ਸਰਕਾਰੀ ਹਾਈ ਸਕੂਲ ਧਰਮਗੜ੍ਹ ਨੇੜੇ ਕੀਤੀ ਤੰਬਾਕੂ ਮੁਕਤ ਜ਼ੋਨ ਦੀ ਮਾਰਕਿੰਗ

ਐਸ.ਏ.ਐਸ.ਨਗਰ, 30 ਨਵੰਬਰ (ਸ.ਬ.) ਤੰਬਾਕੂ ਵਿਰੁੱਧ ਜਾਗਰੂਕਤਾ ਪੈਦਾ ਕਰਨ ਲਈ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਜ਼ਿਲ੍ਹੇ ਦੇ ਵੱਡੀ ਗਿਣਤੀ ਸਰਕਾਰੀ ਸਕੂਲਾਂ ਦੇ ਆਲੇ-ਦੁਆਲੇ 100 ਗਜ਼ ਦੇ ਘੇਰੇ ਵਿਚਲੀਆਂ ਸੜਕਾਂ ਤੇ ਤੰਬਾਕੂ ਮੁਕਤ ਜ਼ੋਨ ਸਬੰਧੀ ਵਿਸ਼ੇਸ਼ ਮਾਰਕਿੰਗ ਕੀਤੀ ਜਾ ਰਹੀ ਹੈ| ਇਸ ਸੰਬੰਧੀ ਸਰਕਾਰੀ ਹਾਈ ਸਕੂਲ ਧਰਮਗੜ੍ਹ ਦੇ ਦੁਆਲੇ ਤੰਬਾਕੂ ਮੁਕਤ ਜ਼ੋਨ ਦੀ ਵਿਸ਼ੇਸ਼ ਮਾਰਕਿੰਗ ਕੀਤੀ ਗਈ ਹੈ| ਇਸ ਦੇ ਨਾਲ ਤੰਬਾਕੂ ਵਿਰੋਧੀ ਜਾਗਰੂਕਤਾ ਬੋਰਡ ਵੀ ਲਗਾਏ ਗਏ ਹਨ|
ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਹਿੰਮਤ ਸਿੰਘ ਨੇ ਦੱਸਿਆ ਕਿ ਵਿਦਿਆਰਥੀਆਂ ਸਮੇਤ ਲੋਕਾਂ ਨੂੰ ਤੰਬਾਕੂ ਸਬੰਧੀ ਕਾਨੂੰਨ ਅਤੇ ਤੰਬਾਕੂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਲਈ ਸਕੂਲਾਂ ਦੁਆਲੇ ਤੰਬਾਕੂ ਮੁਕਤ ਜ਼ੋਨ ਦੀ ਵਿਸ਼ੇਸ਼ ਮਾਰਕਿੰਗ ਕੀਤੀ ਜਾ ਰਹੀ ਹੈ| ਉਹਨਾਂ ਦੱਸਿਆ ਕਿ ਇਸ ਉਪਰਾਲੇ ਤਹਿਤ ਸੜਕਾਂ ਉਤੇ ਪੀਲੀਆਂ ਪੱਟੀਆਂ ਬਣਾ ਕੇ ਤੰਬਾਕੂ ਮੁਕਤ ਜ਼ੋਨ ਲਿਖਿਆ ਗਿਆ ਹੈ ਅਤੇ ਸਕੂਲਾਂ ਦੀਆਂ ਕੰਧਾਂ ਤੇ ਵੀ ਤੰਬਾਕੂ ਮੁਕਤ ਜ਼ੋਨ ਸਬੰਧੀ ਜਾਣਕਾਰੀ ਦਰਸਾਈ ਗਈ ਹੈ|
ਸਿਵਲ ਸਰਜਨ ਡਾ.ਰੀਟਾ ਭਾਰਦਵਾਜ ਨੇ ਦੱਸਿਆ ਕਿ ਤੰਬਾਕੂ ਦੀ ਭੈੜੀ ਆਦਤ ਤੰਬਾਕੂ ਦੀ ਵਰਤੋਂ ਕਰਨ ਵਾਲੇ ਦਾ ਹੀ ਨਹੀਂ ਸਗੋਂ ਉਨਾਂ ਦੇ ਪਰਿਵਾਰ ਦਾ ਵੀ ਆਰਥਿਕ ਤੇ ਮਾਨਸਿਕ ਤੌਰ ਤੇ ਨੁਕਸਾਨ ਕਰਦੀ ਹੈ| ਇਸ ਲਈ ਖ਼ੁਦ ਵੀ ਇਸ ਲਾਹਨਤ ਤੋਂ ਬਚਿਆ ਜਾਵੇ ਅਤੇ ਅਪਣੇ ਦੋਸਤਾਂ-ਮਿੱਤਰਾਂ ਨੂੰ ਵੀ ਇਸ ਤੋਂ ਬਚਣ ਲਈ ਪ੍ਰੇਰਿਆ ਜਾਵੇ| ਉਨਾਂ ਦੱਸਿਆ ਕਿ ਤੰਬਾਕੂ ਵਿਰੋਧੀ ਕਾਨੂੰਨ ਤਹਿਤ ਸਕੂਲ ਜਾਂ ਵਿਦਿਅਕ ਅਦਾਰੇ ਦੀ ਬਾਹਰੀ ਕੰਧ ਦੇ 100 ਗਜ਼ ਦੇ ਘੇਰੇ ਵਿੱਚ ਕੋਈ ਵੀ ਵਿਅਕਤੀ ਤੰਬਾਕੂ ਪਦਾਰਥ ਨਹੀਂ ਵੇਚ ਸਕਦਾ ਤੇ ਨਾ ਹੀ 18 ਸਾਲ ਤੋਂ ਘੱਟ ਉਮਰ ਦੇ ਬੱਚੇ ਨੂੰ ਤੰਬਾਕੂ ਪਦਾਰਥ ਵੇਚੇ ਜਾ ਸਕਦੇ ਹਨ|

Leave a Reply

Your email address will not be published. Required fields are marked *