ਸਰਹਿੰਦ ਵਿਖੇ ਸੜਕ ਹਾਦਸੇ ਵਿੱਚ ਦੋ ਵਿਦਿਆਰਥੀਆਂ ਦੀ ਮੌਤ, 3 ਜ਼ਖਮੀ

ਫ਼ਤਹਿਗੜ੍ਹ ਸਾਹਿਬ, 19 ਅਪ੍ਰੈਲ (ਸ.ਬ.) ਸਰਹਿੰਦ ਦੇ ਚਾਵਲਾ ਚੌਕ ਨਜ਼ਦੀਕ ਬੀਤੀ ਰਾਤ 1 ਵਜੇ ਦੇ ਕਰੀਬ ਇਕ ਕਾਰ ਦੇ ਬਿਜਲੀ ਦੇ ਖੰਭੇ ਨਾਲ ਟਕਰਾਉਣ ਕਾਰਨ ਵਾਪਰੇ ਦਰਦਨਾਕ ਹਾਦਸੇ ਵਿਚ ਦੋ ਨੌਜਵਾਨਾਂ ਦੀ ਮੌਤ ਹੋ ਗਈ, ਜਦਕਿ ਤਿੰਨ ਨੌਜਵਾਨ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਚੰਡੀਗੜ੍ਹ ਦੇ ਸੈਕਟਰ 32 ਵਿਚ ਦਾਖਲ ਕਰਵਾਇਆ ਗਿਆ| ਪ੍ਰਾਪਤ ਸੂਚਨਾ ਅਨੁਸਾਰ ਇਹ ਪੰਜੇ ਨੌਜਵਾਨ ਮਾਤਾ ਗੁਜਰੀ ਕਾਲਜ ਫ਼ਤਹਿਗੜ੍ਹ ਸਾਹਿਬ ਦੇ ਵਿਦਿਆਰਥੀ ਸਨ ਜਿਨ੍ਹਾਂ ਵਿਚੋਂ ਚਾਰ ਵਿਦਿਆਰਥੀ ਬੀ.ਐਸ.ਸੀ. (ਖੇਤੀਬਾੜੀ) ਦੇ ਅਖੀਰਲੇ ਸੈਸ਼ਨ ਦੇ ਅਤੇ ਇਕ ਵਿਦਿਆਰਥੀ ਐਮ.ਏ.ਦਾ ਵਿਦਿਆਰਥੀ ਹੈ| ਪੁਲੀਸ ਸੂਤਰਾਂ ਅਨੁਸਾਰ ਇਹ ਵਿਦਿਆਰਥੀ ਬੀਤੀ ਰਾਤ ਆਪਣੀ ਜੈਨ ਕਾਰ ਨੰਬਰ ਪੀ ਬੀ 26 ਡੀ 4636 ਵਿਚ ਸਵਾਰ ਹੋ ਕੇ ਜੀ ਟੀ ਰੋਡ ਵੱਲ ਜਾ ਰਹੇ ਸਨ ਤਾਂ ਚਾਵਲਾ ਚੌਕ ਨਜ਼ਦੀਕ ਪਹੁੰਚਣ ਤੇ ਜੈਨ ਕਾਰ ਬੇਕਾਬੂ ਹੋ ਕੇ ਬਿਜਲੀ ਦੇ ਖੰਭੇ ਵਿਚ ਜਾ ਵੱਜੀ ਅਤੇ ਪਲਟ ਗਈ| ਘਟਨਾ ਵਾਪਰਦੇ ਹੀ ਰਾਹਗੀਰਾਂ ਨੇ ਨੌਜਵਾਨਾਂ ਨੂੰ ਕਾਰ ਵਿਚੋਂ ਕੱਢ ਕੇ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਫ਼ਤਹਿਗੜ੍ਹ ਸਾਹਿਬ ਲਿਆਂਦਾ ਜਿੱਥੇ ਦੋ ਵਿਦਿਆਰਥੀਆਂ ਨੂੰ ਮੌਕੇ ਤੇ ਹੀ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਜਿਨ੍ਹਾਂ ਵਿਚ ਕਾਰ ਚਾਲਕ ਸਤਨਾਮ ਸਿੰਘ 23 ਪੁੱਤਰ ਹਰਜੀਤ ਸਿੰਘ ਵਾਸੀ ਦੋਰਾਹਾ ਅਤੇ ਸੁਖਦੀਪ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਚਮਕੌਰ ਸਾਹਿਬ ਸ਼ਾਮਿਲ ਹਨ ਜਦਕਿ ਕਮਲਪ੍ਰੀਤ ਪੁੱਤਰ ਭੀਮ ਸਿੰਘ ਵਾਸੀ ਘਮੈਤ ਜਿਲਾ ਲੁਧਿਆਣਾ, ਰਿਸ਼ੀ ਖੁਰਮੀ ਪੁੱਤਰ ਪ੍ਰਵੀਨ ਵਾਸੀ ਬਰਨਾਲਾ ਅਤੇ ਲਭਪ੍ਰੀਤ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਮਾਨਸਾ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਸਿਵਲ ਹਸਪਤਾਲ ਫ਼ਤਹਿਗੜ੍ਹ ਸਾਹਿਬ ਤੋਂ ਸਰਕਾਰੀ ਹਸਪਤਾਲ 32 ਰੈਫ਼ਰ ਕਰ ਦਿੱਤਾ ਗਿਆ| ਸਰਹਿੰਦ ਪੁਲੀਸ ਨੇ ਦੱਸਿਆ ਕਿ ਇਸ ਸਬੰਧ ਵਿਚ ਜ਼ਖਮੀ ਵਿਦਿਆਰਥੀ ਰਿਸੀ ਖੁਰਮੀ ਦੇ ਬਿਆਨਾਂ ਤੇ ਧਾਰਾ 174 ਸੀ.ਆਰ.ਪੀ.ਸੀ. ਅਧੀਨ ਕਾਰਵਾਈ ਕੀਤੀ ਗਈ ਹੈ ਅਤੇ ਮ੍ਰਿਤਕਾਂ ਦੀਆਂ ਲਾਸਾਂ ਪੋਸਟ ਮਾਰਟਮ ਉਪਰੰਤ ਵਾਰਸਾਂ ਦੇ ਹਵਾਲੇ ਕਰ ਦਿੱਤੀਆਂ ਗਈਆਂ| ਇੱਥੇ ਇਹ ਵਰਨਣਯੋਗ ਹੈ ਕਿ ਮ੍ਰਿਤਕ ਵਿਦਿਆਰਥੀ ਸੁਖਦੀਪ ਸਿੰਘ ਦਾ ਪਿਤਾ ਅਵਤਾਰ ਸਿੰਘ ਪੰਜਾਬ ਪੁਲੀਸ ਦੋਰਾਹਾ ਵਿਚ ਬਤੌਰ ਸਹਾਇਕ ਥਾਣੇਦਾਰ ਅਤੇ ਸਤਨਾਮ ਸਿੰਘ ਦਾ ਪਿਤਾ ਹਰਜੀਤ ਸਿੰਘ ਲੁਧਿਆਣਾ ਵਿਚ ਬਤੌਰ ਹੌਲਦਾਰ ਸੇਵਾ ਨਿਭਾਅ ਰਿਹਾ ਹੈ|

Leave a Reply

Your email address will not be published. Required fields are marked *