉਸ ਬੁਲੰਦੀ ਤੇ ਅੱਪੜ ਹੀ ਨਹੀਂ ਸਕਦਾ ਸੀ|
ਸ੍ਰ. ਬੀਰਦਵਿੰਦਰ ਸਿੰਘ ਨੇ ਕਿਹਾ ਕਿ ਉਹ ਬੜੀ ਜ਼ਿੰਮੇਵਾਰੀ ਨਾਲ ਕਹਿਣਾ ਚਾਹੁੰਦੇ ਹਨ ਕਿ ਸਿੱਖਿਆ ਵਿਭਾਗ ਵੱਲੋਂ ਸਕੂਲਾਂ ਦੀ ਕਿਸੇ ਵੀ ਤਾਰਕਿਕ ਪੁਨਰਗਠਨ ਯੋਜਨਾ ਅਧੀਨ ਇਸ ਸਕੂਲ ਨੂੰ ਟੁਕੜੇ-ਟੁਕੜੇ ਕਰਨ ਦੇ ਕਿਸੇ ਵੀ ਮਨਸੂਬੇ ਨੂੰ ਪੂਰਾ ਨਹੀਂ ਹੋਣ ਦਿੱਤਾ ਜਾਵੇਗਾ| ਉਨ੍ਹਾਂ ਕਿਹਾ ਕਿ ਉਹ ਜਲਦੀ ਹੀ ਇਸ ਸਬੰਧੀ ਸਿੱਖਿਆ ਮੰਤਰੀ ਅਤੇ ਸਿੱਖਿਆ ਵਿਭਾਗ ਦੇ ਸਕੱਤਰ ਨਾਲ ਮੀਟਿੰਗ ਕਰਕੇ ਲੋਕਾਂ ਦੀਆਂ ਭਾਵਨਾਵਾਂ ਤੋਂ ਜਾਣੂ ਕਰਵਾਉਣਗੇ|

Leave a Reply

Your email address will not be published. Required fields are marked *