ਸਰਕਾਰੀ ਹੁਕਮਾਂ ਨੂੰ ਨਾ ਮੰਨਣ ਵਾਲੇ ਸਕੂਲ ਪ੍ਰਬੰਧਕਾਂ ਖਿਲਾਫ ਕਾਰਵਾਈ ਕੀਤੀ ਜਾਵੇ : ਵਿਨੀਤ ਵਰਮਾ

ਐਸ ਏ ਐਸ ਨਗਰ, 14 ਨਵੰਬਰ (ਸ.ਬ.) ਮੁਹਾਲੀ ਵਿਕਾਸ ਮੰਚ ਦੇ ਪ੍ਰਧਾਨ ਸ੍ਰੀ ਵਿਨੀਤ ਵਰਮਾ ਨੇ ਡਿਪਟੀ ਕਮਿਸ਼ਨਰ ਮੁਹਾਲੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਸਰਕਾਰੀ ਹੁਕਮਾਂ ਨੂੰ ਨਾ ਮੰਨਣ ਵਾਲੇ ਸਕੂਲਾਂ ਦੇ ਪ੍ਰਬੰਧਕਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ|
ਆਪਣੇ ਪੱਤਰ ਵਿਚ ਸ੍ਰੀ ਵਿਨੀਤ ਵਰਮਾ ਨੇ ਲਿਖਿਆ ਹੈ ਕਿ ਵਾਤਾਵਰਣ ਵਿੱਚ ਫੈਲੇ ਧੂੰਏ ਅਤੇ ਧੁੰਦ ਨੁੰ ਵੇਖਦਿਆਂ ਡੀ ਸੀ ਵਲੋਂ ਮੁਹਾਲੀ ਦੇ ਸਾਰੇ ਸਕੂਲਾਂ ਨੂੰ ਹੁਕਮ ਜਾਰੀ ਕੀਤੇ ਗਏ ਸਨ ਕਿ ਇਹ ਸਕੂਲ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਖੋਲ੍ਹੇ ਜਾਣ ਇਹ ਹੁਕਮ 18 ਨਵੰਬਰ ਤੱਕ ਜਾਰੀ ਕੀਤੇ ਗਏ ਸਨ ਪਰ ਅੱਜ ਪਹਿਲੇ ਦਿਨ ਹੀ ਮੁਹਾਲੀ ਦੇ ਵੱਡੀ ਗਿਣਤੀ ਸਕੂਲ ਸਵੇਰੇ 8 ਵਜੇ ਹੀ ਖੋਲੇ ਗਏ ਅਤੇ ਬੱਚਿਆਂ ਨੂੰ ਸਰਦੀ ਅਤੇ ਗੰਧਲੇ ਵਾਤਾਵਰਨ ਵਿੱਚ ਹੀ ਸਕੂਲ ਜਾਣ ਲਈ ਮਜਬੂਰ ਹੋਣਾ ਪਿਆ|
ਉਹਨਾਂ ਲਿਖਿਆ ਹੈ ਕਿ ਮਾਪੇ ਆਪਣੇ ਬੱਚਿਆਂ ਨੂੰ ਸਕੂਲਾਂ ਵਿਚ ਚੰਗੇ ਇਨਸਾਨ ਬਣਨ ਅਤੇ ਅਨੁਸ਼ਾਸਨ ਨੂੰ ਸਿੱਖਣ ਲਈ ਭੇਜਦੇ ਹਨ ਪਰ ਜਦੋਂ ਇਹ ਸਕੂਲਾਂ ਵਾਲੇ ਖੁਦ ਹੀ ਸਰਕਾਰੀ ਹੁਕਮਾਂ ਦੀਆਂ ਧੱਜੀਆਂ ਉਡਾ ਰਹੇ ਹਨ ਤਾਂ ਫਿਰ ਉਹ ਬੱਚਿਆਂ ਨੂੰ ਕੀ ਸਿਖਿਆ ਦੇਣਗੇ| ਪੱਤਰ ਦੇ ਅੰਤ ਵਿਚ ਉਹਨਾਂ ਮੰਗ ਕੀਤੀ ਹੈ ਕਿ ਸਰਕਾਰੀ ਹੁਕਮਾਂ ਦੀਆਂ ਧੱਜੀਆਂ ਉਡਾ ਕੇ ਸਵੇਰੇ 8 ਵਜੇ ਹੀ ਸਕੂਲ ਖੋਲ੍ਹਣ ਵਾਲੇ ਸਕੂਲ ਪ੍ਰਬੰਧਕਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ|

Leave a Reply

Your email address will not be published. Required fields are marked *