ਸਰਕਾਰੀ ਸਕੀਮਾਂ ਦਾ ਲਾਭ ਆਮ ਲੋਕਾਂ ਤੱਕ ਪੁਜਦਾ ਕਰੇ ਸਰਕਾਰ

ਸਰਕਾਰ ਦੀਆਂ ਵਿਰੋਧੀ ਪਾਰਟੀਆਂ ਅਤੇ ਆਮ ਲੋਕਾਂ ਦੇ ਵੱਖ ਵੱਖ ਵਰਗਾਂ ਵਲੋਂ ਅਕਸਰ ਹੀ ਸਰਕਾਰਾਂ ਉਪਰ ਹੀ ਇਹ ਦੋਸ਼ ਲਗਾਇਆ ਜਾਂਦਾ ਹੈ ਕਿ ਸਰਕਾਰ ਤੋਂ ਹਰ ਵਰਗ ਪ੍ਰੇਸ਼ਾਨ ਹੈ ਅਤੇ ਉਸਦੀਆਂ ਨੀਤੀਆਂ ਲੋਕ ਵਿਰੋਧੀ ਹਨ| ਦੂਜੇ ਪਾਸੇ ਹਰ ਸਰਕਾਰ ਦਾ ਇਹ ਦਾਅਵਾ ਹੁੰਦਾ ਹੈ ਕਿ ਉਸਨੇ ਆਪਣੇ ਕਾਰਜਕਾਲ ਦੌਰਾਨ ਲੋਕ ਭਲਾਈ ਦੀਆਂ ਬ ਹੁਤ ਸਾਰੀਆਂ ਸਕੀਮਾਂ ਚਲਾਈਆਂ ਹਨ, ਜਿਹਨਾਂ ਦਾ ਲੱਖਾਂ ਲੋਕ ਲਾਭ ਵੀ ਲੈ ਰਹੇ ਹਨ| ਦੋਵਾਂ ਧਿਰਾਂ ਦੇ ਬਿਆਨਾਂ ਵਿਚ ਫਰਕ ਦੇ ਅਸਲ ਕਾਰਨ ਇਹ ਹਨ ਕਿ ਦੋਵੇਂ ਧਿਰਾਂ ਹੀ ਕੁਝ ਹੱਦ ਤੱਕ ਸੱਚੀਆਂ ਹੁੰਦੀਆਂ ਹਨ| ਜਦੋਂ ਸਰਕਾਰ ਇਹ ਕਹਿੰਦੀ ਹੈ ਕਿ ਉਸਨੇ ਲੋਕ ਭਲਾਈ ਦੀਆਂ ਯੋਜਨਾਵਾਂ ਤੇ ਸਕੀਮਾਂ ਬਣਾਈਆਂ ਹਨ ਤਾਂ ਉਹ ਵੀ ਸਹੀ ਹੁੰਦੀ ਹੈ, ਪਰ ਜਦੋਂ ਲੋਕ ਕਹਿੰਦੇ ਹਨ ਕਿ ਸਰਕਾਰ ਨੇ ਉਹਨਾਂ ਵਾਸਤੇ ਕੁਝ ਨਹੀਂ ਕੀਤਾ ਤਾਂ ਉਹ ਵੀ ਸਹੀ ਹੁੰਦੇ ਹਨ| ਅਸਲ ਵਿਚ ਇਸ ਵਿਰੋਧਾਭਾਸ ਦਾ ਮੁੱਖ ਕਾਰਨ ਇਹ ਹੈ ਕਿ ਸਰਕਾਰ ਸਕੀਮਾਂ ਤਾਂ ਬਣਾਉਂਦੀ ਹੈ ਪਰ ਇਹਨਾਂ ਨੂੰ ਲਾਗੂ ਕਰਨ ਵੇਲੇ ਬਹੁਤ ਸਾਰੀਆਂ ਉਣਤਾਈਆਂ ਰਹਿ ਜਾਂਦੀਆਂ ਹਨ ਅਤੇ ਆਪਣੀਆਂ ਸਕੀਮਾਂ ਨੂੰ ਢੰਗ ਨਾਲ ਲਾਗੂ ਕਰਨ ਵਿਚ ਸਰਕਾਰ ਦੀ ਨਾਕਾਮੀ ਕਾਰਨ ਇਹਨਾਂ ਦਾ ਲਾਭ ਆਮ ਲੋਕਾਂ ਨੂੰ ਜਾਂ ਤਾਂ ਪਹੁੰਚਦਾ ਹੀ ਨਹੀਂ ਜਾਂ ਫਿਰ ਬਹੁਤ ਹੀ ਘੱਟ ਮਿਲਦਾ ਹੈ| ਇਸ ਕਾਰਨ ਹੀ ਲੋਕਾਂ ਦੇ ਵੱਖ ਵੱਖ ਵਰਗਾ ਇਹ ਇਲਜਾਮ ਲਗਾਉਂਦੇ ਹਨ ਕਿ ਸਰਕਾਰ ਨੇ ਲੋਕਾਂ ਦੀ ਭਲਾਈ ਲਈ ਕੁਝ ਨਹੀਂ ਕੀਤਾ|
ਇਸ ਵਿੱਚ ਸਾਰਾ ਦੋਸ਼ ਸਰਕਾਰ ਵਲੋਂ ਚਲਾਈਆਂ ਜਾਂਦੀਆਂ ਲੋਕ ਭਲਾਈ ਦੀਆਂ ਸਕੀਮਾਂ ਨੂੰ ਲਾਗੂ ਕਰਨ ਵਾਲੇ ਤੰਤਰ ਦਾ ਹੀ ਹੈ| ਪੰਜ ਸਾਲਾਂ ਬਾਅਦ ਸਰਕਾਰ ਤਾਂ ਬਦਲ ਜਾਂਦੀ ਹੈ ਪਰ ਅਫਸਰ ਸਾਹੀ ਉਹੀ ਰਹਿੰਦੀ ਹੈ ਅਤੇ ਸਰਕਾਰੀ ਮੁਲਾਜਮਾਂ ਦੇ ਆਮ ਲੋਕਾਂ ਨਾਲ ਵਤੀਰੇ ਵਿਚ ਵੀ ਕੋਈ ਅੰਤਰ ਨਹੀਂ ਆਉਂਦਾ| ਇਸ ਤੋਂ ਇਲਾਵਾ ਹਰ ਪਾਰਟੀ ਦੀ ਸਰਕਾਰ ਵਿਚ ਉਸ ਪਾਰਟੀ ਦੇ ਆਗੂ ਸਿਰਫ ਆਪਣੇ ਚਹੇਤਿਆਂ ਨੂੰ ਹੀ ਸਰਕਾਰੀ ਸਕੀਮਾਂ ਦਾ ਲਾਭ ਦੇਣ ਦਾ ਯਤਨ ਕਰਦੇ ਹਨ ਅਤੇ ਇਸ ਵਿੱਚ ਉਹ ਸਫਲ ਵੀ ਹੋ ਜਾਂਦੇ ਹਨ| ਕਹਿਣ ਦਾ ਭਾਵ ਇਹ ਹੈ ਕਿ ਜੇ ਪੰਜਾਬ ਵਿਚ ਅਕਾਲੀ ਦਲ ਦੀ ਸਰਕਾਰ ਹੁੰਦੀ ਹੈ ਤਾਂ ਉਸ ਵਲੋਂ ਬਣਾਈਆਂ ਲੋਕ ਭਲਾਈ ਸਕੀਮਾਂ ਦਾ ਲਾਭ ਅਕਾਲੀ ਦਲ ਦੇ ਵਰਕਰਾਂ ਅਤੇ ਹਮਾਇਤੀਆਂ ਨੂੰ ਹੀ ਵਧੇਰੇ ਪਹੁੰਚਦਾ ਹੈ ਅਤੇ ਜਦੋਂ ਪੰਜਾਬ ਵਿਚ ਕਾਂਗਰਸ ਸਰਕਾਰ ਹੁੰਦੀ ਹੈ ਤਾਂ ਉਸ ਵਲੋਂ ਆਮ ਲੋਕਾਂ ਦੀ ਭਲਾਈ ਲਈ ਬਣਾਈਆਂ ਸਕੀਮਾਂ ਦਾ ਲਾਭ ਕਾਂਗਰਸੀਆਂ ਅਤੇ ਕਾਂਗਰਸ ਨਾਲ ਹਮਦਰਦੀ ਰਖਣ ਵਾਲੇ ਲੋਕਾਂ ਨੂੰ ਮਿਲਦਾ ਹੈ| ਇਸ ਤਰ੍ਹਾਂ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਰਾਜਨੀਤੀ ਦੀ ਭੇਂਟ ਚੜ ਜਾਂਦੀਆਂ ਹਨ|
ਇਸ ਤੋਂ ਇਲਾਵਾ ਸਮਾਜ ਵਿਚ ਅਜਿਹੇ ਵੀ ਲੋਕ ਵੱਡੀ ਗਿਣਤੀ ਵਿਚ ਹਨ ਜੋ ਕਿ ਹਰ ਪਾਰਟੀ ਦੀ ਸਰਕਾਰ ਵਿਚ ਖੁਦ ਅਤੇ ਆਪਣੇ ਚਹੇਤਿਆਂ ਲਈ ਬਹੁਤ ਕੁਝ ਹਾਸਿਲ ਕਰ ਲੈਂਦੇ ਹਨ| ਇਹ ਸ਼ਾਤਿਰ ਲੋਕ ਅਕਸਰ ਹੀ ਹਰ ਸਰਕਾਰ ਦੇ ਚਹੇਤੇ ਬਣੇ ਰਹਿੰਦੇ ਹਨ| ਸਰਕਾਰ ਬਦਲਣ ਨਾਲ ਹੀ ਇਹਨਾਂ ਦੀਆਂ ਪੱਗਾਂ ਅਤੇ ਕਪੜਿਆਂ ਦਾ ਰੰਗ ਵੀ ਬਦਲ ਜਾਂਦਾ ਹੈ| ਹਰ ਸਰਕਾਰ ਵਿਚ ਹੀ ਇਹਨਾਂ ਦੀ ਸਰਕਾਰੇ ਦਰਬਾਰੇ ਤੂਤੀ ਬੋਲਦੀ ਹੈ| ਇਸ ਕਾਰਨ ਕਈ ਵਾਰ ਉਸ ਪਾਰਟੀ ਦੇ ਆਮ ਵਰਕਰ ਵੀ ਆਪਣੀ ਸਰਕਾਰ ਤੋਂ ਨਿਰਾਸ਼ ਹੋਣਾ ਸ਼ੁਰੂ ਕਰ ਦਿੰਦੇ ਹਨ ਜਿਸ ਪਾਰਟੀ ਦੀ ਸਰਕਾਰ ਹੁੰਦੀ ਹੈ|
ਪੰਜਾਬ ਵਿਚ ਕੁਝ ਸਾਲ ਪਹਿਲਾਂ ਉਸ ਸਮੇਂ ਦੀ ਸਰਕਾਰ ਵਲੋਂ ਬਜੁਰਗ ਔਰਤਾਂ ਲਈ ਮੁਫਤ ਬੱਸ ਸਫਰ ਸਕੀਮ ਸ਼ੁਰੂ ਕੀਤੀ ਗਈ ਸੀ| ਇਸ ਸਕੀਮ ਤਹਿਤ ਸਰਕਾਰੀ ਬੱਸਾਂ ਵਿਚ ਬਜੁਰਗ ਔਰਤਾਂ ਦਾ ਕਿਰਾਇਆ ਮੁਫਤ ਸੀ| ਇਸ ਕੰਮ ਲਈ ਸਾਰੇ ਪੰਜਾਬ ਵਿਚ ਬਜੁਰਗ ਔਰਤਾਂ ਦੇ ਸ਼ਨਾਖਤੀ ਕਾਰਡ ਵੀ ਬਣਾਏ ਗਏ ਸਨ| ਪਰ ਇਸ ਦੌਰਾਨ ਕਈ ਅਧੱਖੜ ਅਤੇ ਭਰ ਜਵਾਨ ਔਰਤਾਂ ਨੇ ਵੀ ਬਜੁਰਗ ਔਰਤਾਂ ਲਈ ਚਲਾਈ ਇਸ ਮੁਫਤ ਬੱਸ ਸਫਰ ਸਕੀਮ ਦਾ ਲਾਭ ਲੈਣਾ ਸ਼ੁਰੂ ਕਰ ਦਿੱਤਾ ਸੀ| ਇਹਨਾਂ ਔਰਤਾਂ ਨੇ ਆਪਣੇ ਸਿਰਾਂ ਉਪਰ ਚਿੱਟੀਆਂ ਚੁੰਨੀਆਂ ਲੈ ਕੇ ਅਤੇ ਹੱਥ ਵਿਚ ਸੋਟੀਆਂ ਫੜ ਕੇ ਫੋਟੋਆਂ ਖਿਚਵਾ ਕੇ ਸਰਕਾਰ ਨੇੜਲੇ ਲੋਕਾਂ ਦੀ ਮਿਹਰਬਾਨੀ ਨਾਲ ਮੁਫਤ ਬੱਸ ਸਫਰ ਦੇ ਕਾਰਡ ਬਣਵਾ ਲਏ ਸਨ ਅਤੇ ਸਰਕਾਰੀ ਬੱਸਾਂ ਵਿਚ ਮੁਫਤ ਬੱਸ ਸਫਰ ਕਰਨਾ ਸ਼ੁਰੂ ਕਰ ਦਿਤਾ ਸੀ|
ਪੰਜਾਬ ਦੀ ਕੈਪਟਨ ਸਰਕਾਰ ਨੇ ਕੁਝ ਸਮਾਂ ਪਹਿਲਾਂ ਹੀ ਕਿਸਾਨਾਂ ਦਾ ਕਰਜਾ ਮਾਫ ਕਰਨ ਦੀ ਸਕੀਮ ਪੂਰੀ ਤਰਾਂ ਗੱਜ ਵੱਜ ਕੇ ਸ਼ੁਰੂ ਕੀਤੀ ਸੀ ਪਰ ਫਿਰ ਮੀਡੀਆ ਵਿਚ ਇਸ ਗਲ ਦੀ ਵੀ ਕਾਫੀ ਚਰਚਾ ਹੋਈ ਕਿ ਇਸ ਸਕੀਮ ਤਹਿਤ ਵੱਡੀ ਗਿਣਤੀ ਉਹਨਾਂ ਕਿਸਾਨਾਂ ਦਾ ਕਰਜਾ ਹੀ ਮਾਫ ਕੀਤਾ ਗਿਆ ਹੈ ਜੋ ਕਿ ਕਾਂਗਰਸੀ ਆਗੂਆਂ ਦੇ ਚਹੇਤੇ ਅਤੇ ਕਾਂਗਰਸ ਦੇ ਹਮਦਰਦ ਸਨ| ਇਹ ਹੀ ਹਾਲ ਹੋਰਨਾਂ ਸਰਕਾਰੀ ਸਕੀਮਾਂ ਅਤੇ ਸਹੂਲਤਾਂ ਦਾ ਹੋਇਆ ਹੈ, ਇਹਨਾਂ ਸਰਕਾਰੀ ਸਹੂਲਤਾਂ ਦਾ ਲਾਭ ਜਾਇਜ ਲੋਕਾਂ ਤੱਕ ਘੱਟ ਪਹੁੰਚ ਰਿਹਾ ਹੈ ਜਦੋਂਕਿ ਸਰਕਾਰ ਦੇ ਚਹੇਤਿਆਂ ਅਤੇ ਉਹਨਾਂ ਦੇ ਖਾਸ ਬੰਦੇ ਇਹਨਾਂ ਸਹੂਲਤਾਂ ਦਾ ਪੂਰਾ ਲਾਭ ਲੈ ਰਹੇ ਹਨ| ਅਜਿਹਾ ਨਾ ਹੋਵੇ ਇਸ ਲਈ ਜਰੂਰੀ ਹੈ ਕਿ ਜੇਕਰ ਸਰਕਾਰ ਲੋਕ ਭਲਾਈ ਦੀਆਂ ਸਕੀਮਾਂ ਚਲਾਉਂਦੀ ਹੈ ਤਾਂ ਉਹਨਾਂ ਸਕੀਮਾਂ ਨੂੰ ਸਹੀ ਤਰੀਕੇ ਨਾਲ ਲਾਗੂ ਕੀਤਾ ਜਾਵੇ ਅਤੇ ਬਿਨਾ ਕਿਸੇ ਵਿਤਕਰੇ ਦੇ ਹਰ ਵਰਗ ਦੇ ਲੋਕਾਂ ਤਕ ਉਹਨਾਂ ਸਕੀਮਾਂ ਦਾ ਲਾਭ ਪਹੁੰਚਾਇਆ ਜਾਵੇ ਅਤੇ ਸਰਕਾਰ ਨੂੰ ਇਸ ਪਾਸੇ ਵੀ ਧਿਆਨ ਦੇਣ ਚਾਹੀਦਾ ਹੈ|

Leave a Reply

Your email address will not be published. Required fields are marked *