ਸਰਕਾਰ ਦੀ ਢਿੱਲੀ ਕਾਰਵਾਈ ਕਾਰਨ ਬੈਂਕਾਂ ਦੇ ਕਰਜਈ ਕਰ ਰਹੇ ਨੇ ਐਸ ਪ੍ਰਸਤੀ

ਕੇਂਦਰ ਦੀ ਮੋਦੀ ਸਰਕਾਰ ਵਲੋਂ ਵਿਜੈ ਮਾਲਿਆ ਦੇ ਖਿਲਾਫ ਕੋਈ ਪੁਖਤਾ ਕਾਰਵਾਈ ਨਾ ਕਰਨ ਦੇ ਸਿੱਟੇ ਵਜੋਂ ਹੀ ਨੀਰਵ ਮੋਦੀ ਵਰਗੇ ਵੱਡੇ ਉਦਯੋਪਤੀ ਦੱਸੇ ਜਾਂਦੇ ਘੁਟਾਲੇਬਾਜ਼ ਦੇਸ਼ ਦੇ ਬੈਂਕਾਂ ਅਤੇ ਆਮ ਲੋਕਾਂ ਦੀ ਮੋਟੀ ਰਕਮ ਲੈ ਕੇ ਵਿਦੇਸ਼ ਦੌੜ ਰਹੇ ਹਨ| ਮੋਦੀ ਸਰਕਾਰ ਵਲੋਂ ਵਿਜੈ ਮਾਲਿਆ ਦੇ ਖਿਲਾਫ ਸਮੇਂ ਸਿਰ ਕਾਰਵਾਈ ਨਹੀਂ ਕੀਤੀ ਗਈ| ਬੈਂਕਾਂ ਦੇ ਹਜ਼ਾਰਾਂ ਕਰੋੜ ਦੇ ਕਰਜਈ ਮਾਲਿਆ ਲੰਮੇ ਸਮੇਂ ਤੋਂ ਬੈਕਾਂ ਦੇ ਕਰਜੇ ਦੀਆਂ ਕਿਸ਼ਤਾਂ ਨਹੀਂ ਮੋੜ ਰਿਹਾ ਸੀ| ਯੂ. ਪੀ. ਏ ਸਰਕਾਰ ਦੇ ਸਮੇਂ ਤੋਂ ਵਿਜੈ ਮਾਲਿਆ ਬੈਂਕਾਂ ਦੇ ਕਰਜੇ ਦੇ ਸਿਰ ਤੇ ਐਸ਼ ਪ੍ਰਸਤੀ ਦੀ ਜ਼ਿੰਦਗੀ ਜੀ ਰਿਹਾ ਸੀ| 2014 ਵਿੱਚ ਸਰਕਾਰ ਵਲੋਂ ਵਿਜੈ ਮਾਲਿਆ ਸਮੇਤ ਆਪਣੀ ਮਰਜੀ ਨਾਲ ਡਿਫਾਲਟਰ ਲੋਕਾਂ ਦੇ ਖਿਲਾਫ ਕਾਰਵਾਈ ਤਾਂ ਸ਼ੁਰੂ ਕੀਤੀ ਗਈ ਸੀ ਪਰ ਇਹ ਕਾਰਵਾਈ ਬਹੁਤ ਢਿੱਲੀ ਸੀ|
ਇਸੇ ਦੌਰਾਨ ਵਿਜੈ ਮਾਲਿਆ ਵਿਦੇਸ਼ ਵਿੱਚ ਆਪਣੀ ਜਾਇਦਾਦ ਜਮਾਂ ਕਰਨ ਅਤੇ ਪੱਕੀ ਰਿਹਾਇਸ਼ ਦੇ ਯਤਨ ਕਰਦਾ ਰਿਹਾ ਅਤੇ ਆਖਿਰ ਉਹ ਵਿਦੇਸ਼ ਵਿੱਚ ਆਪਣੇ ਪੈਰ ਪੱਕੇ ਕਰਨ ਵਿੱਚ ਕਾਮਯਾਬ ਹੋ ਗਿਆ| ਹੁਣ ਸਰਕਾਰ ਉਸ ਨੂੰ ਵਾਪਸ ਲਿਆਉਣ ਲਈ ਤਰਲੋ ਮੱਛੀ ਹੋ ਰਹੀ ਹੈ| ਵਿਜੈ ਮਾਲਿਆ ਦੇ ਖਿਲਾਫ ਢਿਲੀ ਕਾਰਵਾਈ ਦਾ ਫਾਇਦਾ ਉਠਾ ਕੇ ਹੀ ਨੀਰਵ ਮੋਦੀ ਵਰਗੇ ਕਈ ਹੋਰ ਦੇਸ਼ ਦੇ ਬੈਂਕਾਂ ਨੂੰ ਖੋਖਲਾ ਕਰਕੇ ਵਿਦੇਸ਼ ਭੱਜ ਚੁਕੇ ਹਨ| ਅੱਜ ਵੀ ਦੇਸ਼ ਵਿੱਚ ਆਪਣੀ ਮਰਜੀ ਨਾਲ ਬੈਂਕਾਂ ਦਾ ਕਰਜਾ ਨਾ ਮੋੜਨ ਵਾਲਿਆਂ ਖਿਲਾਫ ਕੋਈ ਸ਼ਖਤ ਕਾਰਵਾਈ ਨਹੀਂ ਹੋ ਰਹੀ| ਜਿਨੇ ਵੀ ਵੱਡੇ ਕਰਜੇਦਾਰ ਹਨ ਉਹਨਾਂ ਦੀ ਸੂਚੀ ਕੇਂਦਰ ਸਰਕਾਰ ਦੇ ਕੋਲ ਮੌਜੂਦ ਹੈ ਪਰ ਸਰਕਾਰ ਵਲੋਂ ਅਜੇ ਵੀ ਕੋਈ ਸਖਤੀ ਨਹੀਂ ਦਿਖਾਈ ਜਾ ਰਹੀ| ਬੈਂਕਾਂ ਰਾਹੀ ਦੇਸ਼ ਦੇ ਅਰਬਾਂ ਰੁਪਏ ਲੁੱਟਣ ਵਾਲਿਆਂ ਦੇ ਕਰਜੇ ਵੱਟੇ ਖਾਤੇ ਪੈ ਚੁੱਕੇ ਹਨ ਪਰੰਤੂ ਸਰਕਾਰ ਨੇ ਕਦੇ ਨਹੀਂ ਸੋਚਿਆ ਕਿ ਦੇਸ਼ ਨੂੰ ਅਨਾਜ ਵਿੱਚ ਆਤਮ ਨਿਰਭਰ ਬਣਾਉਣ ਵਾਲੇ ਕਿਸਾਨ ਦਾ ਕਰਜਾ ਵੀ ਵਟੇ ਖਾਤੇ ਪਾ ਦਿੱਤਾ ਜਾਵੇ| ਇਸੇ ਤਰ੍ਹਾਂ ਖੇਤ ਮਜਦੂਰ ਅਤੇ ਬਾਕੀ ਕਿੱਤਿਆ ਦੇ ਮਜਦੂਰ ਵੀ ਕਰਜੇ ਦੇ ਬੋਝ ਹੇਠ ਜੀ ਰਹੇ ਹਨ| ਇਹ ਉਹ ਲੋਕ ਹਨ ਜੋ ਹੱਥੀ ਕੰਮ ਕਰਕੇ ਦੇਸ਼ ਦੀ ਤਰਕੀ ਵਿੱਚ ਅਹਿਮ ਯੋਗ ਦਾਨ ਪਾ ਰਹੇ ਹਨ ਪਰ ਨਾ ਪਿਛਲੀ ਯੂ. ਪੀ. ਏ ਸਰਕਾਰ ਅਤੇ ਨਾ ਹੀ ਨਰਿੰਦਰ ਮੋਦੀ ਸਰਕਾਰ ਨੇ ਇਸ ਬਾਰੇ ਸੋਚਿਆ ਹੈ | ਇਸ ਦਾ ਮੁੱਖ ਕਾਰਨ ਇਹ ਵੀ ਹੈ ਕਿ ਵੱਡੇ ਵੱਡੇ ਬਿਜਨਸਮੈਨ ਇਹਨਾਂ ਸਿਆਸੀ ਪਾਰਟੀਆਂ ਨੂੰ ਮੋਟੇ ਚੰਦੇ ਦਿੰਦੇ ਹਨ| ਇਹ ਚੰਦੇ ਵੀ ਉਹ ਲੁੱਟ ਦੀ ਉਸ ਰਕਮ ਵਿੱਚੋਂ ਹੀ ਦਿੰਦੇ ਹਨ ਜਿਹੜੀ ਉਹਨਾਂ ਨੇ ਘੁਟਾਲੇ ਕਰਕੇ ਇੱਕਤਰ ਕੀਤੀ ਹੁੰਦੀ ਹੈ| ਜਦੋਂ ਕਿ ਕਿਸਾਨ ਅਤੇ ਮਜਦੂਰ ਛੋਟੇ ਛੋਟੇ ਚੰਦੇ ਵੀ ਨਹੀਂ ਦੇ ਸਕਦੇ ਉਹ ਤਾਂ ਸਿਰਫ ਸ਼ੁਕਰੀਆ ਹੀ ਕਰ ਸਕਦੇ ਹਨ ਜਿਸ ਨਾਲ ਸਿਆਸੀ ਆਗੂਆਂ ਦਾ ਢਿੱਡ ਨਹੀਂ ਭਰਦਾ| ਹੁਣ ਦੇਸ਼ ਦੇ ਹਾਲਾਤ ਦਿਨੋਂ ਦਿਨ ਵਿਸੋਫਟਕ ਦਿੰਦੇ ਜਾ ਰਹੇ ਹਨ ਦੇਸ਼ ਵਿੱਚ ਗਰੀਬੀ ਬੇਰੁਜਗਾਰੀ, ਅਨਪੜ੍ਹਤਾ ਕਿਸਾਨੀ ਕਰਜੇ ਮਜਦੂਰ ਦੀ ਮਾੜੀ ਹਾਲਤ ਦਿਨੋਂ ਦਿਨ ਵੱਧ ਰਹੀ ਹੈ ਜਦੋਂ ਕਿ ਸਰਮਾਏਦਾਰੀ ਦੇਸ਼ ਦਾ ਧਨ ਲੁਟ ਕੇ ਵਿਦੇਸ਼ ਵਿੱਚ ਰਹਿਣ ਨੂੰ ਤਰਜੀਹ ਦੇਣ ਲੱਗ ਪਏ ਹਨ | ਹੁਣ ਵਿਦੇਸ਼ਾਂ ਵਿੱਚੋਂ ਪੈਸਾਂ ਆ ਨਹੀਂ ਰਿਹਾ ਸਗੋਂ ਦੇਸ਼ੀ ਪੈਸਾਂ ਵਿਦੇਸ਼ ਵੱਲ ਜਾ ਰਿਹਾ ਹੈ| ਅਜਿਹੀ ਸਥਿਤੀ ਨਾਲ ਦੇਸ਼ ਦੇ ਬੈਂਕ ਦਿਵਾਲੀਆ ਹੋਣ ਵੱਲ ਵੱਧ ਰਹੇ ਹਨ| ਮੱਧ ਵਰਗ ਭਾਰੀ ਟੈਕਸ ਦੇ ਬੋਝ ਥਲੇ ਦੱਬਿਆ ਜਾ ਰਿਹਾ ਹੈ ਦੇਸ਼ ਦੀ ਆਰਥਿਕ ਸਤਿਥੀ ਵਿਸਫੋਟਕ ਹੁੰਦੀ ਜਾ ਰਹੀ ਹੈ ਪਰ ਸਰਕਾਰ ਇਸ ਪ੍ਰਤੀ ਗੰਭੀਰ ਨਹੀਂ ਹੈ ਸਿਰਫ ਇਕ ਦੁਸਰੇ ਤੇ ਚਿਕੜ ਉਛਾਲੀ ਕਰਕੇ ਸਰਕਾਰ ਇਸ ਤੋਂ ਪੱਲਾ ਝਾੜਨ ਵੱਲ ਵੱਧ ਰਹੀ ਹੈ ਹੁਣ ਦੇਖਣ ਦੀ ਗੱਲ ਹੈ ਕਿ ਸਾਡਾ ਚੌਂਕੀਦਾਰ, ਸਨਿਆਸੀ ਅਤੇ ਦੇਸ਼ ਦੇ ਹਿਤਾ ਦਾ ਪਹਿਰੇਦਾਰ ਕਦੋਂ ਆਪਣੀ ਦੇਸ਼ ਪ੍ਰਤੀ ਵੱਡੀ ਜਿੰਮੇਦਾਰੀ ਨਿਭਾਏਗਾ ਤਾਂ ਕਿ ਦੇਸ਼ ਨੂੰ ਆਰਥਿਕ ਤੌਰ ਤੇ ਬਰਬਾਦ ਹੋਣ ਤੋਂ ਬਚਾਇਆ ਜਾ ਸਕੇ| ਸਮਾਂ ਇਸ ਦੀ ਉਡੀਕ ਕਰ ਰਿਹਾ ਹੈ|
ਭਗਵੰਤ ਸਿੰਘ ਬੇਦੀ

Leave a Reply

Your email address will not be published. Required fields are marked *