ਸਲਮਾਨ ਖਾਨ ਨੂੰ ਮਿਲੀ ਸਜਾ ਤੋਂ ਸਤੁੰਸ਼ਟ ਨਹੀਂ ਹਨ ਪਸ਼ੂ ਪ੍ਰੇਮੀ

ਕਾਲਾ ਹਿਰਨ ਸ਼ਿਕਾਰ ਮਾਮਲੇ ਵਿੱਚ ਫਿਲਮ ਐਕਟਰ ਸਲਮਾਨ ਖਾਨ ਨੂੰ ਸੁਣਾਈ ਗਈ ਸਜਾ ਨਾਲ ਸੁਭਾਵਿਕ ਹੀ ਇਹ ਸੁਨੇਹਾ ਗਿਆ ਹੈ ਕਿ ਕਾਨੂੰਨ ਤੋਂ ਉੱਪਰ ਕੋਈ ਨਹੀਂ ਹੈ| ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਜੋਧਪੁਰ ਦੀ ਇੱਕ ਅਦਾਲਤ ਨੇ ਸਲਮਾਨ ਖਾਨ ਨੂੰ 5 ਸਾਲ ਦੀ ਸਜਾ ਸੁਣਾਈ ਅਤੇ ਇਸਦੇ ਨਾਲ ਹੀ ਉਹ ਹਿਰਾਸਤ ਵਿੱਚ ਲੈ ਲਿਆ ਗਿਆ| ਅਲਬਤਾ ਅਦਾਲਤ ਨੇ ਇਸ ਮਾਮਲੇ ਦੇ ਹੋਰ 4 ਦੋਸ਼ੀ ਬਾਲੀਵੁਡ ਸਿਤਾਰਿਆਂ – ਸੈਫ ਅਲੀ ਖਾਨ , ਤੱਬੂ , ਸੋਨਾਲੀ ਬੇਂਦਰੇ ਅਤੇ ਨੀਲਮ ਨੂੰ ਬਰੀ ਕਰ ਦਿੱਤਾ| ਭਾਰਤ ਵਿੱਚ ਵੈਸੇ ਵੀ ਅਦਾਲਤੀ ਕਾਰਵਾਈ ਕੱਛੂ ਚਾਲ ਨਾਲ ਚੱਲਦੀ ਹੈ| ਇਹ ਮਾਮਲਾ ਵੀ ਉਸਦੀ ਮਿਸਾਲ ਹੈ, ਜਿਸ ਵਿੱਚ ਫੈਸਲਾ ਕਰੀਬ ਦੋ ਦਹਾਕੇ ਬਾਅਦ ਆਇਆ ਹੈ|
ਮਾਮਲੇ ਦੀ ਸੁਣਵਾਈ 19 ਸਾਲ ਤੋਂ ਚੱਲ ਰਹੀ ਸੀ| ਜੋਧਪੁਰ ਦੀ ਅਦਾਲਤ ਨੇ ਸਲਮਾਨ ਖਾਨ ਨੂੰ ਫਿਲਮ ‘ਹਮ ਸਾਥ-ਸਾਥ ਹੈ’ ਦੀ ਸ਼ੂਟਿੰਗ ਦੇ ਦੌਰਾਨ ਕਾਂਕਣੀ ਪਿੰਡ ਦੇ ਭਗੋਦਾ ਦੀ ਢਾਣੀ ਵਿੱਚ ਦੋ ਕਾਲੇ ਹਿਰਨਾਂ ਨੂੰ ਮਾਰਨ ਦਾ ਦੋਸ਼ੀ ਪਾਇਆ ਹੈ| ਸਾਡੇ ਦੇਸ਼ ਵਿੱਚ ਕਾਫ਼ੀ ਅਰਸੇ ਤੋਂ ਇਹ ਆਮ ਧਾਰਨਾ ਰਹੀ ਹੈ ਕਿ ਜੇਕਰ ਦੋਸ਼ੀ ਅਮੀਰ ਅਤੇ ਤਾਕਤਵਰ ਜਾਂ ਪਹੁੰਚ ਵਾਲੇ ਹੋਣ, ਤਾਂ ਉਹ ਆਮਤੌਰ ਬਚ ਨਿਕਲਦੇ ਹਨ| ਇਸ ਲਈ ਸਲਮਾਨ ਖਾਨ ਦੇ ਪ੍ਰਸ਼ੰਸਕਾਂ ਨੂੰ ਹੀ ਨਹੀਂ, ਬਹੁਤ ਸਾਰੇ ਹੋਰ ਲੋਕਾਂ ਨੂੰ ਵੀ ਲੱਗਦਾ ਸੀ ਕਿ ਉਹ ਸ਼ਾਇਦ ਬਰੀ ਹੋ ਜਾਣਗੇ| ਪਹਿਲਾਂ ਹੀ ਸ਼ਿਕਾਰ ਦੇ ਦੋ ਵੱਖ-ਵੱਖ ਮਾਮਲਿਆਂ ਅਤੇ ‘ਹਿਟ ਐਂਡ ਰਨ’ ਮਤਲਬ ਸੜਕ ਉਤੇ ਗੱਡੀ ਨਾਲ ਕੁਚਲ ਕੇ ਇੱਕ ਵਿਅਕਤੀ ਨੂੰ ਮਾਰ ਦੇਣ ਦੇ ਮਾਮਲੇ ਵਿੱਚ ਉਨ੍ਹਾਂ ਦੇ ਬਚ ਜਾਣ ਨਾਲ ਵੀ ਇਸ ਧਾਰਨਾ ਨੂੰ ਬਲ ਮਿਲਿਆ ਸੀ| ਹਾਲਾਂਕਿ ਹਾਲ ਵਿੱਚ ਕਈ ਕਾਫ਼ੀ ਰਸੂਖ ਵਾਲੇ ਦੋਸ਼ੀਆਂ ਦੇ ਵੀ ਜੇਲ੍ਹ ਜਾਣ ਦੇ ਉਦਾਹਰਣ ਦਿੱਤੇ ਜਾ ਸਕਦੇ ਹਨ ਅਤੇ ਹੁਣ ਇਸ ਸਿਲਸਿਲੇ ਵਿੱਚ ਸਲਮਾਨ ਖਾਨ ਨੂੰ ਸੁਣਾਈ ਗਈ ਸਜਾ ਦਾ ਵੀ ਹਵਾਲਾ ਦਿੱਤਾ ਜਾਵੇਗਾ|
ਦਰਅਸਲ, ਅਜਿਹੀਆਂ ਮਿਸਾਲਾਂ ਨਾਲ ਹੀ ਨਿਆਂ-ਵਿਵਸਥਾ ਉਤੇ ਲੋਕਾਂ ਦਾ ਭਰੋਸਾ ਮਜਬੂਤ ਹੁੰਦਾ ਹੈ| ਇਹ ਹੋਰ ਪੁਖਤਾ ਹੋਵੇ, ਇਸਦੇ ਲਈ ਜਰੂਰੀ ਹੈ ਕਿ ਸਾਡੀ ਨਿਆਂ ਪ੍ਰਣਾਲੀ ਦੀ ਰਫ਼ਤਾਰ ਵਧਾਈ ਜਾਵੇ| ਸਲਮਾਨ ਖਾਨ ਨੂੰ ਹੋਈ ਸਜਾ ਨਾਲ ਫਿਲਮ ਉਦਯੋਗ ਨੂੰ ਗਹਿਰਾ ਝਟਕਾ ਲੱਗਿਆ ਹੈ| ਇਸ ਵਿੱਚ ਦੋ ਰਾਏ ਨਹੀਂ ਕਿ ਸਲਮਾਨ ਨੂੰ ਅੱਜ ਬਾਲੀਵੁਡ ਦੇ ਸਭ ਤੋਂ ਵੱਧ ਲੋਕਪ੍ਰਿਅ ਸਿਤਾਰੇ ਦੇ ਰੂਪ ਵਿੱਚ ਦੇਖਿਆ ਜਾਂਦਾ ਹੈ| ਪਿਛਲੇ ਦਹਾਕੇ ਵਿੱਚ ਉਨ੍ਹਾਂ ਨੇ ਕਈ ਹਿਟ ਫਿਲਮਾਂ ਦਿੱਤੀਆਂ ਹਨ| ਉਨ੍ਹਾਂ ਨੂੰ ਕੇਂਦਰ ਵਿੱਚ ਰੱਖ ਕੇ ਕਈ ਫਿਲਮਾਂ ਬਣ ਰਹੀਆਂ ਸਨ| ਉਨ੍ਹਾਂ ਉਤੇ ਜਿਨ੍ਹਾਂ ਨਿਰਮਾਤਾਵਾਂ ਦਾ ਪੈਸਾ ਲੱਗਿਆ ਸੀ ਉਹ ਸੁਭਾਵਿਕ ਹੀ ਪ੍ਰੇਸ਼ਾਨ ਹੋਣਗੇ| ਪਰ ਉਹ ਇਹ ਕਿਉਂ ਮੰਨ ਕੇ ਚੱਲ ਰਹੇ ਸਨ ਕਿ ਸਲਮਾਨ ਦਾ ਕੁੱਝ ਨਹੀਂ ਵਿਗੜੇਗਾ? ਵਾਤਾਵਰਣ ਅਤੇ ਜੰਗਲੀ ਜੀਵ ਰੱਖਿਆ ਦੇ ਕਾਨੂੰਨਾਂ ਦੀ ਉਲੰਘਣਾ ਦੇ ਪਤਾ ਨਹੀਂ ਕਿੰਨੇ ਮਾਮਲੇ ਹੋਣਗੇ ਜਿਨ੍ਹਾਂ ਵਿੱਚ ਕਿਸੇ ਨੂੰ ਸਜਾ ਨਹੀਂ ਹੋਈ ਹੋਵੇਗੀ| ਪਰ ਲੁਪਤ ਹੋ ਰਹੇ ਜੀਵਾਂ ਦੀ ਸ਼੍ਰੇਣੀ ਵਿੱਚ ਰੱਖੇ ਗਏ ਦੋ ਜਾਨਵਰਾਂ ਦਾ ਸ਼ਿਕਾਰ ਕਰਨ ਦੇ ਮਾਮਲੇ ਵਿੱਚ ਸਿਨੇਮਾ ਦੀ ਇੰਨੀ ਵੱਡੀ ਹਸਤੀ ਨੂੰ ਸਜਾ ਹੋਈ ਹੈ, ਤਾਂ ਇਸਦਾ ਸਿਹਰਾ ਰਾਜਸਥਾਨ ਦੇ ਬਿਸ਼ਨੋਈ ਸਮਾਜ ਨੂੰ ਜਾਂਦਾ ਹੈ ਜਿਨ੍ਹਾਂ ਨੇ ਮਾਮਲੇ ਨੂੰ ਨਤੀਜੇ ਤੱਕ ਲਿਜਾਣ ਲਈ ਕੋਈ ਕਸਰ ਬਾਕੀ ਨਹੀਂ ਰੱਖੀ|
ਇਸ ਭਾਈਚਾਰੇ ਲਈ ਕਾਲੇ ਹਿਰਨਾਂ ਦੀ ਵੱਡੀ ਮਾਨਤਾ ਹੈ| ਉਹ ਮੰਣਦੇ ਹਨ ਕਿ ਕਾਲੇ ਹਿਰਨ ਦੇ ਰੂਪ ਵਿੱਚ ਹੀ ਉਨ੍ਹਾਂ ਦੇ ਧਾਰਮਿਕ ਗੁਰੂ ਭਗਵਾਨ ਜੰਭੇਸ਼ਵਰ ਦਾ ਦੁਬਾਰਾ ਜਨਮ ਹੋਇਆ, ਜਿਨ੍ਹਾਂ ਨੂੰ ਜਾਂਬਾਜੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ| ਭਾਰਤ ਵਿੱਚ ਕਾਲੇ ਹਿਰਨ ਆਮਤੌਰ ਉਤੇ ਗੁਜਰਾਤ, ਮਹਾਰਾਸ਼ਟਰ, ਤਮਿਲਨਾਡੂ ਅਤੇ ਰਾਜਸਥਾਨ ਵਿੱਚ ਪਾਏ ਜਾਂਦੇ ਹਨ| ਸਲਮਾਨ ਖਾਨ ਨੂੰ 5 ਸਾਲ ਦੀ ਸਜਾ ਸੁਣਾਏ ਜਾਣ ਦੇ ਬਾਵਜੂਦ ਬਿਸ਼ਨੋਈ ਭਾਈਚਾਰਾ ਸੰਤੁਸ਼ਟ ਨਹੀਂ ਹੈ| ਉਹ ਇਸ ਗੱਲ ਨਾਲ ਨਰਾਜ ਹੈ ਕਿ ਬਾਕੀ ਦੋਸ਼ੀ ਸਿਤਾਰਿਆਂ ਨੂੰ ਕਿਉਂ ਬਰੀ ਕਰ ਦਿੱਤਾ ਗਿਆ| ਉਨ੍ਹਾਂ ਨੂੰ ਵੀ ਸਜਾ ਦਵਾਈ ਜਾ ਸਕੇ ਇਸਦੇ ਲਈ ਉਨ੍ਹਾਂ ਨੇ ਉੱਪਰੀ ਅਦਾਲਤ ਵਿੱਚ ਅਪੀਲ ਕਰਨ ਦੀ ਗੱਲ ਕਹੀ ਹੈ| ਅੱਗੇ ਇਸ ਮਾਮਲੇ ਦੀ ਕਾਨੂੰਨੀ ਲੜਾਈ ਵਿੱਚ ਜੋ ਵੀ ਮੋੜ ਆਏ, ਫੈਸਲੇ ਨਾਲ ਇਸ ਗੱਲ ਦੀ ਉਮੀਦ ਜਰੂਰ ਉਠੀ ਹੈ ਕਿ ਜੰਗਲੀ ਜੀਵ ਕਾਨੂੰਨ ਨੂੰ ਹੁਣ ਹਲਕੇ ਵਿੱਚ ਨਹੀਂ ਲਿਆ ਜਾਵੇਗਾ|
ਪ੍ਰਵੀਨ

Leave a Reply

Your email address will not be published. Required fields are marked *