ਸਰਕਾਰੀ ਵੈਟਰਨਰੀ ਪੋਲੀ ਕਲੀਨਿਕ ਬਲੌਂਗੀ ਨੂੰ ਆਧੁਨਿਕ ਸਾਜੋ-ਸਮਾਨ ਨਾਲ ਲੈਸ ਕੀਤਾ ਜਾਵੇਗਾ : ਸਿੱਧੂ

ਐਸ.ਏ.ਐਸ ਨਗਰ, 26 ਜੁਲਾਈ (ਸ.ਬ.) ਪੰਜਾਬ ਦੀ ਆਰਥਿਕਤਾ ਵਿੱਚ ਪਸ਼ੂ ਧਨ ਦੀ ਵੱਡੀ ਦੇਣ ਹੈ ਅਤੇ ਰਾਜ ਦੇ ਪਸ਼ੂ ਪਾਲਕਾਂ ਨੂੰ ਪਸ਼ੂ ਹਸਪਤਾਲਾਂ ਅਤੇ ਡਿਸਪੈਂਸਰੀਆਂ ਵਿੱਚ ਪਸ਼ੂਆਂ ਦੇ ਇਲਾਜ ਲਈ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਇਨ੍ਹਾਂ ਵਿਚ ਲੋੜੀਂਦਾ ਨਵਾਂ ਆਧੁਨਿਕ ਸਾਜੋ-ਸਮਾਨ ਮੁਹੱਈਆ ਕਰਵਾਇਆ ਜਾਵੇਗਾ| ਇਸ ਗੱਲ ਦੀ ਜਾਣਕਾਰੀ ਪਸ਼ੂ ਪਾਲਣ ਤੇ ਡੇਅਰੀ ਵਿਕਾਸ ਮੰਤਰੀ ਪੰਜਾਬ ਸ. ਬਲਬੀਰ ਸਿੰਘ ਸਿੱਧੂ ਨੇ ਸਰਕਾਰੀ ਵੈਟਰਨਰੀ ਪੋਲੀ ਕਲੀਨਿਕ ਬਲੌਂਗੀ ਦਾ ਅਚਨਚੇਤੀ ਦੌਰਾ ਕਰਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ|
ਸ. ਸਿੱਧੂ ਨੇ ਦੱਸਿਆ ਕਿ ਪੋਲੀ ਕਲੀਨਿਕ ਬਲੌਂਗੀ ਵਿਖੇ ਹਰ ਜਾਨਵਰ ਦੇ ਇਲਾਜ ਦੀ ਵਿਵਸਥਾ ਹੈ ਪ੍ਰੰਤੂ ਇਸ ਵਿੱਚ ਆਧੁਨਿਕ ਸਾਜੋ-ਸਮਾਨ ਦੀ ਘਾਟ ਹੈ ਅਤੇ ਪਿਛਲੀ ਸਰਕਾਰ ਨੇ ਇਸ ਨੂੰ ਅਣਗੋਲਿਆਂ ਕਰੀ ਰੱਖਿਆ ਅਤੇ ਇਸ ਵਿੱਚ ਆਧੁਨਿਕ ਸਾਜੋ ਸਮਾਨ ਦੀ ਲੋੜ ਹੈ ਤਾਂ ਜੋ ਜਾਨਵਰਾਂ ਦਾ ਸਹੀ ਇਲਾਜ ਹੋ ਸਕੇ | ਉਨ੍ਹਾਂ ਇਸ ਮੌਕੇ ਐਕਸਰੇ ਮਸ਼ੀਨ, ਅਲਟਰਾ ਸਾਂਉਂਡ ਮਸ਼ੀਨ ਜਿਨ੍ਹਾਂ ਦੀ ਹਾਲਤ ਖਸਤਾ ਹੋ ਚੁੱਕੀ ਹੈ ਦਾ ਵਿਸ਼ੇਸ ਤੌਰ ਤੇ ਜਾਇਜ਼ਾ ਲਿਆ ਅਤੇ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਸ੍ਰੀ ਅਮਰਜੀਤ ਸਿੰਘ ਨੂੰ ਇਨ੍ਹਾਂ ਮਸ਼ੀਨਾਂ ਨੂੰ ਤੁਰੰਤ ਬਦਲਣ ਦੀਆਂ ਹਦਾਇਤਾਂ ਦਿੱਤੀਆਂ | ਸ. ਸਿੱਧੂ ਨੇ ਦੱਸਿਆ ਕਿ ਟਰਾਈ ਸਿਟੀ ਹੋਣ ਕਾਰਣ ਇਸ ਇਲਾਕੇ ਦੇ ਲੋਕਾਂ ਦਾ ਮੁੱਖ ਧੰਦਾ ਡੇਅਰੀ ਧੰਦਾ ਹੈ| ਇਸ ਲਈ ਪੋਲੀ ਕਲੀਨਿਕ ਵਿੱਚ ਪਸ਼ੂ ਪਾਲਕਾਂ ਨੂੰ ਆਪਣੇ ਪਸ਼ੂਆਂ ਦੇ ਇਲਾਜ ਲਈ ਕੋਈ ਮੁਸ਼ਕਲ ਨਹੀਂ ਆਉਣੀ ਚਾਹੀਦੀ| ਉਨ੍ਹਾਂ ਪੋਲੀ ਕਲੀਨਿਕ ਦੇ ਓਪਰੇਸ਼ਨ ਥੀਏਟਰ ਸਮੇਤ ਹਰੇਕ ਵਿੰਗ ਦਾ ਦੌਰਾ ਕੀਤਾ ਅਤੇ ਸਟਾਫ ਦੀ ਹਾਜ਼ਰੀ ਦੀ ਚੈਕਿੰਗ ਦੇ ਨਾਲ ਨਾਲ ਪੋਲੀ ਕਲੀਨਿਕ ਵਿੱਚ ਇਲਾਜ ਲਈ ਆਏ ਪਸ਼ੂਆਂ ਦੇ ਰਿਕਾਰਡ ਦਰਜ ਕਰਨ ਵਾਲੇ ਰਜਿਸਟਰ ਨੂੰ ਵੀ ਵਾਚਿਆ ਅਤੇ ਹਦਾਇਤ ਕੀਤੀ ਕਿ ਰਜਿਸਟਰ ਵਿੱਚ ਪਸ਼ੂ ਮਾਲਕ ਦੇ ਨਾਂ ਦੇ ਨਾਲ ਨਾਲ ਉਸ ਦਾ ਮੁਬਾਇਲ ਨੰਬਰ ਵੀ ਦਰਜ ਕੀਤਾ ਜਾਵੇ|
ਇਸ ਮੌਕੇ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਨੇ ਦੱਸਿਆ ਕਿ ਪੋਲੀਕਲੀਨਿਕ ਵਿੱਚ ਹਰੇਕ ਜਾਨਵਰ ਦਾ ਇਲਾਜ ਕੀਤਾ ਜਾਂਦਾ ਹੈ | ਇਹ ਪੋਲੀ ਕਲੀਨਿਕ ਰੋਜ਼ਾਨਾ ਸਵੇਰੇ 08.00 ਵਜੇ ਤੋਂ ਰਾਤ 08.00 ਵਜੇ ਤੱਕ 12 ਘੰਟੇ ਖੁੱਲ੍ਹਾ ਰਹਿੰਦਾ ਹੈ ਅਤੇ ਮਾਹਿਰ ਡਾਕਟਰ ਜਾਨਵਰਾਂ ਦਾ ਇਲਾਜ ਕਰਦੇ ਹਨ| ਇਸ ਮੌਕੇ ਸ. ਸਿੱਧੂ ਦੇ ਸਿਆਸੀ ਸਕੱਤਰ ਹਰਕੇਸ਼ ਚੰਦ ਸ਼ਰਮਾ ਮੱਛਲੀਕਲਾਂ, ਐਡਵੋਕੇਟ ਕੰਵਰਬੀਰ ਸਿੰਘ ਸਿੱਧੂ, ਸ.ਜੀ. ਐਸ.ਰਿਆੜ, ਡਿਪਟੀ ਡਾਇਰੈਕਟਰ ਪ੍ਰਮਾਤਮਾ ਸਰੂਪ, ਡਾ. ਗੁਰਇਕਬਾਲ ਸਿੰਘ ਗਰੋਵਰ, ਡਾ. ਵਰਸ਼ਾ ਅਤੇ ਡਾ. ਦਪਿੰਦਰ ਨਿੱਝਰ ਵੀ ਮੌਜੂਦ ਸਨ|

Leave a Reply

Your email address will not be published. Required fields are marked *