ਸਰਕਾਰ ਤੋਂ ਦੁਖੀ ਮੁਲਾਜਮਾਂ ਅਤੇ ਪੈਂਸ਼ਨਰਾਂ ਨੇ ਰੋਸ ਰੈਲੀ ਕੱਢੀ

ਐਸ.ਏ.ਐਸ.ਨਗਰ, 13 ਅਗਸਤ (ਜਸਵਿੰਦਰ ਸਿੰਘ) ਸਾਂਝਾ ਮੁਲਾਜਮ ਮੰਚ ਚੰਡੀਗੜ੍ਹ ਅਤੇ ਯੂ ਟੀ ਦੀ ਅਗਵਾਈ ਹੇਠ ਪੈਂਸ਼ਨਰਾਂ ਅਤੇ ਮੁਲਾਜਮਾਂ ਵਲੋਂ ਪੰਜਾਬ ਸਰਕਾਰ ਦੇ ਖਿਲਾਫ ਮੋਟਰਸਾਇਕਲ ਰੋਸ ਰੈਲੀ ਕੱਢੀ ਗਈ|
ਇਸ ਦੌਰਾਨ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਪ੍ਰਧਾਨ ਸ੍ਰ. ਪਰਵਿੰਦਰ ਸਿੰਘ ਖਘੂੰੜਾ ਨੇ ਦੱਸਿਆ ਕਿ ਪੰਜਾਬ ਦੀ ਕੈਪਟਨ ਸਰਕਾਰ ਵਲੋਂ ਚੋਣਾਂ ਵੇਲੇ ਵਾਅਦਾ ਕੀਤਾ ਗਿਆ ਸੀ ਕਿ ਉਨ੍ਹਾਂ ਦੀ ਸਰਕਾਰ ਬਣਨ ਤੇ ਸੂਬੇ ਵਿੱਚ ਮੁਲਾਜਮਾਂ ਦੀਆਂ ਮੰਗਾਂ ਪ੍ਰਵਾਨ ਕੀਤੀਆਂ ਜਾਣਗੀਆਂ ਜਿਨ੍ਹਾਂ ਵਿੱਚ ਕੱਚੇ ਮੁਲਾਜਮਾਂ ਨੂੰ ਪੱਕਾ ਕਰਨਾ, ਡੀ.ਏ. ਦੀਆਂ ਬਕਾਇਆ ਕਿਸ਼ਤਾ ਜਾਰੀ ਕਰਨਾ ਅਤੇ ਨਵਾਂ ਤਨਖਾਹ ਕਮਿਸ਼ਨ ਲਾਗੂ ਕਰਨਾ ਸ਼ਾਮਿਲ ਸਨ| ਉਹਨਾਂ ਕਿਹਾ ਕਿ ਸਰਕਾਰ ਵਲੋਂ ਉਨ੍ਹਾਂ ਦੀਆਂ ਮੰਗਾਂ ਦੀ ਪੂਰਤੀ ਕਰਨ ਦੀ ਬਜਾਏ ਉਲਟਾ ਉਨ੍ਹਾਂ ਨੂੰ ਦਿੱਤੇ ਜਾਣ ਵਾਲੇ ਮੋਬਾਇਲ ਭੱਤੇ ਨੂੰ ਅੱਧਾ ਕਰਨ ਦੇ ਨਾਲ ਹੀ ਡਿਵੈਲਪਮੈਂਟ ਟੈਕਸ ਲਗਾ ਦਿੱਤੇ ਗਏ ਹਨ ਜਿਸ ਕਾਰਨ ਮੁਲਾਜਮਾਂ ਵਿੱਚ ਭਾਰੀ ਰੋਸ ਹੈ|
ਉਹਨਾਂ ਕਿਹਾ ਕਿ ਜੇਕਰ ਉਨਾਂ ਦੀਆਂ ਮੰਗਾਂ ਪ੍ਰਵਾਨ ਨਾ ਕੀਤੀਆਂ ਗਈਆਂ ਤਾਂ ਉਨ੍ਹਾਂ ਵਲੋਂ ਆਉਣ ਵਾਲੇ ਆਜਾਦੀ ਦਿਹਾੜੇ (15 ਅਗਸਤ) ਨੂੰ ਕਾਲੇ ਝੰਡੇ ਲਹਿਰਾਏ ਜਾਣਗੇ ਅਤੇ ਇਸਦੇ ਨਾਲ ਹੀ 18 ਅਤੇ 20 ਅਗਸਤ ਨੂੰ ਪੂਰਾ ਪੰਜਾਬ ਬੰਦ ਰੱਖਿਆ ਜਾਵੇਗਾ|
ਰੈਲੀ ਵਿੱਚ ਹੋਰਨਾਂ ਤੋਂ ਇਲਾਵਾ ਜਗਜੀਤ ਸਿੰਘ ਖਾਲਸਾ, ਸੁਖਦੇਵ ਸਿੰਘ ਸੈਣੀ, ਪਰਮਜੀਤ ਸਿੰਘ ਬੈਨੀਪਾਲ, ਅਮਰ ਸਿੰਘ ਧਾਲੀਵਾਲ, ਗੁਰਮੇਲ ਸਿੰਘ ਸਿੱਧੂ, ਹਰਪਾਲ ਸਿੰਘ, ਗੁਰਮੇਲ ਸਿੰਘ ਮੋਜੇਵਾਲ, ਸੁਰਿੰਦਰ ਸਿੰਘ, ਬਲਬੀਰ ਸਿੰਘ ਧਾਨੀਆ, ਜਗਦੀਸ਼ ਸਿੰਘ, ਬਾਬੂ ਸਿੰਘ ਅਤੇ ਹੋਰ ਮੁਲਾਜਮ ਆਗੂ ਹਾਜਿਰ ਸਨ|

Leave a Reply

Your email address will not be published. Required fields are marked *