ਸਰਕਾਰ ਵੱਲੋਂ ਸ਼ਹੀਦ ਫੌਜੀਆਂ ਦੇ ਪਰਿਵਾਰ ਨਾਲ ਕੀਤੇ ਵਾਅਦੇ ਨਹੀਂ ਹੋਏ ਵਫਾ ਸਰਕਾਰੀ ਮਦਦ ਦੀ ਉਡੀਕ ਵਿੱਚ ਹੀ ਚਲ ਵਸੀ ਲੰਬਾ ਸਮਾਂ ਸੰਘਰਸ਼ ਕਰਨ ਵਾਲੀ ਸ਼ਹੀਦ ਫੌਜੀ ਦੀ ਮਾਤਾ

ਐਸ.ਏ.ਐਸ.ਨਗਰ, 8 ਦਸੰਬਰ (ਸ.ਬ.) 1962-65 ਅਤੇ 71 ਦੀ ਜੰਗ ਵਿੱਚ ਦੇਸ਼ ਦੀ ਰਾਖੀ ਲਈ ਆਪਣੀਆਂ ਜਾਨਾਂ ਵਾਰਨ ਵਾਲੇ ਸ਼ਹੀਦ ਫੌਜੀਆਂ ਦੀਆਂ ਵਿਧਾਵਾਵਾਂ ਅਤੇ ਪਰਿਵਾਰਿਕ ਮੈਂਬਰਾਂ ਨੂੰ ਪੰਜਾਬ ਸਰਕਾਰ ਵੱਲੋਂ ਸਿਵਾਏ ਲਾਰਿਆਂ ਦੇ ਕੁਝ ਵੀ ਹਾਸਿਲ ਨਹੀਂ ਹੋਇਆ ਅਤੇ ਇਸ ਦੌਰਾਨ ਪਿਛਲੇ ਲੰਬੇ ਸਮੇਂ ਤੋਂ ਸ਼ਹੀਦ ਪਰਿਵਾਰਾਂ ਦੇ ਹੱਕਾਂ ਲਈ ਸੰਘਰਸ਼ ਕਰਨ ਵਾਲੀ ਪਿੰਡ ਕਾਂਡਲਾ ਦੇ ਇਕ ਸ਼ਹੀਦ ਫੌਜੀ ਗੱਜਣ ਸਿੰਘ ਦੀ ਮਾਤਾ ਸੁਰਜੀਤ ਕੌਰ ਦੀ ਬੁੱਧਵਾਰ ਰਾਤ ਮੌਤ ਹੋ ਗਈ| ਇਸ ਤੋਂ ਪਿਛਲੇ ਬੁੱਧਵਾਰ ਨੂੰ ਪਿੰਡ ਸੋਹਾਣਾ ਦੇ ਸਾਬਕਾ ਫੌਜੀ ਕੇਸਰ ਸਿੰਘ ਦੀ ਵੀ ਮੌਤ ਹੋ ਗਈ ਹੈ|
ਇਹਨਾਂ ਸ਼ਹੀਦ ਫੌਜੀਆਂ ਦੇ ਪਰਿਵਾਰਾਂ ਵੱਲੋਂ ਲੰਬਾ ਸਮਾਂ ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ ਦੇ ਬਾਹਰ ਲੰਬੇ ਸਮੇਂ ਤਕ ਧਰਨਾ ਦੇ ਕੇ ਸਰਕਾਰ ਵੱਲੋਂ ਸ਼ਹੀਦ ਫੌਜੀਆਂ ਦੇ ਪਰਿਵਾਰਾਂ ਨੂੰ ਦਿੱਤੀ ਜਾਣ ਵਾਲੀ ਆਰਥਿਕ ਮੰਗ ਹਾਸਿਲ ਕਰਨ ਲਈ ਸੰਘਰਸ਼ ਕੀਤਾ ਗਿਆ ਸੀ| ਜਿਕਰਯੋਗ ਹੈ ਕਿ ਇਸ ਉਪਰੰਤ ਪੰਜਾਬ ਸਰਕਾਰ ਵੱਲੋਂ ਜੰਗੀ ਅਵਾਰਡ ਦੇ ਤੌਰ ਤੇ ਮਿਲਣ ਵਾਲੀ 10-10 ਕਿੱਲੇ ਜ਼ਮੀਨ ਦੀ ਥਾਂ ਤਿੰਨ ਕਿਸ਼ਤਾਂ ਵਿੱਚ 50 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਸੀ ਜਿਸ ਵਿੱਚੋਂ 20 ਲੱਖ ਰਪੁਏ ਪਹਿਲਾਂ ਅਤੇ ਬਾਕੀ 15 ਲੱਖ ਦੀਆਂ 2 ਕਿਸ਼ਤਾਂ ਵਿੱਚੋਂ ਦਿੱਤੇ ਜਾਣੇ ਸੀ ਪਰ ਸ਼ਹੀਦ ਫੌਜ਼ੀ ਦੀ ਮਾਤਾ ਸੁਰਜੀਤ ਕੌਰ ਸਰਕਾਰੀ ਮਦਦ ਦੀ ਉਡੀਕ ਵਿੱਚ ਹੀ ਰੱਬ ਨੂੰ ਪਿਆਰੀ ਹੋ ਗਈ|
ਇਸ ਦੌਰਾਨ ਸ਼ਹੀਦ ਹੋਏ ਫੌਜੀਆਂ ਦੇ ਪਰਿਵਾਰਕ ਮੈਂਬਰਾਂ ਨੇ ਸ੍ਰ. ਹਰਨੇਕ ਸਿੰਘ ਕੰਡਾਲਾ, ਸ੍ਰ. ਅਮਰੀਕ ਸਿੰਘ, ਸ. ਅਮਰਜੀਤ ਸਿੰਘ, ਸ੍ਰ. ਗੁਰਸੇਵਕ ਸਿੰਘ, ਸ੍ਰ. ਬੂਟਾ ਸਿੰਘ, ਪਰਮਜੀਤ ਕੌਰ, ਸ੍ਰ. ਗੋਬਿੰਦ ਸਿੰਘ, ਸਤਿੰਦਰ ਸਿੰਘ, ਗੁਰਮੀਤ ਕੌਰ ਨੇ ਡਿਪਟੀ ਕਮਿਸ਼ਨਰ ਐਸ.ਏ.ਐਸ.ਨਗਰ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਹੈ ਕਿ ਸ਼ਹੀਦ ਫੌਜੀਆਂ ਦੇ ਪਰਿਵਾਰਾਂ ਨੂੰ ਜਲੀਲ ਕਰਨ ਦੀ ਥਾਂ ਸਰਕਾਰ ਆਪਣੇ ਵਾਇਦੇ ਪੂਰੇ ਕਰੇ ਅਤੇ ਜੰਗੀ ਫੌਜੀਆਂ ਦੇ ਪਰਿਵਾਰਾਂ ਨੂੰ ਉਹਨਾਂ ਦਾ ਹੱਕ ਦੇਵੇ|

Leave a Reply

Your email address will not be published. Required fields are marked *