ਸਰਕਾਰ ਦੀ ਨੋਟਬੰਦੀ ਨੂੰ ਫਲਾਪ ਕਰਨ ਵਿੱਚ ਕੁੱਝ ਭ੍ਰਿਸਟ ਚਾਰਟਰਡ ਅਕਾਉਟੈਂਟਾਂ ਨੇ ਦੋ ਨੰਬਰ ਦੇ ਪੈਸੇ ਨੂੰ ਇੱਕ ਨੰਬਰ ਦਾ ਬਣਾਉਣ ਦੀ ਕਲਾ ਬਾਖੂਬੀ ਨਿਭਾਈ

ਕੇਂਦਰ ਸਰਕਾਰ ਵੱਲੋਂ ਨੋਟਬੰਦੀ ਕਰਕੇ ਇਹ ਉਮੀਦ ਕੀਤੀ ਗਈ ਸੀ ਕਿ ਇਸ ਦੇ ਨਾਲ ਦੇਸ਼ ਵਿੱਚ ਫੈਲਿਆ ਕਰੋੜਾਂ ਦਾ ਕਾਲਾ ਧੰਨ ਬਾਹਰ ਆ ਜਾਵੇਗਾ ਪਰ ਇਹ ਹੋਇਆ ਨਹੀਂ| ਸਰਕਾਰ ਦੀ ਨੋਟਬੰਦੀ ਦੀ ਯੋਜਨਾ ਅਤੇ ਕਾਲਾ ਧੰਨ ਬਾਹਰ ਕੱਢਣ ਦੀ ਯੋਜਨਾ ਨੂੰ ਸਿਰੇ ਤੋਂ ਨਾਕਾਮ ਕਰਨ ਵਿੱਚ ਕੁਝ ਭ੍ਰਸਟ ਬੈਂਕ ਅਧਿਕਾਰੀਆਂ, ਚਾਰਟਰਡ ਅਕਾਉਂਟੈਂਟਾਂ ਅਤੇ ਕੁਝ ਭ੍ਰਿਸਟ ਇਨਕਮਟੈਕਸ ਅਧਿਕਾਰੀਆਂ ਦਾ ਵੱਡਾ ਯੋਗਦਾਨ ਰਿਹਾ| ਇਹਨਾਂ ਵੱਲੋਂ ਕਾਲੇ ਧੰਨ ਦੇ ਕੁਬੇਰਾਂ ਨੂੰ ਬਚਾਉਣ ਲਈ ਆਪਣੀ ਪੁਰੀ ਤਾਕਤ ਲਾ ਕੇ ਨਿਯਮਾਂ ਦੀ ਗਲਤ ਵਰਤੋਂ ਕੀਤੀ ਗਈ ਜਿਸ ਦੇ ਨਤੀਜੇ ਸਭ ਦੇ ਸਾਹਮਣੇ ਹਨ| ਦੇਸ਼ ਲਾਈਨਾਂ ਵਿੱਚ ਖੜਾ ਰਿਹਾ ਤੇ ਕਾਲੇ ਧੰਨ ਦੇ ਮਾਲਕਾਂ ਨੇ ਘਰ ਬੈਠੇ ਹੀ ਆਪਣੇ ਕਾਲੇ ਧੰਨ ਨੂੰ ਸਫੇਦ ਕਰ ਲਿਆ| ਹੁਣ ਨੋਟਬੰਦੀ ਨੂੰ ਸਾਲ ਬੀਤਣ ਦੇ ਬਾਦ ਇਨਕਮਟੈਕਸ ਵਿਭਾਗ ਵਲੋਂ ਹਜਾਰਾਂ ਨਾਗਰਿਕਾਂ ਨੂੰ ਨੋਟਿਸ ਭੇਜਣ ਦੀ ਤਿਆਰੀ ਕਰ ਲਈ ਗਈ ਹੈ ਪਰ ਕੀ ਇਹ ਨੋਟਿਸ ਉਹਨਾਂ ਕੁੱਝ ਭ੍ਰਿਸ਼ਟ ਬੈਂਕ ਅਧਿਕਾਰੀਆਂ, ਚਾਰਟਰਡ ਅਕਾਉਂਟੈਂਟਾਂ ਅਤੇ ਇਨਕਮਟੈਕਸ ਅਧਿਕਾਰੀਆਂ ਨੂੰ ਵੀ ਭੇਜੇ ਜਾਣਗੇ ਜਿਹਨਾਂ ਦੀ ਮਦਦ ਨਾਲ ਕਰੋੜਾਂ ਰੁਪਏ ਦਾ ਕਾਲਾ ਧੰਨ ਸਫੇਦ ਕਰ ਲਿਆ ਗਿਆ? ਸਰਕਾਰ ਨੂੰ ਅਜਿਹੇ ਕੁਝ ਭ੍ਰਸਟ ਸੀ ਏ, ਬੈਂਕ ਮੈਨਜਰਾਂ ਅਤੇ ਇਨਕਮਟੈਕਸ ਅਧਿਕਾਰੀਆਂ ਦੀ ਪ੍ਰਾਪਰਟੀ ਦੀ ਜਾਂਚ ਕਰਵਾਉਣੀ ਚਾਹੀਦੀ ਹੈ ਅਤੇ ਦੋਸ਼ੀਆਂ ਦੇ ਖਿਲਾਫ ਮੁਕਦਮਾ ਦਰਜ਼ ਕਰਕੇ ਉਹਨਾਂ ਦੀ ਸਾਰੀ ਪ੍ਰਾਪਰਟੀ ਜਬਤ ਕੀਤੀ ਜਾਣੀ ਚਾਹੀਦੀ ਹੈ|
ਸਰਕਾਰ ਵੱਲੋਂ ਨੋਟਬੰਦੀ ਕਰਕੇ ਜਿੱਥੇ ਦੇਸ਼ ਨੂੰ ਲਾਈਨਾਂ ਵਿੱਚ ਖੜਾ ਕਰ ਦਿੱਤਾ ਗਿਆ ਅਤੇ ਕਈ ਵਿਅਕਤੀਆਂ ਲਈ ਤਾਂ ਨੋਟਬੰਦੀ ਮੌਤ ਦਾ ਕਾਰਨ ਬਣ ਗਈ ਪਰ ਵਪਾਰ ਦੇ ਹਰ ਤਰ੍ਹਾਂ ਦੇ ਦੇਣ ਲੈਣ ਦੀ ਬਾਰੀਕੀ ਤੋਂ ਜਾਣੂ ਕੁੱਝ ਭ੍ਰਸਟ ਚਾਰਟਰਡ ਅਕਾਉਂਟੈਂਟਾਂ ਨੂੰ ਤਾਂ ਦੋ ਨੰਬਰ ਦੇ ਪੈਸੇ ਨੂੰ ਇੱਕ ਨੰਬਰ ਦਾ ਬਣਾਉਣ ਦੀ ਕਲਾ ਬਾਖੂਬੀ ਆਉਂਦੀ ਹੈ ਇਸ ਦੇ ਫਾਇਦੇ ਲੈਂਦੇ ਹੋਏ ਕਾਲੇ ਧੰਨ ਦੇ ਮਾਲਕਾਂ ਨੇ ਭ੍ਰਿਸਟ ਸੀ ਏ ਦੀ ਸਰਵਿਸ ਦਾ ਖੁਲ ਕੇ ਫਾਇਦਾ ਚੁੱਕਿਆ ਅਤੇ ਭ੍ਰਿਸਟ ਸੀ ਏ ਵੱਲੋਂ ਵੀ ਕਾਨੂੰਨ ਦੀ ਕਮਜੋਰੀ ਦਾ ਫਾਇਦਾ ਲੈਂਦੇ ਹੋਏ ਬਲੈਕੀਆਂ ਨੂੰ ਬਚਾ ਲਿਆ ਗਿਆ ਅਤੇ ਕਾਲੇ ਧੰਨ ਨੂੰ ਸਫੇਦ ਕਰਨ ਦੀ ਸੇਵਾ ਕਰਨ ਦੇ ਬਦਲੇ ਮੋਟੀ ਫੀਸ ਲਈ ਗਈ| ਭਰੋਸੇਯੋਗ ਸੂਤਰਾਂ ਨੇ ਦੱਸਿਆ ਕਿ ਕੁਝ ਭ੍ਰਸਟ ਸੀ ਏ ਕੋਲੇ ਤਾਂ ਕਰੋੜਾਂ ਰੁਪਏ ਦੀ ਪ੍ਰਾਪਰਟੀ ਅਤੇ ਹੋਰ ਬੈਕ ਬੈਲੈਂਸ ਹਨ| ਇਹਨਾਂ ਭ੍ਰਿਸਟ ਚਾਰਟਰਡ ਅਕਾਉਂਟੈਂਟਾਂ ਵੱਲੋਂ ਖੁਦ ਸਰਕਾਰੀ ਖਜਾਨੇ ਨੂੰ ਚੂਨਾ ਲਗਾਇਆ ਜਾ ਰਿਹਾ ਹੈ| ਕਿਉਕਿ ਇਹ ਹਰ ਬਾਰੀਕੀ ਤੋਂ ਵਾਕਫ ਹੁੰਦੇ ਹਨ ਤਾਂ ਇਹਨਾਂ ਨੂੰ ਪਤਾ ਹੁੰਦਾ ਹੈ ਕਿ ਕਿਹੜਾ ਪੈਸਾ ਕਿੱਥੇ ਤੇ ਕਿਸ ਤਰ੍ਹਾਂ ਅਡਜਸਟ ਕਰਨਾ ਹੈ| ਭ੍ਰਿਸਟ ਚਾਰਟਰਡ ਅਕਾਉਂਟੈਂਟਾਂ ਅਤੇ ਹੋਰ ਭ੍ਰਿਸ਼ਟ ਅਧਿਕਾਰੀਆਂ ਦੀ ਆਪਸੀ ਮਿਲੀਭੁਗਤ ਨਾਲ ਰਲ ਮਿਲ ਕੇ ਇਹ ਸਾਰਾ ਖੇਲ ਚਲਦਾ ਹੈ|
ਇੱਥੇ ਧਿਆਨ ਦੇਣ ਵਾਲੀ ਗੱਲ ਹੈ ਕਿ ਕਈ ਚਾਰਟਰਡ ਅਕਾਉਂਟੈਂਟ ਜਦੋਂ ਸੀ ਏ ਪਰੈਕਟਿਸ ਸ਼ੁਰੂ ਕਰਦੇ ਹਨ ਤਾਂ ਇਹਨਾਂ ਕੋਲੇ ਸਕੂਟਰ ਵੀ ਨਹੀਂ ਹੁੰਦਾ ਪਰ ਕੁੱਝ ਸਾਲਾਂ ਵਿੱਚ ਹੀ ਕਰੋੜਾਂ ਰੁਪਏ ਦੀਆਂ ਕੋਠੀਆਂ ਅਤੇ ਲੱਖਾਂ ਰੁਪਏ ਦੀਆਂ ਮਹਿੰਗੀਆਂ ਕਾਰਾਂ ਕਿਸ ਤਰ੍ਹਾਂ ਆ ਜਾਂਦੀਆਂ ਹਨ| ਇਹ ਸਭ ਦੋ ਨੰਬਰ ਦੇ ਪੈਸੇ ਨੂੰ ਬਚਾਉਣ ਦਾ ਇਨਾਮ ਹੀ ਮਿਲਦਾ ਹੈ ਅਤੇ ਇਸ ਵਿੱਚ ਇਨਕਮਟੈਕਸ ਵਿਭਾਗ ਦੇ ਕੁੱਝ ਭ੍ਰਸਟ ਅਧਿਕਾਰੀਆਂ ਦੀ ਮਿਲੀਭੁਗਤ ਹੁੰਦੀ ਹੈ| ਦੋ ਨੰਬਰ ਦੀ ਕਮਾਈ ਕਰਨ ਵਾਲਿਆਂ ਨੂੰ ਜਦੋਂ ਇਨਕਮਟੈਕਸ ਵਾਲਿਆਂ ਦਾ ਨੋਟਿਸ ਆਉਂਦਾ ਹੈ ਤਾਂ ਉਹ ਸੀ ਏ ਦੀ ਸਰਵਿਸ ਲੈਂਦਾ ਹੈ| ਜੇਕਰ ਇਨਕਮਟੈਕਸ ਅਧਿਕਾਰੀ ਇਮਾਨਦਾਰ ਹੁੰਦਾ ਹੈ ਤਾਂ ਉਹ ਉਚਿਤ ਜੁਰਮਾਨਾ ਲਾ ਕੇ ਸਰਕਾਰੀ ਖਜਾਨੇ ਵਿੱਚ ਪੂਰੇ ਪੈਸੇ ਜਮਾ ਕਰਵਾਉਂਦਾ ਹੈ ਅਤੇ ਜੋ ਭ੍ਰਸਟ ਅਧਿਕਾਰੀ ਹੁੰਦਾ ਹੈ ਉਹ ਭ੍ਰਸਟ ਸੀ ਏ ਦੇ ਨਾਲ ਰਲ ਕੇ ਦੋ ਨੰਬਰੀ ਨੂੰ ਬਚਾ ਲੈਂਦੇ ਹਨ ਅਤੇ ਰਲ ਮਿਲ ਕੇ ਆਪਣਾ ਹਿੱਸਾ ਲੈ ਕੇ ਸਰਕਾਰੀ ਖਜਾਨੇ ਨੂੰ ਚੂਨਾ ਲਗਾਉਂਦੇ ਹਨ| ਇਨ੍ਹਾਂ ਹੀ ਨਹੀਂ ਕਾਲੇ ਧੰਨ ਦੇ ਮਾਲਕ ਸੀ ਏ ਦੀ ਮਦਦ ਨਾਲ ਆਪਣੀਆਂ ਬੈਲੰਸ ਸ਼ੀਟਾਂ ਮੈਨਜ ਕਰਕੇ ਬੈਂਕਾਂ ਤੋਂ ਵੀ ਕਰੋੜਾਂ ਰੁਪਏ ਦਾ ਕਰਜਾ ਲੈ ਕੇ ਫਾਇਦਾ ਚੁੱਕਦੇ ਹਨ ਤੇ ਬਦਲੇ ਵਿੱਚ ਭ੍ਰਸਟ ਚਾਰਟਰਡ ਅਕਾਉਂਟੈਂਟ ਦਿਨਾਂ ਵਿੱਚ ਕਰੋੜਪਤੀ ਬਣ ਜਾਂਦੇ ਹਨ| ਪਰ ਇਹਨਾਂ ਦੀ ਜਾਂਚ ਕੌਣ ਕਰੇਗਾ? ਜਦੋਂ ਬਾੜ ਹੀ ਖੇਤ ਨੂੰ ਖਾਵੇ ਤਾਂ ਬਚਾਵੇ ਕੌਣ? ਜਿਹਨਾਂ ਨੇ ਦੇਸ਼ ਦਾ ਕਾਲਾ ਧੰਨ ਉਜਾਗਰ ਕਰਨਾ ਹੈ ਜਦੋਂ ਉਹ ਹੀ ਕਾਲੇ ਧੰਨ ਵਾਲਿਆਂ ਦੇ ਰਖਵਾਲੇ ਬਣ ਕੇ ਖੁਦ ਕਾਲਾ ਧੰਨ ਕਮਾ ਰਹੇ ਹਨ ਤਾਂ ਹਿਸਾਬ ਕੌਣ ਮੰਗੂ? ਇਹਨਾਂ ਭ੍ਰਿਸਟ ਇਨਕਮਟੈਕਸ ਅਧਿਕਾਰੀਆਂ, ਚਾਰਟਰਡ ਅਕਾਉਟੈਂਟਾਂ ਅਤੇ ਭ੍ਰਿਸਟ ਬੈਂਕ ਅਧਿਕਾਰੀਆਂ ਤੋਂ ਕੌਣ ਹਿਸਾਬ ਲਵੇਗਾ? ਪ੍ਰਧਾਨਮੰਤਰੀ ਇਹਨਾਂ ਭ੍ਰਿਸ਼ਟਾਚਾਰੀਆਂ ਤੇ ਨੁਕੇਲ ਕਸਣ ਤਾਂ ਹੀ ਦੇਸ਼ ਵਿੱਚੋਂ ਕਾਲਾ ਧੰਨ ਬਾਹਰ ਆਵੇਗਾ ਨਹੀਂ ਤਾਂ ਸਰਕਾਰ ਕੋਈ ਵੀ ਯੋਜਨਾ ਲੈ ਆਵੇ ਭ੍ਰਸ਼ਟਾਚਾਰੀ ਆਪਸ ਵਿੱਚ ਰਲ ਕੇ ਸਰਕਾਰ ਦੀ ਹਰ ਯੋਜਨਾ ਫੇਲ ਕਰ ਦੇਣਗੇ|
ਅਕੇਸ਼ ਕੁਮਾਰ

Leave a Reply

Your email address will not be published. Required fields are marked *