ਸਰਹੱਦ ਤੇ ਪਰਿਵਾਰਾਂ ਦੇ ਵਿਛੜਣ ਤੇ ਰੋਕ ਲਗਾਉਣ ਦੇ ਆਦੇਸ਼ ਤੇ ਟਰੰਪ ਨੇ ਕੀਤੇ ਦਸਤਖਤ

ਵਾਸ਼ਿੰਗਟਨ, 21 ਜੂਨ (ਸ.ਬ.) ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕਾ-ਮੈਕਸੀਕੋ ਸਰਹੱਦ ਤੇ ਪ੍ਰਵਾਸੀ ਪਰਿਵਾਰਾਂ ਨੂੰ ਵੱਖ ਕਰਨ ਦੀ ਕਾਰਵਾਈ ਤੇ ਰੋਕ ਲਗਾਉਣ ਵਾਲੇ ਇਕ ਸ਼ਾਸਕੀ ਹੁਕਮ ਤੇ ਦਸਤਖਤ ਕੀਤੇ ਹਨ| ਟਰੰਪ ਵਲੋਂ ਪ੍ਰਵਾਸੀ ਪਰਿਵਾਰਾਂ ਨੂੰ ਵੱਖ ਕਰਨ ਵਾਲੇ ਇਕ ਵਿਵਾਦਪੂਰਨ ਫੈਸਲੇ ਦੀ ਦੁਨੀਆ ਭਰ ਵਿੱਚ ਆਲੋਚਨਾ ਹੋ ਰਹੀ ਸੀ| ਟਰੰਪ ਨੇ ਦਸਤਖਤ ਕਰਨ ਤੋਂ ਬਾਅਦ ਕਿਹਾ ਕਿ ਇਹ ਹੁਕਮ ਪਰਿਵਾਰਾਂ ਨੂੰ ਇਕੱਠੇ ਰੱਖਣ ਵਾਲਾ ਹੈ| ਉਨ੍ਹਾਂ ਕਿਹਾ ਮੈਨੂੰ ਪਰਿਵਾਰਾਂ ਦਾ ਵਿਛੋੜਾ ਪਸੰਦ ਨਹੀਂ ਹੈ| ਉਨ੍ਹਾਂ ਕਿਹਾ ਕਿ ਸ਼ੈਲਟਰਾਂ ਵਿੱਚ ਰਹਿੰਦੇ ਬੱਚਿਆਂ ਨੂੰ ਦੇਖ ਕੇ ਮੇਰਾ ਦਿਲ ਪਸੀਜ ਗਿਆ|
ਚਾਰੋਂ ਪਾਸਿਓਂ ਆਲੋਚਨਾ ਝੱਲ ਰਹੇ ਟਰੰਪ ਨੇ ਨੀਤੀ ਵਿਚ ਬਦਲਾਅ ਕਰਦੇ ਹੋਏ ਇਸ ਸ਼ਾਸਕੀ ਹੁਕਮ ਤੇ ਦਸਤਖਤ ਕੀਤੇ ਹਨ| ਇੱਥੇ ਦੱਸ ਦੇਈਏ ਕਿ ਅਮਰੀਕਾ ਵਿਚ ਗੈਰ-ਕਾਨੂੰਨੀ ਰੂਪ ਨਾਲ ਦਾਖਲ ਹੋਣ ਵਾਲੇ ਵਿਅਕਤੀਆਂ ਨੂੰ ਉਨ੍ਹਾਂ ਦੇ ਬੱਚਿਆਂ ਤੋਂ ਵੱਖ ਕਰ ਦਿੱਤਾ ਜਾ ਰਿਹਾ ਸੀ| ਪਿਛਲੇ ਕੁਝ ਹਫਤਿਆਂ ਵਿੱਚ 2500 ਬੱਚਿਆਂ ਨੂੰ ਉਨ੍ਹਾਂ ਦੇ ਮਾਪਿਆਂ ਤੋਂ ਵੱਖ ਕਰ ਦਿੱਤਾ ਗਿਆ| ਟਰੰਪ ਨੇ ਨਵੇਂ ਹੁਕਮ ਤੇ ਦਸਤਖਤ ਕਰਨ ਤੋਂ ਬਾਅਦ ਕਿਹਾ ਕਿ ਅਸੀਂ ਪਰਿਵਾਰਾਂ ਨੂੰ ਇਕੱਠੇ ਰੱਖਾਂਗੇ ਅਤੇ ਇਸ ਨਾਲ ਸਮੱਸਿਆ ਸੁਲਝ ਜਾਵੇਗੀ| ਨਾਲ ਹੀ ਅਸੀਂ ਸਰਹੱਦ ਤੇ ਸਖਤੀ ਬਣਾ ਕੇ ਰੱਖਾਂਗੇ ਅਤੇ ਇਸ ਸੰਬੰਧ ਵਿੱਚ ਕੁਝ ਵੀ ਬਰਦਾਸ਼ਤ ਨਾ ਕਰਨ ਦੀ ਨੀਤੀ ਕਾਇਮ ਰਹੇਗੀ| ਅਸੀਂ ਉਨ੍ਹਾਂ ਲੋਕਾਂ ਨੂੰ ਬਰਦਾਸ਼ਤ ਨਹੀਂ ਕਰਾਂਗੇ, ਜੋ ਦੇਸ਼ ਵਿਚ ਗੈਰ-ਕਾਨੂੰਨੀ ਰੂਪ ਨਾਲ ਦਾਖਲ ਹੁੰਦੇ ਹਨ| ਟਰੰਪ ਦੇ ਇਸ ਹੁਕਮ ਤੇ ਦਸਤਖਤ ਕਰਨ ਮਗਰੋਂ ਗ੍ਰਹਿ ਸੁਰੱਖਿਆ ਵਿਭਾਗ ਨੇ ਪਰਿਵਾਰਾਂ ਨੂੰ ਇਕੱਠੇ ਰੱਖਣ ਨੂੰ ਕਿਹਾ ਗਿਆ ਹੈ, ਜਦੋਂ ਤੱਕ ਕਿ ਉਨ੍ਹਾਂ ਤੇ ਗੈਰ-ਕਾਨੂੰਨੀ ਰੂਪ ਨਾਲ ਸਰਹੱਦ ਪਾਰ ਕਰਨ ਦੇ ਮਾਮਲੇ ਵਿੱਚ ਮੁਕੱਦਮਾ ਪੂਰਾ ਨਾ ਹੋ ਜਾਵੇ ਪਰ ਉਨ੍ਹਾਂ ਮਾਮਲਿਆਂ ਨੂੰ ਇਸ ਸ਼ਾਸਕੀ ਹੁਕਮ ਤੋਂ ਵੱਖ ਰੱਖਿਆ ਗਿਆ ਹੈ, ਜਿੱਥੇ ਪਰਿਵਾਰ ਬੱਚਿਆਂ ਦੇ ਹਿੱਤ ਲਈ ਖਤਰਾ ਪੈਦਾ ਕਰ ਸਕਦੇ ਹਨ|
ਟਰੰਪ ਨੇ ਇਸ ਦੇ ਨਾਲ ਹੀ ਕਿਹਾ ਕਿ ਸਰਹੱਦ ਤੇ ਸੁਰੱਖਿਆ ਭਾਵੇਂ ਹੀ ਪਹਿਲਾਂ ਦੇ ਮੁਕਾਬਲੇ ਵਧਾਈ ਨਾ ਗਈ ਹੋਵੇ ਪਰ ਪਹਿਲੇ ਜਿੰਨੀ ਹੀ ਰਹੇਗੀ| ਅਸੀਂ ਸਰਹੱਦ ਤੇ ਸਖਤੀ ਬਰਕਰਾਰ ਰੱਖਾਂਗੇ ਪਰ ਅਸੀਂ ਪਰਿਵਾਰਾਂ ਨੂੰ ਇੱਕਠੇ ਰੱਖਾਂਗੇ| ਉਨ੍ਹਾਂ ਨੂੰ ਪਰਿਵਾਰਾਂ ਤੋਂ ਉਨ੍ਹਾਂ ਦੇ ਬੱਚੇ ਵੱਖ ਹੁੰਦੇ ਦੇਖਣਾ ਚੰਗਾ ਨਹੀਂ ਲੱਗਦਾ|
ਹਾਲਾਂਕਿ ਟਰੰਪ ਦੇ ਵਿਰੋਧੀ ਇਸ ਹੁਕਮ ਤੋਂ ਸੰਤੁਸ਼ਟ ਨਹੀਂ ਹਨ ਅਤੇ ਉਨ੍ਹਾਂ ਨੇ ਕਿਹਾ ਕਿ ਇਹ ਸਹੀ ਨਹੀਂ ਹੈ| ਸੀਨੀਅਰ ਡੇਮੋਕ੍ਰੇਟਿਕ ਨੇਤਾ ਜੋ ਕ੍ਰੋਅਲੀ ਨੇ ਕਿਹਾ ਕਿ ਇਹ ਹੁਕਮ ਬੱਚਿਆਂ ਨੂੰ ਉਨ੍ਹਾਂ ਦੇ ਪਰਿਵਾਰਾਂ ਤੋਂ ਵੱਖ ਕਰਨ ਤੇ ਰੋਕ ਲਗਾਉਂਦਾ ਹੈ ਪਰ ਇਹ ਪ੍ਰਸ਼ਾਸਨ ਦੀ ਉਸ ਨਫਰਤ ਭਰੀ ਨੀਤੀ ਨੂੰ ਖਤਮ ਨਹੀਂ ਕਰਦਾ, ਜਿਸ ਵਿਚ ਸ਼ਰਨ ਮੰਗਣ ਵਾਲਿਆਂ ਅਤੇ ਹਿੰਸਾ ਕਾਰਨ ਇੱਥੇ ਆਉਣ ਵਾਲੇ ਵਿਅਕਤੀਆਂ ਨੂੰ ਬਿਨਾਂ ਕਿਸੇ ਕਾਰਨ ਹਿਰਾਸਤ ਵਿਚ ਲਿਆ ਜਾਂਦਾ ਹੈ|

Leave a Reply

Your email address will not be published. Required fields are marked *