ਸਰਕਾਰ ਨੇ ਰਾਜਸੀ, ਧਾਰਮਿਕ ਆਗੂਆਂ ਨੂੰ ਮਹਿੰਗੀਆਂ ਕਾਰਾਂ ਤੇ ਮੁਫਤ ਤੇਲ ਦੇ ਕੇ ਪੰਜਾਬ ਦੇ ਖਜ਼ਾਨੇ ਦਾ ਧੂੰਆਂ ਕੱਢਿਆ : ਪੰਜਾਬ ਗੌਰਮਿੰਟ ਪੈਨਸ਼ਨਰਜ ਐਸੋਸੀਏਸ਼ਨ

ਐ ਏ ਐਸ ਨਗਰ, 10 ਨਵੰਬਰ (ਸ.ਬ.) ਪੰਜਾਬ ਗੌਰਮਿੰਟ ਪੈਨਸ਼ਨਰਜ ਐਸੋਸੀਏਸ਼ਨ ਮੁਹਾਲੀ ਦੀ ਜਨਰਲ ਬਾਡੀ ਦੀ ਮੀਟਿੰਗ ਫੇਜ਼ 3 ਬੀ 1 ਦੇ ਰੋਜ ਗਾਰਡਨ ਵਿਖੇ ਹੋਈ| ਇਸ ਮੌਕੇ ਸੰਬੋਧਨ ਕਰਦਿਆਂ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਦੀ ਕਾਰਗੁਜਾਰੀ ਤੋਂ ਪੰਜਾਬ ਦੇ ਸਰਕਾਰੀ ਪੈਨਸ਼ਨਰ ਬਹੁਤ ਨਿਰਾਸ਼ ਹਨ| ਕੈਪਟਨ ਸਰਕਾਰ ਨੇ ਨਾ ਤਾਂ ਪੈਨਸ਼ਨਰਾਂ ਨੂੰ ਪਿਛਲੇ 22 ਮਹੀਨਿਆਂ ਦੇ ਡੀ ਏ ਦੇ ਬਕਾਏ ਦਿੱਤੇ ਹਨ, ਨਾ ਹੀ ਮਹਿੰਗਾਈ ਭੱਤੇ ਦੀਆਂ ਡਿਊ ਰਹਿੰਦੀਆਂ ਚਾਰ ਕਿਸ਼ਤਾਂ ਦਿੱਤੀਆਂ ਹਨ, ਜਦੋਂ ਕਿ ਭਾਰਤ ਦੇ ਹੋਰਨਾਂ ਰਾਜਾਂ ਵਿੱਚ ਡੀ ਏ ਦੇ ਬਕਾਏ ਅਤੇ ਮਹਿੰਗਾਈ ਭੱਤੇ ਦੀਆਂ ਸਾਰੀਆਂ ਕਿਸ਼ਤਾਂ ਪੈਨਸ਼ਨਰਾਂ ਨੂੰ ਦੇ ਦਿੱਤੀਆਂ ਗਈਆਂ ਹਨ|
ਬੁਲਾਰਿਆਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਚੋਣਾਂ ਵੇਲੇ ਵਾਅਦਾ ਕੀਤਾ ਸੀ ਕਿ ਪੰਜਾਬ ਵਿੱਚ ਕਾਂਗਰਸ ਸਰਕਾਰ ਬਣਨ ਤੋਂ ਬਾਅਦ 15 ਦਿਨਾਂ ਦੇ ਅੰਦਰ ਅੰਦਰ ਤਨਖਾਹ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਕੀਤਾ ਜਾਵੇਗਾ ਪਰ ਇਸ ਰਿਪੋਰਟ ਨੂੰ ਵੀ ਅਜੇ ਤਕ ਲਾਗੂ ਨਹੀਂ ਕੀਤਾ ਗਿਆ| ਉਹਨਾਂ ਕਿਹਾ ਕਿ ਪੰਜਾਬ ਸਰਕਾਰ ਇਕ ਪਾਸੇ ਤਾਂ ਪੈਨਸ਼ਨਰਾਂ ਨੂੰ ਉਹਨਾਂ ਦੇ ਬਣਦੇ ਹਕ ਵੀ ਨਹੀਂ ਦੇ ਰਹੀ, ਜਦੋਂ ਕਿ ਵੱਖ ਵੱਖ ਸਿਆਸੀ ਪਾਰਟੀਆਂ, ਧਾਰਮਿਕ ਸੰਸਥਾਵਾਂ ਤੇ ਹਿੰਦੂ ਜਥੇਬੰਦੀਆਂ ਦੇ ਆਗੂਆਂ ਨੂੰ ਮਹਿੰਗੀਆਂ ਕਾਰਾਂ ਅਤੇ ਸਰਕਾਰੀ ਤੇਲ ਦਿੱਤਾ ਜਾ ਰਿਹਾ ਹੈ, ਜਿਸ ਤੋਂ ਪਤਾ ਚਲਦਾ ਹੈ ਕਿ ਸਰਕਾਰ ਪੰਜਾਬ ਦਾ ਖਜਾਨਾਂ ਧੂੰਏਂ ਵਿੱਚ ਉਡਾ ਰਹੀ ਹੈ|
ਬੁਲਾਰਿਆਂ ਨੇ ਰੋਸ ਜਾਹਿਰ ਕੀਤਾ ਕਿ ਬਾਦਲ ਸਰਕਾਰ ਵਾਂਗ ਹੀ ਮੌਜੂਦਾ ਕੈਪਟਨ ਸਰਕਾਰ ਵੀ ਸਲਾਹਕਾਰਾਂ ਦੀ ਫੌਜ, ਅਫਸਰਸ਼ਾਹੀ ਨੂੰ ਲੋੜੋਂ ਵੱਧ ਗੱਫੇ ਦੇਣ, ਵਿਧਾਇਕਾਂ ਨੂੰ ਮੰਤਰੀਆਂ ਨਾਲ ਸਲਾਹਕਾਰ ਤੇ ਸੰਸਦੀ ਸਕੱਤਰ ਲਗਾਉਣ ਦੀ ਤਜਵੀਜ, ਹਜਾਰਾਂ ਜਾਗੀਰਦਾਰਾਂ ਨੂੰ ਮੁਫਤ ਬਿਜਲੀ, ਬਾਦਲ ਪਰਿਵਾਰ ਸਮੇਤ ਨਿੱਜੀ ਟਰਾਂਸਪੋਰਟਰਾਂ ਨੂੰ 13000 ਗੈਰਕਾਨੂੰਨੀ ਬੱਸਾਂ ਚਲਾਉਣ ਦੀ ਖੁਲ, ਰੇਤ ਮਾਫੀਆ ਦੀ ਲੁੱਟਖਸੁਟ ਦੀ ਖੁਲ ਕੇ ਸਰਕਾਰੀ ਆਮਦਨੀ ਦੇ ਸਰੋਤ ਹੀ ਬੰਦ ਕੀਤੇ ਹੋਏ ਹਨ| ਉਹਨਾਂ ਕਿਹਾ ਕਿ ਕੈਪਟਨ ਸਰਕਾਰ ਨੇ ਪੰਜਾਬ ਦੇ ਥਰਮਲ ਪਲਾਟਾਂ ਨੂੰ ਬੰਦ ਕਰਕੇ ਨਿਜੀ ਥਰਮਲ ਪਲਾਟਾਂ ਤੋਂ ਮਹਿੰਗੀ ਬਿਜਲੀ ਖਰੀਦ ਕੇ ਪੰਜਾਬ ਵਾਸੀਆਂ ਨੂੰ ਬਹੁਤ ਮਹਿੰਗੇ ਭਾਅ ਬਿਜਲੀ ਦਿੱਤੀ ਜਾ ਰਹੀ ਹੈ|
ਉਹਨਾਂ ਕਿਹਾ ਕਿ 10 ਦਸੰਬਰ ਨੂੰ ਪਟਿਆਲਾ ਵਿਖੇ ਪੈਨਸ਼ਨਰਾਂ ਦੀ ਵੱਡੀ ਰੈਲੀ ਵਿੱਚ ਮੁਹਾਲੀ ਜਿਲ੍ਹੇ ਤੋਂ ਵੱਡੀ ਗਿਣਤੀ ਪੈਨਸ਼ਨਰ ਸ਼ਾਮਲ ਹੋਣਗੇ|
ਇਸ ਮੌਕੇ ਸੰਸਥਾ ਦੇ ਪ੍ਰਧਾਨ ਸ੍ਰ. ਮੋਹਨ ਸਿੰਘ, ਜਨਰਲ ਸਕੱਤਰ ਡਾ. ਐਨ ਕੇ ਕਲਸੀ ਅਤੇ ਹੋਰਨਾਂ ਆਗੂਆਂ ਨੇ ਸੰਬੋਧਨ ਕੀਤਾ| ਇਸ ਮੌਕੇ ਪੈਨਸ਼ਨਰਾਂ ਨੇ ਕੈਪਟਨ ਸਰਕਾਰ ਵਿਰੁੱਧ ਨਾਰ੍ਹੇਬਾਜੀ ਵੀ ਕੀਤੀ|

Leave a Reply

Your email address will not be published. Required fields are marked *