ਸਰਕਾਰੀ ਸਕੂਲਾਂ ਵਿੱਚ ਅੰਦਰੂਨੀ ਸੁਧਾਰ ਦੀ ਲੋੜ

ਅਸੀਂ ਦੇਸ਼ ਨੂੰ ਨਾਲੇਜ ਪਾਵਰ ਤਾਂ ਬਣਾਉਣਾ ਚਾਹੁੰਦੇ ਹਾਂ ਪਰ ਪ੍ਰਾਇਮਰੀ ਐਜੂਕੇਸ਼ਨ ਦੀ ਕਵਾਲਿਟੀ ਨਹੀਂ ਸੁਧਾਰ ਪਾ ਰਹੇ ਹਾਂ| ਦੇਸ਼ ਵਿੱਚ ਮੁਢਲੀ ਸਿੱਖਿਆ ਦਾ ਹਾਲ ਇਹ ਹੈ ਕਿ ਅੱਜ ਵੀ ਪੰਜਵੀਂ ਜਮਾਤ ਦੇ ਤਕਰੀਬਨ ਅੱਧੇ ਬੱਚੇ ਦੂਜੀ ਜਮਾਤ ਦਾ ਪਾਠ ਤੱਕ ਠੀਕ ਤਰ੍ਹਾਂ ਨਹੀਂ ਪੜ੍ਹ ਸਕਦੇ| ਜਦੋਂਕਿ ਅਠਵੀਂ ਜਮਾਤ ਦੇ 56 ਫੀਸਦੀ ਬੱਚੇ ਦੋ ਅੰਕਾਂ ਵਿਚਾਲੇ ਭਾਗ ਨਹੀਂ ਕਰ ਪਾਉਂਦੇ| ਗੈਰ ਸਰਕਾਰੀ ਸੰਗਠਨ ‘ਪ੍ਰਥਮ’ ਦੇ ਸਲਾਨਾ ਸਰਵੇਖਣ ‘ਐਨੁਅਲ ਸਟੇਟਸ ਆਫ ਐਜੁਕੇਸ਼ਨ ਰਿਪੋਰਟ'(ਅਸਰ)2018 ਤੋਂ ਇਹ ਜਾਣਕਾਰੀ ਮਿਲੀ ਹੈ| ਇਹ ਰਿਪੋਰਟ ਦੇਸ਼ ਦੇ 596 ਜਿਲ੍ਹਿਆਂ ਦੇ 17,730 ਪਿੰਡਾਂ ਦੇ ਪੰਜ ਲੱਖ 46 ਹਜਾਰ 527 ਵਿਦਿਆਰਥੀਆਂ ਦੇ ਵਿਚਾਲੇ ਕੀਤੇ ਗਏ ਸਰਵੇ ਉੱਤੇ ਆਧਾਰਿਤ ਹੈ|
ਇਸਦੇ ਮੁਤਾਬਕ ਚਾਰ ਬੱਚਿਆਂ ਵਿੱਚੋਂ ਇੱਕ ਬੱਚਾ ਸਧਾਰਣ-ਜਿਹਾ ਪਾਠ ਪੜ੍ਹੇ ਬਿਨ੍ਹਾਂ ਹੀ ਅਠਵੀਂ ਜਮਾਤ ਤੱਕ ਪਹੁੰਚ ਜਾਂਦਾ ਹੈ| ਦੇਸ਼ ਭਰ ਵਿੱਚ ਜਮਾਤ ਤਿੰਨ ਦੇ ਕੁਲ 20.9 ਫੀਸਦੀ ਵਿਦਿਆਰਥੀਆਂ ਨੂੰ ਹੀ ਜੋੜ-ਘਟਾਓ ਠੀਕ ਤਰ੍ਹਾਂ ਆਉਂਦਾ ਹੈ| ਸਕੂਲਾਂ ਵਿੱਚ ਕੰਪਿਊਟਰ ਦੇ ਪ੍ਰਯੋਗ ਵਿੱਚ ਲਗਾਤਾਰ ਕਮੀ ਆ ਰਹੀ ਹੈ| 2010 ਵਿੱਚ 8.6 ਫੀਸਦੀ ਸਕੂਲਾਂ ਵਿੱਚ ਬੱਚੇ ਕੰਪਿਊਟਰ ਦਾ ਪ੍ਰਯੋਗ ਕਰਦੇ ਸਨ| ਸਾਲ 2014 ਵਿੱਚ ਇਹ ਗਿਣਤੀ ਘੱਟ ਕੇ 7 ਫੀਸਦੀ ਹੋ ਗਈ ਜਦੋਂਕਿ 2018 ਵਿੱਚ ਇਹ 6.5 ਫੀਸਦੀ ਤੇ ਪਹੁੰਚ ਗਈ| ਪੇਂਡੂ ਸਕੂਲਾਂ ਵਿੱਚ ਲੜਕੀਆਂ ਲਈ ਬਣੇ ਸ਼ੌਚਾਲਿਆ ਵਿੱਚ ਸਿਰਫ 66.4 ਫੀਸਦੀ ਹੀ ਇਸਤੇਮਾਲ ਦੇ ਲਾਇਕ ਹਨ| 13.9 ਫੀਸਦੀ ਸਕੂਲਾਂ ਵਿੱਚ ਪੀਣ ਦਾ ਪਾਣੀ ਅਜੇ ਵੀ ਨਹੀਂ ਹੈ ਅਤੇ 11.3 ਫੀਸਦੀ ਵਿੱਚ ਪਾਣੀ ਪੀਣ ਲਾਇਕ ਨਹੀਂ ਹੈ|
ਰਾਜ ਸਰਕਾਰਾਂ ਅਜੇ ਵੀ ਸਿੱਖਿਆ ਨੂੰ ਲੈ ਕੇ ਗੰਭੀਰ ਨਹੀਂ ਹਨ| ਸ਼ਾਇਦ ਇਸ ਲਈ ਕਿ ਇਹ ਉਨ੍ਹਾਂ ਦੇ ਵੋਟ ਬੈਂਕ ਨੂੰ ਪ੍ਰਭਾਵਿਤ ਨਹੀਂ ਕਰਦੀ| ਦਰਅਸਲ ਸਮਾਜ ਦੇ ਕਮਜੋਰ ਤਬਕੇ ਦੇ ਬੱਚੇ ਹੀ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਹਨ ਜਦੋਂ ਕਿ ਸੰਪੰਨ ਵਰਗ ਦੇ ਬੱਚੇ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਦੇ ਹਨ| ਸਰਕਾਰੀ ਸਕੂਲਾਂ ਨੂੰ ਅਣਗੌਲਣ ਦਾ ਆਲਮ ਇਹ ਹੈ ਕਿ ਸਕੂਲਾਂ ਵਿੱਚ ਅਧਿਆਪਕਾਂ ਦੀਆਂ ਨਿਯੁਕਤੀਆਂ ਤੱਕ ਨਹੀਂ ਹੁੰਦੀਆਂ| ਇੱਕ ਜਾਂ ਦੋ ਅਧਿਆਪਕ ਸਾਰੀ ਜਮਾਤ ਨੂੰ ਪੜ੍ਹਾਉਦੇ ਹਨ| ਅਧਿਆਪਕਾਂ ਨੂੰ ਆਏ ਦਿਨ ਪੋਲਿਓ ਜਨਗਣਨਾ ਜਾਂ ਚੁਣਾਵੀ ਡਿਊਟੀ ਤੇ ਲਗਾ ਦਿੱਤਾ ਜਾਂਦਾ ਹੈ| ਕਈ ਸਕੂਲਾਂ ਵਿੱਚ ਅਧਿਆਪਕ ਦਿਨ ਭਰ ਮਿਡ ਡੇ ਮੀਲ ਦੀ ਵਿਵਸਥਾ ਵਿੱਚ ਹੀ ਲੱਗੇ ਰਹਿ ਜਾਂਦੇ ਹਨ| ਅਧਿਆਪਕਾਂ ਦੀਆਂ ਨਿਯੁਕਤੀਆਂ ਵਿੱਚ ਵੀ ਭਾਰੀ ਧਾਂਧਲੀ ਹੁੰਦੀ ਹੈ| ਅਕਸਰ ਅਯੋਗ ਅਧਿਆਪਕ ਨਿਯੁਕਤ ਕਰ ਲਏ ਜਾਂਦੇ ਹਨ| ਫਿਰ ਅਧਿਆਪਕਾਂ ਦੇ ਅਧਿਐਨ ਦੀ ਕੋਈ ਵਿਵਸਥਾ ਨਹੀਂ ਹੁੰਦੀ|
ਇਸ ਤੋਂ ਇਲਾਵਾ ਸਕੂਲਾਂ ਵਿੱਚ ਸਥਾਨਕ ਸੁਵਿਧਾਵਾਂ ਠੀਕ ਕਰਨ ਤੇ ਵੀ ਧਿਆਨ ਨਹੀਂ ਦਿੱਤਾ ਜਾਂਦਾ| ਅਜਿਹਾ ਨਹੀਂ ਹੈ ਕਿ ਸਰਕਾਰੀ ਸਕੂਲਾਂ ਵਿੱਚ ਸੁਧਾਰ ਨਹੀਂ ਹੋ ਸਕਦਾ| ਅਸਲ ਗੱਲ ਦ੍ਰਿੜ ਇੱਛਾ ਸ਼ਕਤੀ ਦੀ ਹੈ| ਦਿੱਲੀ ਸਰਕਾਰ ਨੇ ਹਾਲ ਹੀ ਵਿੱਚ ਆਪਣੇ ਸਕੂਲਾਂ ਉੱਤੇ ਵਿਸ਼ੇਸ਼ ਰੂਪ ਨਾਲ ਧਿਆਨ ਦਿੱਤਾ ਅਤੇ ਉਸ ਦੇ ਸ਼ਾਨਦਾਰ ਨਤੀਜੇ ਆਏ ਹਨ| ਅੱਜ ਮੁਢਲੀ ਸਿੱਖਿਆ ਵਿੱਚ ਜੜ੍ਹਾਂ ਤੱਕ ਡੂੰਘੇ ਬਦਲਾਓ ਦੀ ਜ਼ਰੂਰਤ ਹੈ| ਉਸ ਵਿੱਚ ਨਿਵੇਸ਼ ਵਧਾਇਆ ਜਾਵੇ, ਅਧਿਆਪਕਾਂ ਦੀ ਨਿਯੁਕਤੀ ਪ੍ਰਕ੍ਰਿਆ ਬਦਲੀ ਜਾਵੇ| ਸਿਲੇਬਸ ਵਿੱਚ ਤਬਦੀਲੀ ਹੋਵੇ, ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਕੰਪਿਊਟਰ ਅਤੇ ਆਧੁਨਿਕ ਤਕਨੀਕੀ ਸਾਧਨ ਉਪਲੱਬਧ ਕਰਵਾਏ ਜਾਣ| ਪ੍ਰਾਇਮਰੀ ਐਜੂਕੇਸ਼ਨ ਨੂੰ ਦਰੁਸਤ ਕਰਕੇ ਹੀ ਸਮਾਜ ਦੇ ਹਰ ਵਰਗ ਨੂੰ ਵਿਕਾਸ ਪ੍ਰਕ੍ਰਿਆ ਦਾ ਸਾਂਝੀਦਾਰ ਬਣਾਇਆ ਜਾ ਸਕਦਾ ਹੈ|
ਰਮਨ ਯਾਦਵ

Leave a Reply

Your email address will not be published. Required fields are marked *