ਸਹਾਇਤਾ ਰਾਸ਼ੀ ਬੰਦ ਕਰਨ ਮਗਰੋਂ ਵੀ ਪਾਕਿ ਦੇ ਰਵੱਈਏ ਵਿੱਚ ਕੋਈ ਬਦਲਾਅ ਨਹੀਂ : ਵੇਲਜ਼

ਵਾਸ਼ਿੰਗਟਨ , 6 ਮਾਰਚ (ਸ.ਬ.) ਅਮਰੀਕਾ ਦੀ ਇਕ ਸੀਨੀਅਰ ਅਧਿਕਾਰੀ ਐਲਿਸ ਵੇਲਜ਼ ਨੇ ਅੱਜ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਵੱਲੋਂ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ ਦੋ ਅਰਬ ਡਾਲਰ ਦੀ ਸੁਰੱਖਿਆ ਸਹਾਇਤਾ ਬੰਦ ਕਰਨ ਦੇ ਐਲਾਨ ਮਗਰੋਂ ਵੀ ਪਾਕਿਸਤਾਨ ਦੇ ਰਵੱਈਏ ਵਿਚ ਕੋਈ ਫੈਸਲਾਕੁੰਨ ਬਦਲਾਅ ਨਹੀਂ ਆਇਆ ਹੈ| ਇਹ ਰੋਕ ਲੱਗਭਗ ਦੋ ਮਹੀਨੇ ਪਹਿਲਾਂ ਲਗਾਈ ਗਈ ਸੀ| | ਦੱਖਣ ਅਤੇ ਮੱਧ ਏਸ਼ੀਆ ਦੀ ਪ੍ਰਧਾਨ ਸਹਾਇਕ ਉਪ ਮੰਤਰੀ ਐਲਿਸ ਵੇਲਜ਼ ਨੇ ਕਿਹਾ ਕਿ ਅਸੀਂ ਪਾਕਿਸਤਾਨ ਦੇ ਰਵੱਈਏ ਵਿਚ ਹੁਣ ਤੱਕ ਕੋਈ ਫੈਸਲਾਕੁੰਨ ਬਦਲਾਅ ਨਹੀਂ ਦੇਖਿਆ ਹੈ ਪਰ ਅਸੀਂ ਨਿਸ਼ਚਿਤ ਹੀ ਪਾਕਿਸਤਾਨ ਨਾਲ ਉਨ੍ਹਾਂ ਮੁੱਦਿਆਂ ਤੇ ਸੰਪਰਕ ਜਾਰੀ ਰਖਾਂਗੇ, ਜਿਨ੍ਹਾਂ ਵਿਚ ਸਾਡਾ ਮੰਨਣਾ ਹੈ ਕਿ ਉਹ ਤਾਲਿਬਾਨ ਦੇ ਸਮੀਕਰਣ ਬਦਲਣ ਵਿਚ ਸਹਾਇਕ ਭੂਮਿਕਾ ਨਿਭਾ ਸਕਦਾ ਹੈ| ਅਫਗਾਨਿਸਤਾਨ ਵਿਚ ਹਾਲ ਵਿਚ ਹੀ ਸੰਪੰਨ ਹੋਏ ਕਾਬੁਲ ਸੰੰਮੇਲਨ ਦੇ ਬਾਅਦ ਪੱਤਰਕਾਰਾਂ ਨਾਲ ਗੱਲ ਕਰਦਿਆਂ ਵੇਲਜ਼ ਨੇ ਕਿਹਾ ਕਿ ਅਫਗਾਨਿਸਤਾਨ ਵਿਚ ਸ਼ਾਂਤੀ ਬਹਾਲ ਕਰਨ ਦੀ ਪ੍ਰਕਿਰਿਆ ਵਿਚ ਪਾਕਿਸਤਾਨ ਦੀ ਭੂਮਿਕਾ ਬਹੁਤ ਮਹੱਤਵਪੂਰਣ ਹੈ| ਅਫਗਾਨਿਸਤਾਨ -ਪਾਕਿਸਤਾਨ ਸੰਬੰਧਾਂ ਨੂੰ ਕਾਫੀ ਮਹੱਤਵਪੂਰਣ ਦੱਸਦੇ ਹੋਏ ਉਨ੍ਹਾਂ ਨੇ ਕਿਹਾ ਕਿ ਅਮਰੀਕਾ ਇਨ੍ਹਾਂ ਦੋ-ਪੱਖੀ ਸੰਬੰਧਾਂ ਨੂੰ ਸੁਧਾਰਨ ਦੀਆਂ ਕੋਸ਼ਿਸ਼ਾਂ ਦਾ ਸਮਰਥਨ ਕਰਦਾ ਹੈ|

Leave a Reply

Your email address will not be published. Required fields are marked *