ਸਰਕਾਰ ਨਾਲ ਆਰ ਪਾਰ ਦੀ ਲੜਾਈ ਲਈ ਤਿਆਰ ਹਨ ਮੁਹਾਲੀ ਦੇ ਵਪਾਰੀ

ਸਰਕਾਰ ਨਾਲ ਆਰ ਪਾਰ ਦੀ ਲੜਾਈ ਲਈ ਤਿਆਰ ਹਨ ਮੁਹਾਲੀ ਦੇ ਵਪਾਰੀ
ਫੇਜ਼ 7 ਦੇ ਦੁਕਾਨਕਾਰਾਂ ਨੇ ਲਾਕਡਾਊਨ ਖਿਲਾਫ ਬਗਾਵਤ ਕਰਦਿਆਂ ਖੋਲ੍ਹ ਲਈਆਂ ਦੁਕਾਨਾਂ, ਦੁਕਾਨਾਂ ਬੰਦ ਕਰਵਾਉਣ ਆਈ ਪੁਲੀਸ ਟੀਮ ਨੂੰ ਵਾਪਸ ਮੋੜਿਆ
ਐਸ.ਏ.ਐਸ ਨਗਰ 29 ਅਗਸਤ (ਜਸਵਿੰਦਰ ਸਿੰਘ) ਪੰਜਾਬ ਸਰਕਾਰ ਵਲੋਂ ਕੋਰੋਨਾ ਦੀ ਮਹਾਂਮਾਰੀ ਤੇ ਕਾਬੂ ਕਰਨ ਲਈ ਸ਼ਨੀਵਾਰ ਅਤੇ ਐਤਵਾਰ ਨੂੰ ਲਾਗੂ ਕੀਤੇ ਗਏ ਲਾਕਡਾਊਨ ਦੇ ਹੁਕਮਾਂ ਦੇ ਖਿਲਾਫ ਬਗਾਵਤ ਕਰਦਿਆਂ ਫੇਜ਼ 7 ਦੀ ਫੈਸ਼ਨ ਮਾਰਕੀਟ ਦੇ ਦੁਕਾਨਦਾਰਾਂ ਨੇ ਮਾਰਕੀਟ ਦੇ ਪ੍ਰਧਾਨ ਅਤੇ ਮੁਹਾਲੀ ਵਪਾਰ ਮੰਡਲ ਦੇ ਜਨਰਲ ਸਕੱਤਰ ਸ੍ਰ. ਸਰਬਜੀਤ ਸਿੰਘ ਪਾਰਸ ਦੀ ਅਗਵਾਈ ਹੇਠ ਅੱਜ ਆਪਣੀਆਂ ਦੁਕਾਨਾਂ ਖੋਲ੍ਹ ਲਈਆਂ ਅਤੇ ਮਾਰਕੀਟ ਬੰਦ ਕਰਵਾਉਣ ਆਈ ਪੁਲੀਸ ਟੀਮ ਨੂੰ ਵਾਪਸ ਮੋੜ ਦਿੱਤਾ|
ਇਸ ਮੌਕੇ ਸ੍ਰ. ਸਰਬਜੀਤ ਸਿੰਘ ਪਾਰਸ ਨੇ ਕਿਹਾ ਦੁਕਾਨਾਂ ਖੋਲ੍ਹਣੀਆਂ ਉਹਨਾਂ ਦਾ ਹੱਕ ਹੈ ਕਿਉਂਕਿ ਦੁਕਾਨਦਾਰਾਂ ਨੇ ਦੁਕਾਨਾਂ ਦੇ ਕਿਰਾਏ ਅਤੇ ਹੋਰ ਖਰਚੇ ਵੀ ਕੱਢਣੇ ਹਨ ਜਦੋਂਕਿ ਪ੍ਰਸ਼ਾਸ਼ਨ ਦੀ ਦੁਕਾਨਾਂ ਬੰਦ ਕਰਵਾਉਣ ਦੀ ਕਾਰਵਾਈ ਉਹਨਾਂ ਨੂੰ ਤਬਾਹ ਕਰਨ ਵਾਲੀ ਹੈ| ਉਹਨਾਂ ਕਿਹਾ ਕਿ ਉਹਨਾਂ ਕਿਹਾ ਕਿ ਪ੍ਰਸ਼ਾਸ਼ਨ ਉਹਨਾਂ ਨੂੰ ਕਾਰੋਬਾਰ ਕਰਨ ਤੋਂ ਨਹੀਂ ਰੋਕ ਸਕਦਾ ਅਤੇ ਪ੍ਰਸ਼ਾਸ਼ਨ ਨੂੰ ਚਾਹੀਦਾ ਹੈ ਕਿ ਉਹ ਦੁਕਾਨਦਾਰਾਂ ਨੂੰ ਸੜਕਾਂ ਤੇ ਆ ਕੇ ਧਰਨੇ ਦੇਣ ਲਈ ਮਜਬੂਰ ਨਾ ਕਰੇ|
ਇਸ ਸੰਬੰਧੀ ਮੁਹਾਲੀ ਵਪਾਰ ਮੰਡਲ ਦੇ ਪ੍ਰਧਾਨ ਸ੍ਰੀ ਵਿਨੀਤ ਵਰਮਾ ਨੇ ਕਿਹਾ ਕਿ ਸਰਕਾਰ ਵਪਾਰੀਆਂ ਨੂੰ ਖਤਮ ਕਰਨ ਤੇ ਤੁਲੀ ਹੋਈ ਹੈ ਅਤੇ ਪਾਣੀ ਸਿਰ ਤੋਂ ਉਂੱਪਰ ਚਲਾ ਗਿਆ ਹੈ ਜਿਸ ਕਾਰਨ ਦੁਕਾਨਦਾਰ ਸਰਕਾਰ ਦੇ ਹੁਕਮਾਂ ਖਿਲਾਫ ਜਾਣ ਲਈ ਮਜਬੂਰ ਹੋ ਗਏ ਹਨ| ਉਹਨਾਂ ਕਿਹਾ ਕਿ ਵਪਾਰੀਆਂ ਦਾ ਸਬਰ ਹੁਣ ਖਤਮ ਹੁੰਦਾ ਜਾ ਰਿਹਾ ਹੈ ਅਤੇ ਵਪਾਰੀ ਹੁਣ ਆਰ ਪਾਰ ਦੀ ਲੜਾਈ ਲਈ ਤਿਆਰ ਹਾਂ|

Leave a Reply

Your email address will not be published. Required fields are marked *