ਸਰਕਾਰੀ ਲਾਪਰਵਾਹੀ : ਮੌਤ ਤੋਂ ਬਾਅਦ ਚਾਰ ਦਿਨ ਤੱਕ ਹਸਪਤਾਲ ਵਿੱਚ ਪਈ ਰਹੀ ਕੋਰੋਨਾ ਪੀੜਿਤ ਮਹਿਲਾ ਦੀ ਲਾਸ਼

ਸਰਕਾਰੀ ਲਾਪਰਵਾਹੀ : ਮੌਤ ਤੋਂ ਬਾਅਦ ਚਾਰ ਦਿਨ ਤੱਕ ਹਸਪਤਾਲ ਵਿੱਚ ਪਈ ਰਹੀ ਕੋਰੋਨਾ ਪੀੜਿਤ ਮਹਿਲਾ ਦੀ ਲਾਸ਼
ਸੈਕਟਰ 32 ਦੇ ਸਰਕਾਰੀ ਹਸਪਤਾਲ ਵਿੱਚ 13 ਅਗਸਤ ਨੂੰ ਹੋਈ ਸੀ ਡੇਰਾਬਸੀ ਦੀ ਮਹਿਲਾ ਮਲਕੀਤ ਕੌਰ ਦੀ ਮੌਤ
ਐਸ ਏ ਐਸ ਨਗਰ, 17 ਅਗਸਤ (ਸ.ਬ.) ਚੰਡੀਗੜ੍ਹ ਦੇ ਸੈਕਟਰ 32 ਦੇ ਸਰਕਾਰੀ ਹਸਪਤਾਲ ਵਿੱਚ ਬੀਤੀ 13 ਅਗਸਤ ਨੂੰ ਹੋਈ ਡੇਰਾਬਸੀ ਦੀ ਇੱਕ ਕੋਰੋਨਾ ਪੀੜਿਤ ਮਹਿਲਾ ਦੀ ਮੌਤ ਤੋਂ ਬਾਅਦ ਚਾਰ ਦਿਨ ਤਕ ਉਸਦੀ ਲਾਸ਼ ਹਸਪਤਾਲ ਵਿੱਚ ਹੀ ਪਈ ਰਹੀ ਅਤੇ ਹਸਪਤਾਲ ਵਾਲੇ ਬਿਨਾਂ ਕਿਸੇ ਗੱਲ ਦੇ ਮ੍ਰਿਤਕ ਮਹਿਲਾ ਦੇ ਪਰਿਵਾਰ ਵਾਲਿਆਂ ਨੂੰ ਚੱਕਰ ਲਗਵਾਉਂਦੇ ਰਹੇ| ਇਸ ਦੌਰਾਨ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੂੰ ਕਿਸੇ ਤੋਂ ਪਤਾ ਲੱਗਿਆ ਕਿ ਪਟਵਾਰੀ ਯੂਨੀਅਨ ਖਰੜ ਦੇ ਪ੍ਰਧਾਨ ਹਰਵਿੰਦਰ ਸਿੰਘ ਕੋਰੋਨਾ ਦੀ ਬਿਮਾਰੀ ਕਾਰਨ ਮੌਤ ਦਾ ਸ਼ਿਕਾਰ ਹੋਣ ਵਾਲੇ ਮਰੀਜਾਂ ਦੇ ਅੰਤਮ ਸਸਕਾਰ ਕਰਵਾਉਂਦੇ ਹਨ ਅਤੇ ਉਹਨਾਂ ਵਲੋਂ ਹਰਵਿੰਦਰ ਸਿੰਘ ਨਾਲ ਸੰਪਰਕ ਕੀਤਾ ਗਿਆ| ਬਾਅਦ ਵਿੱਚ ਮ੍ਰਿਤਕ ਮਹਿਲਾ ਦੇ ਪਰਿਵਾਰ ਅਤੇ ਪਟਵਾਰੀ ਯੂਨੀਅਨ ਦੇ ਸਾਂਝੇ ਯਤਨਾਂ ਨਾਲ 16 ਅਗਸਤ ਨੂੰ ਸ਼ਾਮ ਵੇਲੇ ਮੁਹਾਲੀ ਦੇ ਬਿਜਲਈ ਸ਼ਮਸ਼ਾਨ ਘਾਟ ਵਿੱਚ ਮ੍ਰਿਤਕ ਮਹਿਲਾ ਦਾ ਅੰਤਮ ਸਸਕਾਰ ਕੀਤਾ ਗਿਆ|
ਮ੍ਰਿਤਕ ਮਹਿਲਾ ਦੇ ਪਤੀ ਸ੍ਰ. ਗੁਰਮੀਤ ਸਿੰਘ (ਜਿਹੜੇ ਖੁਦ ਵੀ ਅਧਰੰਗ ਦੀ ਬਿਮਾਰੀ ਤੋਂ ਪੀੜਿਤ ਹਨ) ਨੇ ਇਲਜਾਮ ਲਗਾਇਆ ਕਿ ਉਹਨਾਂ ਦੀ ਪਤਨੀ ਦੀ ਮੌਤ ਤੋਂ ਬਾਅਦ ਹਸਪਤਾਲ ਵਾਲੇ ਪਹਿਲਾਂ ਤਾਂ ਉਹਨਾਂ ਦੇ ਚੱਕਰ ਲਗਵਾਉਂਦੇ ਰਹੇ ਫਿਰ ਉਹਨਾਂ ਨੂੰ ਕਿਹਾ ਕਿ ਐਸ ਡੀ ਐਮ ਤੋਂ ਲਿਖਵਾ ਕੇ ਲਿਆਓ| ਉਹਨਾਂ ਦੱਸਿਆ ਕਿ ਇਸ ਸਾਰੇ ਕੁੱਝ ਤੋਂ ਬਾਅਦ ਜਦੋਂ ਮ੍ਰਿਤਕ ਦੇਹ ਉਹਨਾਂ ਨੂੰ ਸੌਂਪੀ ਗਈ ਤਾਂ ਸਟ੍ਰੈਚਰ ਤੇ ਰੱਖੀ ਹੋਈ ਸੀ ਅਤੇ ਉਹਨਾਂ  ਨੂੰ ਕਿਹਾ ਗਿਆ ਕਿ ਉਹ ਖੁਦ ਹੀ ਲਾਸ਼ ਨੂੰ ਲਪੇਟ ਕੇ ਲੈ ਕੇ ਜਾਣ| ਉਹਨਾਂ ਕਿਹਾ ਕਿ ਉਹਨਾਂ ਦੇ ਇੱਕ ਦੋਸਤ ਅਤੇ ਕੁੱਝ ਹੋਰ ਮਦਦਗਾਰਾਂ ਨੇ ਖੁਦ ਹੀ ਮ੍ਰਿਤਕ ਦੇਹ ਨੂੰ ਕਵਰ ਵਿੱਚ                  ਲਪੇਟਿਆ ਅਤੇ ਖੁਦ ਹੀ ਚੁੱਕ ਕੇ ਗੱਡੀ ਵਿੱਚ ਰੱਖਿਆ| ਇਸ ਦੌਰਾਨ ਨਾ ਤਾਂ ਹਸਪਤਾਲ ਵਲੋਂ ਉਹਨਾਂ ਨੂੰ ਕੋਈ ਸੁਰਖਿਆ ਕਿਟ, ਦਸਤਾਨੇ ਜਾਂ ਮਾਸਕ ਆਦਿ ਦਿੱਤੇ ਗਏ ਅਤੇ ਨਾ ਹੀ ਹਸਪਤਾਲ ਦਾ ਕੋਈ ਡਾਕਟਰ ਜਾਂ ਕਰਮਚਾਰੀ ਲਾਸ਼ ਦੇ ਨੇੜੇ ਆਇਆ 
ਗੁਰਮੀਤ ਸਿੰਘ ਦੇ ਦੋਸਤ ਤਰਸੇਮ ਸਿੰਘ ਨੇ ਦੱਸਿਆ ਕਿ ਹਸਪਤਾਲ ਵਾਲਿਆਂ ਵਲੋਂ ਮਲਕੀਤ ਕੌਰ ਦੀ ਮੌਤ ਹੋਣ ਤੋਂ ਬਾਅਦ ਇਹ ਤਾਂ ਲਿਖ ਕੇ ਦੇ ਦਿੱਤਾ ਗਿਆ ਹੈ ਕਿ ਉਸਦੀ ਮੌਤ ਕੋਰੋਨਾ ਕਾਰਨ ਹੋਈ ਹੈ ਪਰੰਤੂ ਮਰੀਜ ਦੀਆਂ ਰਿਪੋਰਟਾਂ ਉਹਨਾਂ ਨੂੰ ਨਹੀਂ ਦਿੱਤੀਆਂ ਗਈਆਂ| ਉਹਨਾਂ ਕਿਹਾ ਕਿ ਮਲਕੀਤ ਕੌਰ ਦਾ ਪਤੀ ਗੁਰਮੀਤ ਸਿੰਘ ਅੰਗਹੀਣ ਹੈ ਅਤੇ ਉਹ ਖੁਦ ਵੀ ਅੰਗਹੀਨ ਹਨ ਪਰੰਤੂ ਸੈਕਟਰ 32 ਦੇ ਸਰਕਾਰੀ ਹਸਪਤਾਲ ਦੇ ਸਟਾਫ ਵਲੋਂ ਮਲਕੀਤ ਕੌਰ ਦੀ ਮ੍ਰਿਤਕ ਦੇਹ ਸਟ੍ਰੈਚਰ ਤੇ ਰੱਖ ਕੇ ਉਹਨਾਂ ਦੇ ਹਵਾਲੇ ਕਰ ਦਿੱਤੀ ਗਈ ਅਤੇ ਕਿਹਾ ਗਿਆ ਕਿ ਉਹ ਖੁਦ ਹੀ ਇਸਨੂੰ ਲਪੇਟ ਕੇ ਗੱਡੀ ਵਿੱਚ ਰੱਖ ਕੇ ਲੈ ਜਾਣ ਪਰੰਤੂ ਨਾ ਤਾਂ ਉਹਨਾਂ ਨੂੰ ਕੋਈ ਸੁਰਖਿਆ ਕਿਟ ਦਿੱਤੀ ਗਈ ਅਤੇ ਨਾ ਹੀ ਦਸਤਾਨੇ ਅਤੇ ਮਾਸਕ ਆਦਿ ਹੀ ਮੁਹਈਆ ਕਰਵਾਏ ਗਏ| ਉਹਨਾਂ ਰੋਸ ਜਾਹਿਰ ਕੀਤਾ ਕਿ ਸਰਕਾਰ ਵਲੋਂ ਲੋਕਾਂ ਨੂੰ ਕੋਰੋਨਾਂ ਤੋਂ ਬਚਾਓ ਲਈ ਸਾਵਧਾਨੀਆਂ ਵਰਤਣ ਲਈ ਕਿਹਾ ਜਾਂਦਾ ਹੈ ਪਰੰਤੂ ਖੁਦ ਹਸਪਤਾਲਾਂ ਵਿੱਚ ਹੀ ਇਸਦੀ ਖੁੱਲੀ ਉਲੰਘਣਾ ਕੀਤੀ ਜਾਂਦੀ ਹੈ|
ਇਸ ਮੌਕੇ ਪਟਵਾਰੀ ਯੂਨੀਅਨ ਦੇ ਪ੍ਰਧਾਨ  ਹਰਵਿੰਦਰ ਸਿੰਘ ਨੇ ਦੱਸਿਆ ਕਿ ਪੀੜਿਤ ਪਰਿਵਾਰ ਵਲੋਂ ਉਹਨਾਂ ਨਾਲ ਸੰਪਰਕ ਕੀਤਾ ਗਿਆ ਸੀ ਜਿਸਤੋਂ ਬਾਅਦ ਉਹਨਾਂ ਵਲੋਂ ਡਾਕਟਰ ਨਾਲ ਸੰਪਰਕ ਕੀਤਾ ਗਿਆ ਜਿਹਨਾਂ ਵਲੋਂ ਪਹਿਲਾਂ ਤਾਂ ਕੋਈ ਆਈ ਗਈ ਹੀ ਨਹੀਂ ਦਿੱਤੀ ਗਈ ਪਰੰਤੂ ਬਾਅਦ ਵਿੱਚ ਮਿਤਕ ਦੇਹ ਤਾਂ ਸੌਂਪ ਦਿੰਤੀ ਗਈ ਪਰੰਤੂ ਸੁਰੱਖਿਆ ਕਿਟ ਮੁਹਈਆ ਨਹੀਂ ਕਰਵਾਈ ਗਈ| 
ਇਸ ਸੰਬੰਧੀ ਸੰਪਰਕ ਕਰਨ ਤੇ                  ਡੇਰਾਬਸੀ ਸਿਵਲ ਹਸਪਤਾਲ ਦੇ ਨੋਡਲ ਅਫਸਰ ਡਾ. ਵਿਕਰਾਂਤ ਨੇ ਦੱਸਿਆ ਕਿ ਮਲਕੀਤ ਕੌਰ 11 ਅਗਸਤ ਨੂੰ ਸਿਵਲ ਹਸਪਤਾਲ ਦਾਖਿਲ ਹੋਈ ਸੀ ਅਤੇ ਉਸਨੂੰ 12 ਅਗਸਤ ਨੂੰ ਚੰਡੀਗੜ੍ਹ ਦੇ ਸੈਕਟਰ 32 ਦੇ ਸਰਕਾਰੀ ਮੈਡੀਕਲ ਕਾਲੇਜ ਹਸਪਤਾਲ ਰੈਫਰ ਕੀਤਾ ਗਿਆ ਸੀ ਜਿੱਥੇ 13 ਅਗਸਤ ਨੂੰ ਰਾਤ ਨੂੰ ਉਸਦੀ ਮੌਤ ਹੋ ਗਈ ਸੀ| ਉਹਨਾਂ ਦੱਸਿਆ ਕਿ 14 ਅਗਸਤ ਨੂੰ ਹਸਪਤਾਲ ਦੀ ਐਂਬੂਲੈਂਸ ਇੱਕ ਸੀਰੀਅਸ ਮਰੀਜ ਨੂੰ ਪਟਿਆਲਾ ਲੈ ਕੇ ਗਈ ਸੀ ਜਿਸ ਕਾਰਨ ਉਸ ਦਿਨ ਸਸਕਾਰ ਵਾਸਤੇ ਐਂਬੂਲੈਂਸ ਮੁਹਈਆ ਨਹੀਂ ਕਰਵਾਈ ਜਾ ਸਕੀ|  ਅਗਲੇ ਦਿਨ ਸੈਕਟਰ 25 ਦੇ ਬਿਜਲਈ ਸ਼ਮਸ਼ਾਨ ਘਰ ਵਿੱਚ ਸਸਕਾਰ ਲਈ ਸਮਾਂ ਮੰਗਿਆ ਗਿਆ ਸੀ ਪਰੰਤੂ ਉੱਥੋਂ ਕਿਹਾ ਗਿਆ ਕਿ ਬਲੌਂਗੀ ਦੇ ਬਿਜਲਈ ਸ਼ਮਸ਼ਾਨ ਘਾਟ ਵਿੱਚ ਸਸਕਾਰ ਹੋਵੇਗਾ| ਉਹਨਾਂ ਦੱਸਿਆ ਕਿ 16 ਅਗਸਤ ਨੂੰ ਸਵੇਰੇ ਪਹਿਲਾਂ ਇੱਕ ਹੋਰ ਮਰੀਜ ਦਾ ਅੰਤਮ ਸਸਕਾਰ ਹੋਇਆ ਅਤੇ ਮਲਕੀਤ ਕੌਰ ਦੇ ਸਸਕਾਰ ਲਈ ਬਲੌਂਗੀ ਦਾ ਸ਼ਾਮ ਚਾਰ ਵਜੇ ਦਾ ਸਮਾਂ ਮਿਲਿਆ ਸੀ ਜਿਸ ਅਨੁਸਾਰ ਸੈਕਟਰ 32 ਦੇ ਹਸਪਤਾਲ ਵਿੱਚ ਐਂਬੂਲੈਂਸ ਭੇਜੀ ਗਈ ਸੀ ਅਤੇ ਮਲਕੀਤ ਕੌਰ ਦਾ ਅੰਤਮ ਸਸਕਾਰ ਹੋ ਗਿਆ ਹੈ| ਮ੍ਰਿਤਕ ਦੇ ਪਰਿਵਾਰ ਵਲੋਂ ਇਲਜਾਮ ਲਗਾਏ ਗਏ ਹਨ ਕਿ ਮ੍ਰਿਤਕ ਦੇਹ ਨੂੰ ਠੀਕ ਤਰ੍ਹਾਂ ਕਵਰ ਨਹੀਂ ਕੀਤਾ ਗਿਆ ਅਤੇ ਉਹਨਾਂ ਨੇ ਉਸਨੂੰ ਖੁਦ ਹੀ ਚੁੱਕ ਕੇ ਗੱਡੀ ਵਿੱਚ ਰੱਖਿਆ|  ਉਹਨਾਂ ਕਿਹਾ ਕਿ ਅਜਿਹਾ ਕਰਨਾ ਸੈਕਟਰ 32 ਦੇ ਹਸਪਤਾਲ ਦੀ ਜਿੰਮੇਵਾਰੀ ਬਣਦੀ ਸੀ ਕਿਉਂਕਿ ਲਾਸ਼ ਉੱਥੋਂ ਹੀ ਭੇਜੀ ਜਾਣੀ ਸੀ|

Leave a Reply

Your email address will not be published. Required fields are marked *