‘ ਸਵੱਛਤਾ ਦਰਪਣ’ ਅਧੀਨ ਐਸ.ਏ.ਐਸ. ਨਗਰ ਬਣਿਆ ਦੇਸ਼ ਦਾ ਮੋਹਰੀ ਜਿਲ੍ਹਾ

ਐਸ ਏ ਐਸ ਨਗਰ, 4 ਅਕਤੂਬਰ (ਸ.ਬ.) ‘ਸਵੱਛਤਾ ਦਰਪਣ’ ਅਧੀਨ ਸਾਹਿਬਜਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਨੂੰ ਦੇਸ਼ ਦਾ ਪਹਿਲਾ ਜ਼ਿਲ੍ਹਾ ਹੋਣ ਦਾ ਮਾਣ ਪ੍ਰਾਪਤ ਹੋਇਆ ਹੈ| ਜ਼ਿਲ੍ਹੇ ਨੂੰ ਦੇਸ਼ ਦਾ ਨੰਬਰ  ਇੱਕ ਜ਼ਿਲ੍ਹਾ ਬਨਣ ਤੇ 2 ਅਕਤੂਬਰ ਨੂੰ ਵਿਗਿਆਨ ਭਵਨ ਨਵੀਂ ਦਿੱਲੀ ਵਿਖੇ ਹੋਏ ਸਮਾਗਮ ਦੌਰਾਨ ਭਾਰਤ ਸਰਕਾਰ ਦੇ ਸੈਨੀਟੇਸ਼ਨ ਵਿਭਾਗ ਦੇ ਰਾਜ ਮੰਤਰੀ ਸ੍ਰੀ ਐਸ.ਐਸ. ਆਹਲੂਵਾਲੀਆ ਵੱਲੋਂ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਨੂੰ ‘ਰਾਸ਼ਟਰੀ ਸਵੱਛ ਭਾਰਤ ਪੁਰਸ਼ਕਾਰ-2017’ ਦੇ ਸਨਮਾਨਿਤ  ਕੀਤਾ ਗਿਆ|
ਜ਼ਿਲ੍ਹੇ ਦੇ ਪੇਂਡੂ ਖੇਤਰ ਨੂੰ ਖੁੱਲੇ ਵਿੱਚ ਪਖਾਨੇ ਜਾਣ ਤੋਂ ਮੁਕਤ ਕਰਨ ਲਈ 2 ਅਕਤੂਬਰ 2014 ਨੂੰ  ਸ਼ੁਰੂ ਕੀਤੇ ਗਏ ‘ਸਵੱਛ ਭਾਰਤ ਮਿਸ਼ਨ (ਗ੍ਰਾਮੀਣ)’ ਅਧੀਨ ਚਲਾਈ ਗਈ ਸਵੱਛਤਾ ਮੁਹਿੰਮ ਦੌਰਾਨ ਜ਼ਿਲ੍ਹੇ ਦੇ ਸਾਰੇ 349 ਪਿੰਡਾਂ ਨੂੰ ਓ.ਡੀ.ਐਫ. ਕਰ ਦਿੱਤਾ ਗਿਆ ਹੈ ਅਤੇ ਹੁਣ ਇਹ ਜ਼ਿਲ੍ਹਾ ਪੇਂਡੂ ਖੇਤਰ ਵਾਲਾ ਖੁੱਲੇ ਵਿਚ ਪਾਖਾਨਾ ਜਾਣ ਤੋਂ ਮੁਕਤ ਹੋ ਚੁੱਕਿਆ ਹੈ| ‘ਸਵੱਛ ਭਾਰਤ ਮਿਸ਼ਨ’ ਤਹਿਤ ਜ਼ਿਲ੍ਹੇ ਵਿਚ ਲੋਕਾਂ ਦੇ ਵਿਵਹਾਰ ਵਿਚ ਤਬਦੀਲੀ ਲਿਆਉਣ ਦੇ ਨਾਲ ਨਾਲ ਪਖਾਨਿਆਂ ਦੀ ਉਸਾਰੀ ਅਤੇ ਲੋਕਾਂ ਨੂੰ ਇੰਨ੍ਹਾਂ ਦੀ ਵਰਤੋਂ ਯਕੀਨੀ ਬਣਾਉਣ ਲਈ ਵੱਖ ਵੱਖ ਗਤੀਵਿਧੀਆਂ ਰਾਹੀਂ ਜਾਗਰੂਕ ਕੀਤਾ ਗਿਆ| ਭਾਰਤ ਸਰਕਾਰ ਦੇ ਜਲ ਸਪਲਾਈ ਤੇ ਸਵੱਛਤਾ ਮੰਤਰਾਲੇ ਵੱਲੋਂ ਜੁਲਾਈ 2017 ਤੋਂ ਸਵੱਛਤਾ ਦਰਪਣ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਜਿਸ ਵਿੱਚ ਭਾਰਤ ਦੇ ਸਾਰੇ ਜ਼ਿਲ੍ਹਿਆਂ ਦੁਆਰਾ ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਅਧੀਨ ਕੀਤੀਆਂ ਗਈਆਂ ਵੱਖ-ਵੱਖ ਗਤੀਵਿਧੀਆਂ ਦਾ ਮੁਲਾਂਕਣ ਕੀਤਾ ਗਿਆ| ਜਿਸ ਵਿੱਚ ਨਿੱਜੀ ਘਰਾਂ ਵਿੱਚ ਬਣੇ ਪਖਾਨਿਆਂ ਦੀ ਕਵਰੇਜ, ਓ.ਡੀ.ਐਫ. ਕਵਰੇਜ, ਓ.ਡੀ.ਐਫ. ਕਵਰੇਜ ਮਿਸਿੰਗ ਹਾਊਸ ਹੋਲਡ, ਨਾ ਵਰਤੋਂ ਯੋਗ ਪਖਾਨੇ ਚਾਲੂ ਕਰਨ ਦੇ 50 ਨੰਬਰ, ਓ.ਡੀ.ਐਫ. ਨੂੰ ਲਗਾਤਾਰ ਬਰਕਰਾਰ ਰੱਖਣ ਦੇ 15 ਨੰਬਰ ਅਤੇ ਕੰਮ ਦੀ ਪਾਰਦਰਸ਼ਤਾ ਦੇ 25 ਨੰਬਰ (ਕੁੱਲ 90 ਨੰਬਰ) ਰੱਖੇ ਗਏ ਸਨ| ਇੰਨ੍ਹਾਂ ਸਾਰੀਆਂ ਗਤੀਵਿਧੀਆਂ ਨੂੰ ਮੁਕੰਮਲ ਕਰਕੇ 90 ਵਿਚੋਂ 90 ਅੰਕ ਪ੍ਰਾਪਤ ਕੀਤੇ ਅਤੇ ਕੌਮੀ ਪੱਧਰ ਤੇ ਜ਼ਿਲ੍ਹੇ ਨੇ ਪਹਿਲਾ ਸਥਾਨ ਹਾਸਿਲ ਕੀਤਾ|
ਸ਼੍ਰੀਮਤੀ ਸਪਰਾ ਨੇ ਦੱਸਿਆ ਕਿ ਸਵੱਛ ਭਾਰਤ ਗ੍ਰਾਮੀਣ ਮਿਸ਼ਨ ਅਧੀਨ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵੱਲੋਂ ਪਿੰਡਾਂ ਵਿਚ 13 ਹਜਾਰ 784 ਪਾਖਾਨੇ ਬਣਾਏ ਗਏ ਅਤੇ ਹਰੇਕ ਲਾਭਪਾਤਰੀ ਨੂੰ 15 ਹਜਾਰ ਰੁਪਏ ਪਾਖਾਨਾ ਬਣਾਉਣ ਲਈ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਗਈ ਉਨ੍ਹਾਂ ਦੱਸਿਆ ਕਿ ਜਲ ਸਪਲਾਈ ਤੇ  ਸੈਨੀਟੇਸ਼ਨ ਵਿਭਾਗ ਵੱਲੋਂ ਬਣਾਏ ਗਏ ਬਾਥ-ਕਮ-ਟਾਇਲਟ ਦੇ ਮਾਡਲ ਨੂੰ ਏਨੀ ਵੱਡੀ ਪੱਧਰ ਤੇ ਸਰਾਹਨਾ ਮਿਲੀ ਕਿ ਲੋਕਾਂ ਨੇ ਸਰਕਾਰ ਵੱਲੋਂ ਦਿੱਤੇ ਜਾਂਦੇ 15 ਹਜਾਰ ਰੁਪਏ ਵਿੱਚ ਆਪਣੇ ਨਿੱਜੀ ਤੌਰ ਤੇ ਹੋਰ ਪੈਸੇ ਪਾ ਕੇ ਆਪਣੇ ਘਰਾਂ ਵਿੱਚ ਬਾਥ-ਕਮ-ਟਾਇਲਟ ਬਣਾਏ| ਉਨ੍ਹਾਂ ਜ਼ਿਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਭਾਵੇਂ ਕਿ ਸਵੱਛਤਾ ਦਰਪਣ ਵਿੱਚ ਇਹ ਜ਼ਿਲ੍ਹਾ ਦੇਸ਼ ਦਾ ਪਹਿਲਾ ਜ਼ਿਲ੍ਹਾ ਬਣ ਗਿਆ ਹੈ ਪ੍ਰੰਤੂ ਇਸ ਨੂੰ ਬਰਕਰਾਰ ਰੱਖਣ ਲਈ ਲੋਕਾਂ ਦੇ ਸਹਿਯੋਗ ਦੀ ਹਮੇਸ਼ਾਂ ਜਰੂਰਤ ਰਹੇਗੀ| ਇਸ ਲਈ ਸਾਨੂੰ ਸਭ ਨੂੰ ਸਾਫ ਸਫਾਈ ਰੱਖਣ ਦੀ ਆਦਤ ਅਪਣਾਉਣੀ ਚਾਹੀਦੀ ਹੈ ਤਾਂ ਜੋ ਸਾਡਾ ਜ਼ਿਲ੍ਹਾ ਇਸੇ ਤਰ੍ਹਾਂ ਦੇਸ਼ ਦਾ ਮੋਹਰੀ ਜ਼ਿਲ੍ਹਾ ਬਣਿਆ ਰਹੇ|

Leave a Reply

Your email address will not be published. Required fields are marked *