ਸਰਕਾਰ ਵਲੋਂ ਦੁਕਾਨਾਂ ਬੰਦ ਰੱਖਣ ਸੰਬੰਧੀ ਜਾਰੀ ਹੁਕਮਾਂ ਤੇ ਭੜਕੇ ਦੁਕਾਨਦਾਰ

ਸਰਕਾਰ ਵਲੋਂ ਦੁਕਾਨਾਂ ਬੰਦ ਰੱਖਣ ਸੰਬੰਧੀ ਜਾਰੀ ਹੁਕਮਾਂ ਤੇ ਭੜਕੇ ਦੁਕਾਨਦਾਰ
ਸਰਕਾਰ ਦੇ ਖਿਲਾਫ ਸੰਘਰਸ਼ ਕਰਨ ਦਾ ਐਲਾਨ
ਐਸ ਏ ਐਸ ਨਗਰ, 22 ਅਗਸਤ (ਸ.ਬ.) ਪੰਜਾਬ ਸਰਕਾਰ ਵਲੋਂ ਕੋਰੋਨਾ ਮਹਾਮਾਰੀ ਦੇ ਲਗਾਤਾਰ ਵੱਧਦੇ ਮਾਮਲਿਆਂ ਤੇ ਕਾਬੂ ਕਰਨ ਵਿੱਚ ਨਾਕਾਮ ਰਹਿਣ ਤੋਂ ਬਾਅਦ ਹੁਣ ਆਮ ਲੋਕਾਂ ਲਈ ਨਵੇਂ ਸਿਰੇ ਤੋਂ ਪਾਬੰਦੀਆਂ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ| ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਵਲੋਂ ਸ਼ਨੀਵਾਰ ਅਤੇ ਐਤਵਾਰ ਨੂੰ ਕਰਫਿਊ ਲਗਾਏ ਜਾਣ ਦੇ ਹੁਕਮ ਦਿੱਤੇ ਜਾਣ ਤੋਂ ਬਾਅਦ ਜਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਵਲੋਂ ਵੀ ਹੁਕਮ ਜਾਰੀ ਕਰ ਦਿੱਤੇ ਗਏ ਹਨ ਜਿਸਦੇ ਤਹਿਤ ਆਮ ਵਰਤੋਂ ਦੇ ਸਾਮਾਨ ਦੀਆਂ ਦੁਕਾਨਾਂ ਨੂੰ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ|
ਸਰਕਾਰ ਵਲੋਂ ਜਾਰੀ ਇਹਨਾਂ ਹੁਕਮਾਂ ਦਾ ਵਪਾਰੀ ਵਰਗ ਵਲੋਂ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਉਹ ਕਹਿ ਰਹੇ ਹਨ ਕਿ ਸਰਕਾਰ ਆਪਣੀਆਂ ਨਾਕਾਮੀਆਂ ਨੂੰ ਲੁਕਾਉਣ ਲਈ ਦੁਕਾਨਦਾਰਾਂ ਦਾ ਨੁਕਸਾਨ ਕਰਨ ਤੇ ਤੁਲੀ ਹੋਈ ਹੈ| ਇਸ ਸੰਬੰਧੀ ਮੁਹਾਲੀ ਵਪਾਰ ਮੰਡਲ ਦੇ ਪ੍ਰਧਾਨ ਸ੍ਰੀ ਵਿਨੀਤ ਵਰਮਾ ਅਤੇ ਜਨਰਲ ਸਕੱਤਰ ਸ੍ਰ. ਸਰਬਜੀਤ ਸਿੰਘ ਪਾਰਸ ਕਹਿੰਦੇ ਹਨ ਕਿ ਇਸਤੋਂ ਪਹਿਲਾਂ ਵੀ ਸਰਕਾਰ ਵਲੋਂ ਤਿੰਨ ਮਹੀਨੇ ਤਕ ਦੁਕਾਨਾਂ ਜਬਰੀ ਬੰਦ ਕਰਵਾ ਕੇ ਦੁਕਾਨਦਾਰਾਂ ਨੂੰ ਤਬਾਹੀ ਕੰਢੇ ਧੱਕਿਆ ਗਿਆ ਹੈ ਪਰੰਤੂ ਇਸਦੇ ਬਾਵਜੂਦ ਕੋਰੋਨਾ ਦੇ ਮਾਮਲੇ ਲਗਾਤਾਰ ਵਧੇ ਹਨ ਜਿਸ ਨਾਲ ਸਾਬਿਤ ਹੁੰਦਾ ਹੈ ਕਿ ਦੁਕਾਨਾਂ ਬੰਦ ਕਰਵਾਉਣ ਨਾਲ ਕੋਰੋਨਾ ਦੀ ਬਿਮਾਰੀ ਤੇ ਕਾਬੂ ਨਹੀਂ ਪਾਇਆ ਜਾ ਸਕਦਾ| ਉਹਨਾਂ ਕਿਹਾ ਕਿ ਜੇਕਰ ਸਰਕਾਰ ਨੇ ਕੋਈ ਪਾਬੰਦੀਆਂ ਲਾਗੂ ਕਰਨੀਆਂ ਹਨ ਤਾਂ ਉਹ ਸਿਆਸੀ ਪਾਰਟੀਆਂ ਵਲੋਂ ਕੀਤੇ ਜਾਂਦੇ ਇਕੱਠ ਤੇ ਪਾਬੰਦੀ ਲਗਾਏ ਪਰੰਤੂ ਸਰਕਾਰ ਦੁਕਾਨਾਂ ਬੰਦ ਕਰਵਾ ਕੇ ਸਰਕਾਰ ਸਿਰਫ ਦੁਕਾਨਦਾਰਾਂ ਨੂੰ ਤਬਾਹ ਕਰ ਰਹੀ ਹੈ| 
ਉਕਤ ਆਗੂਆਂ ਨੇ ਕਿਹਾ ਕਿ ਇੱਕ ਪਾਸੇ ਤਾਂ ਸਰਕਾਰ ਵਲੋਂ ਸ਼ਰਾਬ ਦੇ ਠੇਕਿਆਂ ਨੂੰ ਹਫਤੇ ਵਿੱਚ ਸੱਤ ਦਿਨ ਖੋਲ੍ਹੇ ਜਾਣ ਦੀ ਇਜਾਜਤ ਦਿੱਤੀ ਗਈ ਹੈ ਜਦੋਂਕਿ ਨਵੇਂ ਹੁਕਮਾਂ ਅਨੁਸਾਰ ਬਾਕੀ ਦੁਕਾਨਾ ਹਫਤੇ ਵਿੱਚ ਦੋ ਜਾਂ ਤਿੰਨ ਦਿਨ ਹੀ ਖੋਲ੍ਹੀਆਂ ਜਾ ਸਕਦੀਆਂ ਹਨ| ਉਹਨਾਂ ਸਵਾਲ ਕੀਤਾ ਕਿ ਕੀ ਸ਼ਰਾਬ ਦੀਆਂ ਦੁਕਾਨਾਂ ਤੇ ਜਾਣ ਵਾਲਿਆਂ ਨੂੰ ਕੋਰੋਨਾ ਦਾ ਕੋਈ ਡਰ ਨਹੀਂ ਹੈ| ਉਹਨਾਂ ਕਿਹਾ ਕਿ ਸਿਆਸੀ ਆਗੂ ਰੋਜ ਵੱਡੇ ਪ੍ਰੋਗਰਾਮ ਕਰਦੇ ਹਨ ਅਤੇ ਖੁਦ ਸਿਹਤ ਮੰਤਰੀ ਵਲੋਂ ਰੋਜਾਨਾਂ ਕੋਈ ਨਾ ਕੋਈ ਪ੍ਰੋਗਰਾਮ ਕਰਕੇ ਭੀੜ ਇਕੱਠੀ ਕੀਤੀ ਜਾਂਦੀ ਹੈ ਤਾਂ ਕੀ ਉਸ ਨਾਲ ਕੋਰੋਨਾ ਨਹੀਂ ਫੈਲਦਾ| 
ਉਹਨਾਂ ਕਿਹਾ ਕਿ ਪਹਿਲਾਂ ਤਿੰਨ ਮਹੀਨੇ ਤਕ ਕੀਤੇ ਗਏ ਲਾਕ ਡਾਊਨ ਅਤੇ ਕਰਫਿਊ ਦੌਰਾਨ ਸਰਕਾਰ ਵਲੋਂ ਵਪਾਰੀ ਵਰਗ ਨੂੰ ਕੋਈ ਰਾਹਤ ਨਹੀਂ ਦਿੱਤੀ ਗਈ ਅਤੇ ਵੱਡੀ ਗਿਣਤੀ ਵਪਾਰੀ ਇਸ ਕਾਰਨ ਪੂਰੀ ਤਰ੍ਹਾ ਬਰਬਾਦ ਹੋ ਗਏ ਜਦੋਂਕਿ ਇਸ ਪੂਰੇ ਮਾਮਲੇ ਵਿੱਚ ਵਪਾਰੀਆਂ ਕਦੀ ਕੋਈ ਗਲਤੀ ਨਹੀਂ ਸੀ| ਉਹਨਾਂ ਕਿਹਾ ਕਿ ਇਸ ਸਾਰੇ ਕੁੱਝ ਵਾਸਤੇ ਪੂਰੀ ਤਰ੍ਹਾਂ ਸਰਕਾਰ ਜਿੰਮਵਾਰ ਹੈ ਜਿਸ ਵਲੋਂ ਰੋਜਾਨਾ ਨਵੇਂ ਨਵੇਂ ਹੁਕਮ ਜਾਰੀ ਕਰਕੇ ਆਪਣੀਆਂ ਨਾਕਾਮੀਆਂ ਲੁਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ| ਉਹਨਾਂ ਕਿਹਾ ਕਿ ਅਸਲੀਅਤ ਇਹ ਹੈ ਕਿ ਸਰਕਾਰ ਕੋਲ ਨਾ ਤਾਂ ਇਸ ਬਿਮਾਰੀ ਤੇ ਕਾਬੂ ਕਰਨ ਦੀ ਇੱਛਾਸ਼ਕਤੀ ਹੈ ਅਤੇ ਨਾ ਹੀ ਉਸ ਕੋਲ ਇਸ ਬਿਮਾਰੀ ਤੋਂ ਪ੍ਰਭਾਵਿਤ ਹੋਣ ਵਾਲੇ ਲੋਕਾਂ ਦੇ ਇਲਾਜ ਦੇ ਲੋੜੀਂਦੇ ਪ੍ਰਬੰਧ ਮੌਜੂਦ ਹਨ ਅਤੇ ਸਰਕਾਰ ਨਿੱਤ ਨਵੇਂ ਚੋਚਲੇ ਕਰਕੇ ਲੋਕਾਂ ਨੂੰ ਗੁੰਮਰਾਹ ਕਰਨ ਤੇ ਲੱਗੀ ਹੋਈ ਹੈ|
ਉਹਨਾਂ ਕਿਹਾ ਕਿ  ਸਰਕਾਰ ਵਲੋਂ ਦੁਕਾਨਾਂ ਨੂੰ ਜਬਰਦਸਤੀ ਬੰਦ ਕਰਨ ਦੀ ਕਾਰਵਾਈ ਵਪਾਰੀਆਂ ਨਾਲ ਸਿੱਧੀ ਧੱਕੇਸ਼ਾਹੀ ਹੈ ਅਤੇ ਵਪਾਰੀ ਵਰਗ ਇਸਨੂੰ ਬਰਦਾਸ਼ਤ ਨਹੀਂ ਕਰੇਗਾ ਅਤੇ ਜੇਕਰ ਸਰਕਾਰ ਨੇ ਇਹ ਪਾਬੰਦੀਆਂ ਤੁਰੰਤ ਵਾਪਸ ਨਾ ਲਈਆਂ ਤਾਂ ਇਸਦੇ ਖਿਲਾਫ ਜੋਰਦਾਰ ਸੰਘਰਸ਼ ਕੀਤਾ ਜਾਵੇਗਾ| 

Leave a Reply

Your email address will not be published. Required fields are marked *