ਸਲੈਕਟਿਡ ਮਲਟੀਪਰਪਜ਼ ਹੈਲਥ ਵਰਕਰ ਯੂਨੀਅਨ ਵੱਲੋਂ ਡੇਂਗੂ ਜਾਗਰੂਕਤਾ ਰੈਲੀ ਦਾ ਆਯੋਜਨ

ਐਸ ਏ ਐਸ ਨਗਰ, 9 ਨਵੰਬਰ (ਸ.ਬ.) ਸਲੈਕਟਿਡ ਮਲਟੀਪਰਪਜ ਹੈਲਥ ਵਰਕਰ (ਮੇਲ) ਯੂਨੀਅਨ ਵੱਲੋਂ ਅੱਜ ਮੁਹਾਲੀ ਵਿੱਚ ਡੇਂਗੂ ਜਾਗਰੂਕਤਾ ਰੈਲੀ ਕੱਢੀ ਗਈ| ਇਸ ਮੌਕੇ ਯੂਨੀਅਨ ਦੇ ਮੈਂਬਰਾਂ ਵੱਲੋਂ ਲੋਕਾਂ ਨੂੰ ਡੇਂਗੂ ਤੋਂ ਬਚਾਓ ਦੀ ਜਾਣਕਾਰੀ ਦਿਤੀ ਗਈ| ਇਸ ਮੌਕੇ ਸੰਬੋਧਨ ਕਰਦਿਆਂ ਵੱਖ ਵੱਖ ਆਗੂਆਂ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਦਸੰਬਰ 2016 ਵਿੱਚ 1263 ਹੈਲਥ ਵਰਕਰਾਂ ਦੀ ਭਰਤੀ ਕਰਨ ਲਈ ਲਿਖਤੀ ਪ੍ਰੀਖਿਆ ਲੈ ਕੇ ਕਾਊਂਸਲਿੰਗ ਵੀ ਕਰ ਲਈ ਸੀ| ਮੌਜੂਦਾ ਕਾਂਗਰਸ ਸਰਕਾਰ ਨੇ ਇਹਨਾਂ ਵਰਕਰਾਂ ਵਿੱਚੋਂ 1024 ਵਰਕਰਾਂ ਨੂੰ ਸਟੇਸ਼ਨ ਅਲਾਟ ਕਰਕੇ ਨਿਯੁਕਤੀ ਪੱਤਰ ਦੇ ਕੇ ਮੈਡੀਕਲ ਵੀ ਕਰਵਾ ਲਿਆ ਗਿਆ| ਪ੍ਰੰਤੂ ਮਾਣਯੋਗ ਹਾਈਕੋਰਟ ਵਿੱਚ ਪਹਿਲਾਂ ਤੋਂ ਚੱਲ ਰਹੀ ਇੱਕ ਰਿੱਟ-ਪਟੀਸ਼ਨ ਵਿੱਚ ਸਿਹਤ ਵਿਭਾਗ ਵੱਲੋਂ ਪੁਖਤਾ ਰਿਕਾਰਡ ਜਮਾਂ ਨਾ ਕਰਵਾਉਣ ਕਰਕੇ ਇਸ ਭਰਤੀ ਪ੍ਰਕਿਰਿਆ ਉੱਪਰ ਸਟੇਅ ਹੋ ਚੁੱਕਾ ਹੈ| 6 ਮਹੀਨਿਆਂ ਦਾ ਸਮਾਂ ਬੀਤ ਜਾਣ ਤੇ ਵੀ ਵਿਭਾਗ ਨੇ ਇਸ ਸਟੇਅ ਨੂੰ ਹਟਵਾਉਣ ਵਿੱਚ ਕੋਈ ਦਿਲਚਸਪੀ ਨਹੀਂ ਦਿਖਾਈ ਜਿਸਦੇ ਸਿੱਟੇ ਵਜੋਂ ਨਿਯੁਕਤੀ ਦੇ ਬਾਵਜੂਦ ਵੀ 1024 ਹੈਲਥ ਵਰਕਰ ਡਿਊਟੀ ਉੱਪਰ ਹਾਜਰ ਨਹੀਂ ਹੋ ਪਾ ਰਹੇ| ਇਹਨਾਂ ਦੀ ਘਾਟ ਕਾਰਨ ਸਿਹਤ ਵਿਭਾਗ  ਡੇਂਗੂ ਨੂੰ ਕੰਟਰੋਲ ਕਰਨ ਵਿਚ ਅਸਫਲ ਹੋ ਰਿਹਾ ਹੈ|
ਉਹਨਾਂ ਮੰਗ ਕੀਤੀ ਕਿ ਆਉਣ ਵਾਲੀ 15 ਨਵੰਬਰ ਦੀ ਕੋਰਟ ਪੇਸ਼ੀ ਵਿਚ ਵਿਭਾਗ ਪਹਿਲ ਦੇ ਆਧਾਰ ਤੇ ਇਸ ਸਟੇਅ ਨੂੰ ਹਟਵਾ ਕੇ 1024 ਵਰਕਰਾਂ ਨੂੰ ਤੁਰੰਤ ਡਿਊਟੀ ਜੁਆਇੰਨ ਕਰਵਾਈ ਜਾਵੇ| ਆਗੂਆਂ ਚਿਤਾਵਨੀ ਦਿਤੀ ਕਿ ਜੇਕਰ ਸਿਹਤ ਵਿਭਾਗ ਹੁਣ ਕੋਈ ਵੀ ਕਮੀ ਛੱਡਦਾ ਹੈ ਤਾਂ ਇਹ ਸੂਬਾ ਪੱਧਰੀ ਸੰਘਰਸ਼ ਕਰਨ ਲੀ ਮਜਬੂਰ ਹੋਣਗੇ| ਜਿਸਦੀ ਜਿੰਮੇਵਾਰੀ ਸਰਕਾਰ ਦੀ ਹੋਵੇਗੀ| ਇਸ ਮੌਕੇ ਯੂਨੀਅਨ ਆਗੂ ਰਜਿੰਦਰ ਕੁਮਾਰ, ਹਰਜਿੰਦਰ ਸਿੰਘ, ਮਨਦੀਪ ਸਿੰਘ, ਝਿਰਮਲ ਸਿੰਘ ਨੇ ਵੀ ਸੰਬੋਧਨ ਕੀਤਾ|

Leave a Reply

Your email address will not be published. Required fields are marked *