ਸਰਗਰਮ ਰਾਜਨੀਤੀ ਵਿੱਚ ਕਿਸ ਨੂੰ ਮੰਨਿਆ ਜਾਵੇ ਦਾਗੀ

ਸੁਪਰੀਮ ਕੋਰਟ ਵੱਲੋਂ ਦਾਗੀ ਨੇਤਾਵਾਂ ਨੂੰ ਪਾਰਟੀਆਂ ਤੋਂ ਟਿਕਟ ਨਾ ਦੇਣ ਤੋਂ ਰੋਕਣ ਦੀ ਪਟੀਸ਼ਨ ਖਾਰਿਜ ਕਰਨਾ ਸੁਭਾਵਿਕ ਹੈ| ਕਿਸੇ ਉੱਤੇ ਅਪਰਾਧ ਜਾਂ ਭ੍ਰਿਸ਼ਟਾਚਾਰ ਦਾ ਇਲਜ਼ਾਮ ਲੱਗਣ ਨੂੰ ਦੋਸ਼ ਮੰਨ ਲੈਣਾ ਨਿਆਂ ਦੀ ਸੋਚ ਨਹੀਂ ਹੋ ਸਕਦੀ| ਨਿਆਂ ਦਾ ਮੂਲ ਸਿੱਧਾਂਤ ਹੈ ਕਿ ਕੋਈ ਦੋਸ਼ੀ ਛੁੱਟ ਜਾਵੇ ਇਸ ਨੂੰ ਸਵੀਕਾਰ ਕੀਤਾ ਜਾ ਸਕਦਾ ਹੈ, ਪਰ ਕਿਸੇ ਨਿਰਦੋਸ਼ ਨੂੰ ਸਜਾ ਮਿਲੇ ਇਹ ਉਚਿਤ ਨਹੀਂ| ਇਸ ਲਈ ਅਦਾਲਤ ਕਿਸੇ ਨੂੰ ਸਜਾ ਦੇਣ ਤੋਂ ਪਹਿਲੇ ਉਸਦੇ ਗੁਨਾਹਾਂ ਨਾਲ ਸਬੰਧਿਤ ਸਾਰੇ ਸਬੂਤਾਂ ਦਾ ਗਹਿਨ ਪ੍ਰੀਖਣ ਕਰਦੀ ਹੈ| ਦੋਸ਼ ਲੱਗਣ ਵਾਲੇ ਵਿਅਕਤੀ ਨੂੰ ਆਪਣੇ ਬਚਾਓ ਦਾ ਪੂਰਾ ਮੌਕਾ ਮਿਲਦਾ ਹੈ| ਅਦਾਲਤ ਜੇਕਰ ਰਾਜਨੀਤਕ ਪਾਰਟੀਆਂ ਨੂੰ ਇਹ ਆਦੇਸ਼ ਦੇਵੇ ਕਿ ਤੁਸੀਂ ਅਜਿਹੇ ਕਿਸੇ ਵਿਅਕਤੀ ਨੂੰ ਉਮੀਦਵਾਰ ਨਾ ਬਣਾਓ ਜਿਨ੍ਹਾਂ ਤੇ ਕਿਸੇ ਤਰ੍ਹਾਂ ਦੇ ਅਪਰਾਧ ਦਾ ਦੋਸ਼ ਹੋਵੇ ਤਾਂ ਇਹ ਉਸਦੇ ਆਪਣੇ ਹੀ ਸਿੱਧਾਂਤ ਦੇ ਵਿਰੁੱਧ ਹੋਵੇਗਾ|
ਉਂਝ ਵੀ ਸੁਪਰੀਮ ਕੋਰਟ ਨੇ ਜੁਲਾਈ 2013 ਵਿੱਚ ਅਜਿਹੇ ਲੋਕਾਂ ਨੂੰ ਉਮੀਦਵਾਰ ਬਣਾਉਣ ਤੇ ਰੋਕ ਲਗਾ ਦਿੱਤੀ ਸੀ ਜੋ ਜਾਂ ਤਾਂ ਗ੍ਰਿਫਤਾਰ ਹਨ, ਜਿਸ ਨੂੰ ਦੋ ਸਾਲ ਤੋਂ ਜ਼ਿਆਦਾ ਦੀ ਸਜਾ ਮਿਲ ਚੁੱਕੀ ਹੈ| ਇਹ ਆਦੇਸ਼ ਹੀ ਬਹੁਤ ਹੈ| ਇਸਨੂੰ ਜ਼ਿਆਦਾ ਖਿੱਚਣਾ ਨਾ ਉਚਿਤ ਹੋਵੇਗਾ ਅਤੇ ਨਾ ਵਿਵਹਾਰਕ ਹੀ| ਜਨਤਕ ਜੀਵਨ ਵਿੱਚ ਕਈ ਕਾਰਣਾਂ ਕਰਕੇ ਆਦਮੀਆਂ ਉੱਤੇ ਮੁਕੱਦਮੇ ਦਰਜ ਹੁੰਦੇ ਹਨ| ਅੰਦੋਲਨਾਂ ਦੇ ਦੌਰਾਨ ਵੀ ਅਪਰਾਧਿਕ ਧਾਰਾਵਾਂ ਵਿੱਚ ਹੀ ਮੁਕੱਦਮਾ ਦਰਜ ਹੁੰਦਾ ਹੈ| ਕੋਈ ਨਿਆਂ ਦੀ ਮੰਗ ਲਈ ਅੰਦੋਲਨ ਕਰੇ ਉਸਨੂੰ ਵੀ ਸਿਰਫ ਇਸ ਆਧਾਰ ਤੇ ਅਪਰਾਧੀ ਮੰਨ ਲਿਆ ਜਾਵੇ ਕਿ ਉਸ ਉੱਤੇ ਮੁਕੱਦਮੇ ਦਰਜ ਹੋ ਚੁੱਕੇ ਹਨ, ਇਹ ਕਿੱਥੇ ਦਾ ਨਿਆਂ ਹੋਵੇਗਾ? ਹਾਲਾਂਕਿ ਅਦਾਲਤ ਨੇ ਪਟੀਸ਼ਨ ਖਾਰਿਜ ਕਰਦੇ ਹੋਏ ਜ਼ਿਆਦਾ ਵਿਸਥਾਰ ਨਾਲ ਇਹ ਗੱਲਾਂ ਨਹੀਂ ਦੱਸੀਆਂ ਹਨ| ਪਰ ਉਸ ਦਾ ਮਤਲਬ ਇਹੀ ਮੰਨਿਆ ਜਾਵੇਗਾ| ਇਸ ਪਟੀਸ਼ਨ ਦੇ ਖਾਰਿਜ ਹੋਣ ਤੋਂ ਬਾਅਦ ਇਹ ਸਵਾਲ ਫਿਰ ਤੋਂ ਸਾਹਮਣੇ ਆਇਆ ਹੈ ਕਿ ਅਖੀਰ ਰਾਜਨੀਤੀ ਵਿੱਚ ਕਿਸ ਨੂੰ ਦਾਗੀ ਮੰਨਿਆ ਜਾਵੇ ? ਇਸ ਉੱਤੇ ਲੰਬੇ ਸਮੇਂ ਤੋਂ ਬਹਿਸ ਹੁੰਦੀ ਰਹੀ ਹੈ ਅਤੇ ਹੋਣੀ ਵੀ ਚਾਹੀਦੀ ਹੈ| ਅਪਰਾਧ ਕਰਨ ਵਾਲਿਆਂ ਦੇ ਚੋਣ ਜਿੱਤ ਕੇ ਸੱਤਾ ਦਾ ਹਿੱਸਾ ਬਨਣ ਦੇ ਅਨੇਕ ਦੁਖਦ ਉਦਾਹਰਣ ਮੌਜੂਦ ਹਨ| ਇਸ ਹਾਲਤ ਦੇ ਅੰਤ ਲਈ ਗੰਭੀਰ ਯਤਨ ਦੀ ਜ਼ਰੂਰਤ ਹੈ| ਪਰ ਪਿਛਲੇ ਸਾਲਾਂ ਵਿੱਚ ਇਹ ਕਾਫ਼ੀ ਘੱਟ ਹੋਇਆ ਹੈ| ਇਸ ਵਿੱਚ ਕਾਨੂੰਨੀ ਅਤੇ ਚੋਣ ਕਮਿਸ਼ਨ ਦੀ ਸਰਗਰਮੀ ਦੀ ਵੀ ਭੂਮਿਕਾ ਰਹੀ ਹੈ| ਪਰ ਇਹ ਇਨ੍ਹਾਂ ਤੋਂ ਜ਼ਿਆਦਾ ਸਮਾਜਿਕ ਜਾਗਰਨ ਅਤੇ ਰਾਜਨੀਤਿਕ ਨੈਤਿਕਤਾ ਦਾ ਵਿਸ਼ਾ ਹੈ| ਰਾਜਨੀਤੀ ਵਿੱਚ ਅਜਿਹੇ ਲੋਕ ਵੀ ਹਨ, ਜਿਨ੍ਹਾਂ ਉੱਤੇ ਅਪਰਾਧ ਦੇ ਗੰਭੀਰ ਮਾਮਲੇ ਭਾਵੇਂ ਦਰਜ ਨਾ ਹੋਣ, ਪਰ ਉਨ੍ਹਾਂ ਦੇ ਅਪਰਾਧੀ ਹੋਣ ਦਾ ਗਿਆਨ ਸਮਾਜ ਨੂੰ ਹੈ| ਜੇਕਰ ਸਮਾਜ ਅਜਿਹੇ ਲੋਕਾਂ ਨੂੰ ਚੋਣਾਂ ਵਿੱਚ ਹਰਾਉਣ ਲੱਗੇ ਤਾਂ ਰਾਜਨੀਤਿਕ ਦਲ ਇਨ੍ਹਾਂ ਨੂੰ ਉਮੀਦਵਾਰ ਬਣਾਉਣ ਤੋਂ ਖੁਦ ਬਚਣ ਲੱਗਣਗੇ|
ਕਿਰਨ ਕੁਮਾਰ

Leave a Reply

Your email address will not be published. Required fields are marked *