ਸਰਕਾਰ ਦੇ ਲਾਰਿਆਂ ਤੋਂ ਅੱਕੇ ਬੇਰੁਜ਼ਗਾਰ ਬੀਐਡ ਅਧਿਆਪਕਾਂ ਵੱਲੋਂ ਸੰਘਰਸ਼ ਤੇਜ਼ ਕਰਨ ਦਾ ਸੱਦਾ

ਸੰਗਰੂਰ, 18 ਅਗਸਤ (ਮਨੋਜ ਸ਼ਰਮਾ) ਟੈਟ ਪਾਸ ਬੇਰੁਜ਼ਗਾਰ ਬੀਐਡ ਅਧਿਆਪਕ ਯੂਨੀਅਨ ਨੇ ਰੁਜ਼ਗਾਰ ਪ੍ਰਾਪਤੀ ਲਈ ਪੰਜਾਬ ਸਰਕਾਰ ਖਿਲਾਫ ਵੱਖ-ਵੱਖ ਤਰੀਕਿਆਂ ਰਾਹੀਂ ਸੰਘਰਸ਼ ਤੇਜ਼ ਕਰਨ ਦਾ ਸੱਦਾ ਦਿੱਤਾ ਹੈ| 
ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਅਤੇ ਸੂਬਾ ਕਮੇਟੀ ਮੈਂਬਰਾਂ ਸੰਦੀਪ ਗਿੱਲ, ਯੁੱਧਜੀਤ ਸਿੰਘ, ਤਜਿੰਦਰ ਸਿੰਘ, ਨਵਜੀਵਨ ਸਿੰਘ, ਰਣਬੀਰ ਸਿੰਘ ਨਦਾਮਪੁਰ, ਜੱਗੀ ਜੋਧਪੁਰ ਅਤੇ ਜਸਵਿੰਦਰ ਸ਼ਾਹਪੁਰ ਨੇ ਕਿਹਾ ਕਿ ਬੀਤੇ ਦਿਨ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਨੇ ਸੂਬਾਈ-ਆਗੂਆਂ ਨੂੰ ਭਾਵੇਂ ਭਰੋਸਾ ਦਿੱਤਾ ਸੀ ਕਿ ਸਤੰਬਰ ਮਹੀਨੇ ਵਿੱਚ ਅਧਿਆਪਕਾਂ ਦੀ ਸੇਵਾ-ਮੁਕਤੀ ਤੋਂ ਬਾਅਦ ਖਾਲੀ ਹੋਈਆਂ ਅਸਾਮੀਆਂ ਨੂੰ ਭਰਨ ਲਈ ਤਿੰਨ ਪੜਾਵਾਂ ਵਿੱਚ ਨਵੀਂ ਭਰਤੀ ਕੀਤੀ ਜਾਵੇਗੀ ਅਤੇ ਭਰਤੀ ਲਈ ਨਿਰਧਾਰਤ ਉਮਰ-ਹੱਦ 37 ਸਾਲ ਤੋਂ 42 ਸਾਲ ਕਰਵਾਉਣ ਸਬੰਧੀ ਏਜੰਡਾ ਆਗਾਮੀ ਕੈਬਨਿਟ-ਮੀਟਿੰਗ ਵਿੱਚ ਲਿਆਂਦਾ ਜਾਵੇਗਾ|
ਸ੍ਰ. ਢਿੱਲਵਾਂ ਨੇ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਕਰੀਬ 3 ਲੱਖ ਨਵੇਂ ਦਾਖਲੇ ਹੋ ਚੁੱਕੇ ਹਨ ਅਤੇ ਮਾਸਟਰ ਕਾਡਰ ਦੀਆਂ 15 ਹਜ਼ਾਰ ਤੋਂ ਵੱਧ ਅਸਾਮੀਆਂ ਪਹਿਲਾਂ ਹੀ ਖਾਲੀ ਸਨ, ਅਤੇ ਵਿਦਿਆਰਥੀਆਂ ਦੀ ਗਿਣਤੀ ਵਧਣ ਨਾਲ ਇਹ ਅੰਕੜਾ ਹੋਰ ਵੱਧ ਜਾਵੇਗਾ ਜਿਸ ਕਰਕੇ ਸਿੱਖਿਆ ਵਿਭਾਗ ਵੱਲੋਂ ਬਾਰਡਰ-ਕੇਡਰ ਅਧੀਨ ਕੱਢੀਆਂ ਅਸਾਮੀਆਂ ਵਿੱਚ ਵਾਧਾ ਕਰਦਿਆਂ ਮਾਸਟਰ-ਕਾਡਰ ਦੀਆਂ ਸਮਾਜਿਕ ਸਿੱਖਿਆ ਦੀਆਂ ਘੱਟੋਂ-ਘੱਟ 3000, ਪੰਜਾਬੀ ਦੀਆਂ 2500, ਹਿੰਦੀ ਦੀਆਂ 2000, ਸੰਸਕ੍ਰਿਤ ਦੀਆਂ 1000, ਡਰਾਇੰਗ ਦੀਆਂ 1000 ਦੀਆਂ ਅਸਾਮੀਆਂ ਹਰ ਹਾਲਤ ਵਿੱਚ ਵਧਾਈਆਂ ਜਾਣ|
ਉਹਨਾਂ ਮੰਗ ਕੀਤੀ ਕਿ  ਭਰਤੀ ਲਈ ਉਮਰ ਹੱਦ 37 ਸਾਲ ਤੋਂ ਵਧਾ ਕੇ 42 ਸਾਲ ਕੀਤੀ ਜਾਵੇ ਤਾਂ ਕਿ ਓਵਰਏਜ ਹੋ ਰਹੇ ਉਮੀਦਵਾਰਾਂ ਨੂੰ ਰੁਜ਼ਗਾਰ ਮਿਲ ਸਕੇ| ਯੂਨੀਅਨ ਨੇ ਆਹਲੂਵਾਲੀਆ ਕਮੇਟੀ ਦੀਆਂ ਸਿਫਾਰਸ਼ਾਂ ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ ਹੈ| ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਖ-ਵੱਖ ਵਿਭਾਗਾਂ ਵਿੱਚ ਹਜ਼ਾਰਾਂ ਅਸਾਮੀਆਂ ਦੀ ਕਟੌਤੀ ਕਰਨ ਦੀਆਂ ਤਿਆਰੀਆਂ ਵਿੱਚ ਹੈ ਪਰ ਇਸਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ| 

Leave a Reply

Your email address will not be published. Required fields are marked *