ਸਵ. ਜਥੇਦਾਰ ਕੁੰਭੜਾ ਦੇ ਸਾਥੀਆਂ ਨੇ ਸੰਭਾਲੀ ਬੀਬੀ ਰਾਜਿੰਦਰ ਕੌਰ ਕੁੰਭੜਾ ਦੀ ਚੋਣ ਪ੍ਰਚਾਰ ਮੁਹਿੰਮ
ਐਸ.ਏ.ਐਸ. ਨਗਰ, 3 ਫਰਵਰੀ (ਸ.ਬ.) ਮੁਹਾਲੀ ਨਗਰ ਨਿਗਮ ਚੋਣਾਂ ਦੇ ਲਈ ਸਾਬਕਾ ਮੇਅਰ ਸz. ਕੁਲਵੰਤ ਸਿੰਘ ਦੀ ਸਰਪ੍ਰਸਤੀ ਵਾਲੇ ਅਜ਼ਾਦ ਗਰੁੱਪ ਦੀ ਵਾਰਡ ਨੰਬਰ 29 (ਸੈਕਟਰ 69) ਤੋਂ ਬੀਬੀ ਰਾਜਿੰਦਰ ਕੌਰ ਕੁੰਭੜਾ ਦੀ ਚੋਣ ਪ੍ਰਚਾਰ ਮੁਹਿੰਮ ਨੂੰ ਉਸ ਸਮੇਂ ਹੋਰ ਭਰ੍ਹਵਾਂ ਹੁੰਗਾਰਾ ਮਿਲਿਆ ਜਦੋਂ ਉਨ੍ਹਾਂ ਦੇ ਪਤੀ ਸਵਰਗੀ ਜਥੇਦਾਰ ਬਲਜੀਤ ਸਿੰਘ ਕੁੰਭੜਾ ਦੇ ਸਾਥੀਆਂ ਨੇ ਵੀ ਚੋਣ ਪ੍ਰਚਾਰ ਮੁਹਿੰਮ ਸੰਭਾਲ ਲਈ।
ਜਥੇਦਾਰ ਕੁੰਭੜਾ ਦੇ ਸਾਥੀਆਂ ਸਵਰਨ ਸਿੰਘ ਪ੍ਰਿੰਸੀਪਲ (ਰਿਟਾ.), ਲਾਲ ਸਿੰਘ, ਕੁਲਦੀਪ ਸਿੰਘ, ਹਾਕਮ ਸਿੰਘ, ਜਗਜੀਤ ਸਿੰਘ, ਬਲਵੰਤ ਸਿੰਘ, ਗੁਰਮੇਲ ਸਿੰਘ, ਸਵਿੰਦਰ ਸਿੰਘ ਮਾਨ, ਐਸ.ਪੀ. ਸ਼ਰਮਾ, ਗੁਰਦੀਪ ਸਿੰਘ, ਹਰਮਨਪ੍ਰੀਤ ਸਿੰਘ, ਜਸਵੀਰ ਸਿੰਘ ਲਿੱਧੜ ਅਤੇ ਹੋਰਨਾਂ ਨੇ ਬੀਬੀ ਰਾਜਿੰਦਰ ਕੌਰ ਕੁੰਭੜਾ ਦੇ ਘਰ ਪਹੁੰਚ ਕੇ ਉਨ੍ਹਾਂ ਦੇ ਸਪੁੱਤਰ ਅਤੇ ਰੈਜ਼ੀਡੈਂਟਸ ਵੈਲਫੇਅਰ ਫੋਰਮ ਸੈਕਟਰ 69 ਦੇ ਪ੍ਰਧਾਨ ਸz. ਹਰਮਨਜੋਤ ਸਿੰਘ ਕੁੰਭੜਾ ਨਾਲ ਮੀਟਿੰਗ ਕੀਤੀ ਅਤੇ ਬੀਬੀ ਕੁੰਭੜਾ ਨੂੰ ਜਿਤਾਉਣ ਦਾ ਅਹਿਦ ਲਿਆ। ਮੀਟਿੰਗ ਵਿੱਚ ਸ਼ਾਮਿਲ ਪਤਵੰਤਿਆਂ ਨੇ ਕਿਹਾ ਕਿ ਸੈਕਟਰ 69 ਦੀ ਸ਼ੁਰੂ ਤੋਂ ਹੀ ਸੇਵਾ ਕਰਦਾ ਆ ਰਿਹਾ ਕੁੰਭੜਾ ਪਰਿਵਾਰ ਹੀ ਨਿਗਮ ਚੋਣਾਂ ਲਈ ਵੋਟ ਦਾ ਸਹੀ ਹੱਕਦਾਰ ਹੈ।
ਕੁੰਭੜਾ ਪਰਿਵਾਰ ਦੀ ਸ਼ਲਾਘਾ ਕਰਦਿਆਂ ਉਕਤ ਪਤਵੰਤਿਆਂ ਨੇ ਕਿਹਾ ਕਿ ਉਂਝ ਤਾਂ ਕੁੰਭੜਾ ਪਰਿਵਾਰ ਵੱਲੋਂ ਕੀਤੇ ਕੰਮਾਂ ਦੀ ਸੂਚੀ ਕਾਫੀ ਲੰਬੀ ਚਲੀ ਜਾਂਦੀ ਹੈ ਪ੍ਰੰਤੂ ਹਾਲ ਹੀ ਵਿੱਚ ਹੱਲ ਕਰਵਾਇਆ ਗਿਆ ਪਾਣੀ ਦੇ ਰੇਟਾਂ ਦਾ ਮਾਮਲਾ ਤਾਜ਼ੀ ਮਿਸਾਲ ਹੈ। ਉਹਨਾਂ ਕਿਹਾ ਕਿ ਪਾਣੀ ਦੇ ਵਧਾਏ ਗਏ ਰੇਟਾਂ ਦੇ ਮੁੱਦੇ ਨੂੰ ਜਥੇਦਾਰ ਬਲਜੀਤ ਸਿੰਘ ਕੁੰਭੜਾ ਨੇ ਪੂਰੇ ਜ਼ੋਰ ਸ਼ੋਰ ਨਾਲ ਚੁੱਕਿਆ ਸੀ ਜਿਸ ਦੇ ਚਲਦਿਆਂ ਧਰਨੇ ਪ੍ਰਦਰਸ਼ਨ ਵੀ ਕੀਤੇ ਗਏ ਅਤੇ ਇਸ ਮਾਮਲੇ ਨੂੰ ਮੁਹਾਲੀ ਲੋਕ ਅਦਾਲਤ ਤੱਕ ਪਹੁੰਚਾਇਆ ਗਿਆ। ਬਾਅਦ ਵਿੱਚ ਜਥੇਦਾਰ ਕੁੰਭੜਾ ਦੇ ਅਕਾਲ ਚਲਾਣਾ ਕਰ ਜਾਣ ਉਪਰੰਤ ਉਨ੍ਹਾਂ ਦੇ ਸਪੁੱਤਰ ਹਰਮਨਜੋਤ ਸਿੰਘ ਕੁੰਭੜਾ ਅਤੇ ਪਤਨੀ ਬੀਬੀ ਰਾਜਿੰਦਰ ਕੌਰ ਕੁੰਭੜਾ ਨੇ ਹੋਰਨਾਂ ਕੌਂਸਲਰਾਂ ਦੇ ਨਾਲ ਮਿਲ ਕੇ ਇਸ ਮਾਮਲੇ ਦੀ ਕਮਾਨ ਸੰਭਾਲੀ ਅਤੇ ਹੱਲ ਕਰਵਾ ਕੇ ਹੀ ਸਾਹ ਲਿਆ।
ਇਸ ਮੌਕੇ ਸz. ਹਰਮਨਜੋਤ ਸਿੰਘ ਕੁੰਭੜਾ ਨੇ ਦੱਸਿਆ ਕਿ ਨਿਗਮ ਚੋਣ ਵਿੱਚ ਵਾਰਡ ਨੰਬਰ 29 (ਸੈਕਟਰ 69) ਤੋਂ ਉਨ੍ਹਾਂ ਦੇ ਮਾਤਾ ਬੀਬੀ ਰਾਜਿੰਦਰ ਕੌਰ ਕੁੰਭੜਾ ਨੂੰ ਲੋਕਾਂ ਦਾ ਭਰ੍ਹਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਚੋਣ ਜਿੱਤ ਕੇ ਅਜ਼ਾਦ ਗਰੁੱਪ ਦੇ ਸਰਪ੍ਰਸਤ ਸz. ਕੁਲਵੰਤ ਸਿੰਘ ਨੂੰ ਮੇਅਰ ਬਣਾਉਣ ਵਿੱਚ ਯੋਗਦਾਨ ਪਾਇਆ ਜਾਵੇਗਾ।