ਸਰਕਾਰੀ ਸਕੂਲ ਫੇਜ਼-6 ਦੇ 9ਵੀਂ ਅਤੇ 10ਵੀਂ ਜਮਾਤ ਦੇ ਬੱਚਿਆਂ ਨੂੰ ਫੇਜ਼-5 ਦੇ ਸਕੂਲ ਵਿੱਚ ਤਬਦੀਲ ਕਰਨ ਦੀ ਨਿਖੇਧੀ

ਐਸ. ਏ. ਐਸ ਨਗਰ, 1 ਅਗਸਤ (ਸ.ਬ.) ਮੁਹਾਲੀ ਫੇਜ਼-6 ਦੇ ਸਰਕਾਰੀ ਹਾਈ ਸਕੂਲ ਵਿੱਚ ਅੱਜ ਡੀ. ਓ ਸ਼ਰਨਜੀਤ ਸਿੰਘ ਢਿੱਲੋਂ ਵੱਲੋਂ ਹੁਕਮ ਜਾਰੀ ਕਰਕੇ ਸਕੂਲ ਦੇ 9ਵੀਂ ਅਤੇ 10ਵੀਂ ਜਮਾਤ ਦੇ ਬੱਚਿਆਂ ਨੂੰ ਬਦਲ ਕੇ ਫੇਜ਼-5 ਦੇ ਸਕੂਲ ਵਿੱਚ ਬਦਲੀ ਕਰ ਦਿੱਤਾ ਗਿਆ| ਪ੍ਰਾਪਤ ਜਾਣਕਾਰੀ ਅਨੁਸਾਰ ਫੇਜ਼-6 ਦੇ ਸਰਕਾਰੀ ਸਕੂਲ ਵਿੱਚ ਇਮਾਰਤ ਅਤੇ ਬਾਕੀ ਸਹੂਲਤਾਂ ਨਹੀਂ ਸਨ ਪਰੰਤੂ ਫਿਰ ਵੀ ਸਕੂਲ ਨੂੰ ਸਰਕਾਰ ਵੱਲੋਂ ਸਰਕਾਰੀ ਹਾਈ ਸਕੂਲ ਵਿੱਚ ਤਬਦੀਲ ਕਰ ਦਿੱਤਾ ਗਿਆ| ਐਮ. ਸੀ ਆਰ. ਪੀ ਸ਼ਰਮਾ ਨੇ ਬਹੁਤ ਮਿਹਨਤ ਕਰਕੇ ਸਕੂਲ ਨੂੰ ਹਾਈ ਸਕੂਲ ਦੀਆਂ ਸਹੂਲਤਾਂ ਦੇਣ ਲਈ ਮਹਿੰਦਰਾ ਐਂਡ ਮਹਿੰਦਰਾ ਕੰਪਨੀ ਨਾਲ ਗੱਲਬਾਤ ਕੀਤੀ ਅਤੇ ਇਸ ਕੰਪਨੀ ਨੇ ਸਕੂਲ ਨੂੰ ਗੋਦ ਲੈ ਲਿਆ| ਕੰਪਨੀ ਵੱਲੋਂ ਸਕੂਲ ਦੀ ਉਸਾਰੀ ਦਾ ਕੰਮ, ਕੰਪਿਊਟਰ ਰੂਮ ਅਤੇ ਲੈਬ ਦੇ ਕੰਮ ਨੂੰ ਪੂਰਾ ਕਰਵਾਇਆ ਗਿਆ ਅਤੇ ਲੱਖਾਂ ਰੁਪਏ ਖਰਚ ਕੇ ਸਕੂਲ ਲਈ ਫਰਸ਼ ਬਣਾਇਆ ਗਿਆ| ਹੁਣ ਜਦੋਂ ਸਕੂਲ ਪੂਰੀ ਤਰ੍ਹਾਂ ਹਾਈ ਸਕੂਲ ਦੀਆਂ ਸਹੂਲਤਾਂ ਨਾਲ ਉਪਲਬਧ ਹੈ ਤਾਂ ਸਰਕਾਰ ਨੇ ਇਸ ਹੁਕਮ ਨਾਲ ਇਸ ਨੂੰ ਫਿਰ ਮਿਡਲ ਸਕੂਲ ਤੱਕ ਕਰਨ ਦਾ ਫੈਸਲਾ ਲੈ ਲਿਆ ਹੈ ਜੋ ਕਿ ਸਰਕਾਰ ਵੱਲੋਂ ਬਹੁਤ ਨਿੰਦਣਯੋਗ ਕੰਦਮ ਹੈ|
ਕੌਂਸਲਰ ਸ੍ਰ. ਪਰਮਜੀਤ ਸਿੰਘ ਕਾਹਲੋਂ ਨੇ ਇਸ ਨੂੰ ਬਦਲੇ ਦੀ ਰਾਜਨੀਤੀ ਅਤੇ ਨਾਦਰ ਸ਼ਾਹੀ ਫਰਮਾਣ ਕਿਹਾ ਹੈ| ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਸ ਉੱਤੇ ਦੁਬਾਰਾ ਵਿਚਾਰ ਕਰਨਾ ਚਾਹੀਦਾ ਹੈ| ਅਕਾਲੀ ਦਲ ਮੁਹਾਲੀ ਸ਼ਹਿਰੀ ਪ੍ਰਧਾਨ ਸ੍ਰ. ਬਲਜੀਤ ਕੁੰਭੜਾ ਨੇ ਦੱਸਿਆ ਕਿ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਬੱਚਿਆਂ ਦੀ ਪੜ੍ਹਾਈ ਵਿੱਚ ਰੁਕਾਵਟ ਪੈਦਾ ਹੋਵੇਗੀ ਕਿਉਂਕਿ ਸਕੂਲ ਦੇ ਗਰੀਬ ਬੱਚੇ ਜੋ ਕਿ ਨੇੜੇ ਦੀਆਂ ਕਲੋਨੀਆਂ ਤੋਂ ਆਉਂਦੇ ਹਨ, ਉਹ ਫੇਜ਼-5 ਦੇ ਸਕੂਲ ਤੱਕ ਨਹੀਂ ਜਾ ਸਕਣਗੇ| ਇਸ ਕਾਰਨ ਸਰਕਾਰ ਨੂੰ ਇਹ ਹੁਕਮ ਵਾਪਿਸ ਲੈਣਾ ਚਾਹੀਦਾ ਹੈ|
ਫੇਜ਼-5 ਦੇ ਐਮ. ਸੀ ਅਰੁਣ ਸ਼ਰਮਾ ਨੇ ਦੱਸਿਆ ਕਿ ਫੇਜ਼-5 ਦੇ ਸਕੂਲ ਵਿੱਚ 157 ਬੱਚੇ ਹਨ ਜਦੋਂਕਿ ਫੇਜ਼-6 ਦੇ ਸਕੂਲ ਵਿੱਚ 150 ਬੱਚੇ ਪੜ੍ਹਦੇ ਹਨ ਅਤੇ ਫੇਜ਼-6 ਸਕੂਲ ਫੇਜ਼-5 ਨਾਲੋਂ ਵਧੀਆਂ ਅਤੇ ਬਿਹਤਰ ਸਹੂਲਤਾਂ ਨਾਲ ਉਪਲਬਧ ਹੈ|
ਸਕੂਲ ਵਿੱਚ ਪੜ੍ਹਦੇ ਇੱਕ ਵਿਦਿਆਰਥੀ ਦੇ ਪਿਤਾ ਸੁਰੇਸ਼ ਪਾਲ ਨੇ ਦੱਸਿਆ ਕਿ ਉਸਦੇ ਦੋ ਬੱਚੇ 8ਵੀਂ ਅਤੇ 9ਵੀਂ ਜਮਾਤ ਵਿੱਚ ਪੜ੍ਹਦੇ ਹਨ ਅਤੇ ਉਸਦੀ ਪਤਨੀ ਸਵੇਰੇ ਦੋਵਾਂ ਬੱਚਿਆਂ ਨੂੰ ਸਕੂਲ ਵਿੱਚ ਛੱਡ ਕੇ ਨੇੜੇ ਦੀਆਂ ਕੋਠੀਆਂ ਵਿੱਚ ਕੰਮ ਕਰਨ ਚੱਲੀ ਜਾਂਦੀ ਹੈ| ਕੰਮ ਤੋਂ ਵਾਪਸੀ ਸਮੇਂ ਉਹ ਸਕੂਲ ਤੋਂ ਬੱਚੇ ਘਰ ਲੈ ਆਉਂਦੀ ਹੈ| ਹੁਣ ਜੇ ਇਨ੍ਹਾਂ ਬੱਚਿਆਂ ਨੂੰ ਫੇਜ਼-5 ਵਿੱਚ ਤਬਦੀਲ ਕੀਤਾ ਗਿਆ ਤਾਂ ਉਹਨਾਂ ਨੂੰ ਮਜਬੂਰੀ ਨਾਲ ਬੱਚਿਆਂ ਨੂੰ ਸਕੂਲ ਤੋਂ ਹਟਾਉਣਾ ਪਵੇਗਾ|
ਕੱਲ੍ਹ ਸਵੇਰ 7:30 ਵਜੇ ਸਭ ਬੱਚਿਆਂ ਦੇ ਮਾਤਾ ਪਿਤਾ ਸਕੂਲ ਦੇ ਗੇਟ ਤੇ ਇੱਕਠੇ ਹੋਣਗੇ ਅਤੇ ਜੇ ਜਰੂਰਤ ਪਈ ਤਾਂ ਉਹ ਸਰਕਾਰ ਦਾ ਵਿਰੋਧ ਵੀ ਕਰਨਗੇ|

Leave a Reply

Your email address will not be published. Required fields are marked *