ਸਰਕਾਰੀ ਮੁਲਾਜਮਾਂ ਵਿੱਚ ਵੱਧਦੇ ਰੋਹ ਵੱਲ ਧਿਆਨ ਦੇਵੇ ਪੰਜਾਬ ਸਰਕਾਰ : ਧਨੋਆ

ਮੁਲਾਜਮਾਂ ਦੀ ਸੰਘੀ ਘੁੱਟਣ ਨਾਲੋਂ ਮੰਤਰੀਆਂ, ਵਿਧਾਇਕਾਂ ਦੇ ਖਰਚਿਆਂ ਵਿੱਚ ਕਟੌਤੀ ਕੀਤੀ ਜਾਵੇ
ਐਸ.ਏ.ਐਸ.ਨਗਰ, 18 ਅਗਸਤ (ਸ.ਬ.) ਸਾਬਕਾ ਕੌਂਸਲਰ ਅਤੇ ਪੰਜਾਬੀ ਵਿਰਸਾ ਸੱਭਿਆਚਾਰਕ ਸੁਸਾਇਟੀ ਦੇ ਪ੍ਰਧਾਨ ਸ੍ਰ. ਸਤਵੀਰ ਸਿੰਘ ਧਨੋਆ ਨੇ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਸਰਕਾਰੀ ਮੁਲਾਜਮਾਂ ਵਿੱਚ ਵੱਧਦੇ ਰੋਹ ਵੱਲ ਧਿਆਨ ਦੇਵੇ ਅਤੇ ਮੁਲਾਜਮਾਂ ਦੀ ਸੰਘੀ ਘੁੱਟਣ ਨਾਲੋਂ ਮੰਤਰੀਆਂ, ਵਿਧਾਇਕਾਂ ਦੇ ਖਰਚਿਆਂ ਵਿੱਚ ਕਟੌਤੀ ਕੀਤੀ ਜਾਵੇ| ਇੱਥੇ ਜਾਰੀ ਬਿਆਨ ਵਿੱਚ ਉਹਨਾਂ ਕਿਹਾ ਕਿ ਸਰਕਾਰ ਦੀ ਅਣਦੇਖੀ ਕਾਰਨ ਸਰਕਾਰੀ ਮੁਲਾਜਮਾਂ, ਉਦਯੋਗਪਤੀਆਂ, ਵਪਾਰੀ ਵਰਗ ਅਤੇ ਆਮ ਆਦਮੀ ਵਿੱਚ ਸਰਕਾਰ ਦੇ ਵਿਰੁੱਧ ਰੋਹ ਲਗਾਤਾਰ ਵੱਧ ਰਿਹਾ ਹੈ| ਜਿੱਥੇ ਦੇਖੋ ਹਰ ਪਾਸੇ ਹੀ ਰੈਲੀਆਂ-ਮੁਜਾਹਰੇ ਹੋ ਰਹੇ ਹਨ| ਇੰਜ ਲੱਗਦਾ ਹੈ ਕਿ ਜਿਵੇਂ ਸਾਰਾ ਸਰਕਾਰੀ ਅਮਲਾ ਸਰਕਾਰ ਦੇ ਖਿਲਾਫ ਹੋ ਗਿਆ ਹੋਵੇ| 
ਉਹਨਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸਰਕਾਰੀ ਅਮਲੇ ਦੀਆਂ ਜਾਇਜ ਮੰਗਾਂ ਵੱਲ ਧਿਆਨ ਦੇਵੇ| ਉਹਨਾਂ ਕਿਹਾ ਕਿ  ਸਰਕਾਰ ਵੱਲੋਂ ਪਿਛਲੇ ਸਮਿਆਂ ਦੌਰਾਨ ਸਰਕਾਰੀ ਮੁਲਾਜਮਾਂ ਦੇ ਭੱਤਿਆਂ ਵਿੱਚ ਕਟੌਤੀ ਕੀਤੀ ਅਤੇ ਕਈ ਜਗ੍ਹਾ ਅਸਾਮੀਆਂ ਹੀ ਖਤਮ ਕਰ ਦਿੱਤੀਆਂ ਗਈਆਂ ਹਨ ਜਦੋਂਕਿ ਸ਼ਰਾਬ, ਰੇਤਾ, ਬਜਰੀ ਅਤੇ ਹੋਰ ਖਣਿਜ ਪਦਾਰਥਾਂ ਤੋਂ ਹੋਣ ਵਾਲੀ ਸਰਕਾਰੀ ਆਮਦਨ ਸਿੱਧੀ ਸਿਆਸਤਦਾਨਾਂ ਦੀ ਜੇਬ ਵਿੱਚ ਜਾ ਰਹੀ ਹੈ ਅਤੇ ਇਹ ਸਿਆਸਤਦਾਨ ਸਰਕਾਰ ਦੇ ਪੱਲੇ ਕੁਝ ਵੀ ਪੈਣ ਹੀ ਨਹੀਂ ਦਿੰਦੇ| 
ਉਹਨਾਂ ਕਿਹਾ ਕਿ ਜੇਕਰ ਸਰਕਾਰ ਕੋਲ ਖਜਾਨੇ ਦੀ ਕਮੀ ਹੈ ਤਾਂ ਉਹ ਆਪਣੇ ਵਿਧਾਇਕਾਂ ਅਤੇ ਮੰਤਰੀਆਂ ਨੂੰ ਮਿਲ ਰਹੇ ਬੇਸ਼ੁਮਾਰ ਭੱਤਿਆਂ ਅਤੇ ਤਨਖਾਹਾਂ ਵਿੱਚ ਕਟੌਤੀ ਕਰੇ| ਉਹਨਾਂ ਮੁੱਖ ਮੰਤਰੀ ਤੋਂ ਮੰਗ ਕੀਤੀ ਹੈ ਕਿ ਸਮਾਂ ਰਹਿੰਦੇ ਖਜਾਨੇ ਵਿੱਚ ਚੱਲ ਰਹੀਆਂ ਇਨ੍ਹਾਂ ਵੱਡੀਆਂ ਚੋਰ ਮੋਰੀਆਂ ਨੂੰ ਬੰਦ ਕੀਤਾ ਜਾਵੇ ਨਾ ਕਿ ਆਮ ਆਦਮੀ ਤੇ ਬਿਜਲੀ, ਪਾਣੀ ਅਤੇ ਹੋਰ ਟੈਕਸਾਂ ਦੇ ਰੂਪ ਵਿੱਚ ਵਜਨ ਪਾਇਆ ਜਾਵੇ| 

Leave a Reply

Your email address will not be published. Required fields are marked *