ਸਹਿਕਾਰੀ ਬੈਂਕਾਂ ਅੱਗੇ ਧਰਨੇ ਦੇ ਕੇ ਕਿਸਾਨਾਂ ਨੂੰ ਗੁਮਰਾਹ ਕਰ ਰਹੀ ਹੈ ਕਿਸਾਨ ਯੂਨੀਅਨ : ਸਹਿਕਾਰਤਾ ਵਿਭਾਗ

ਚੰਡੀਗੜ੍ਹ, 4 ਜਨਵਰੀ (ਸ.ਬ.) ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵੱਲੋਂਪੰਜਾਬ ਦੇ ਕਿਸਾਨਾਂ ਨੂੰ ਪ੍ਰਾਇਮਰੀ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕਾਂ (ਪੀ.ਏ.ਡੀ.ਬੀਜ਼.) ਵੱਲੋਂ ਦਿੱਤੇ ਗਏ ਕਰਜ਼ੇ ਨੂੰ ਨਾ ਮੋੜਨ ਲਈ ਬੈਂਕਾਂ ਅੱਗੇ ਦਿੱਤੇ ਜਾ ਰਹੇ ਧਰਨਿਆਂ ਅਤੇ ਰੋਸ ਮੁਜਾਹਰਿਆਂ ਨਾਲ ਜਿੱਥੇ ਬੈਂਕਾਂ ਵੱਲੋਂ ਕਿਸਾਨਾਂ ਅਤੇ ਆਮ ਲੋਕਾਂ ਨੂੰ ਮੁਹੱਈਆ ਕਰਵਾਈਆ ਜਾ ਰਹੀਆਂ ਸੇਵਾਵਾਂ ਵੱਡੇ ਪੱਧਰ ਤੇ ਪ੍ਰਭਾਵਿਤ ਹੋ ਰਹੀਆਂ ਉਥੇ ਸੂਬੇ ਦਾ ਮਾਹੌਲ ਵੀ ਖਰਾਬ ਹੋ ਰਿਹਾ ਹੈ| ਸਹਿਕਾਰਤਾ ਵਿਭਾਗ ਦੇ ਬੁਲਾਰੇ ਨੇ ਅੱਜ ਇਥੇ ਜਾਰੀ ਪ੍ਰੈਸ ਬਿਆਨ ਵਿੱਚ ਕਿਹਾ ਕਿ ਵਿਰੋਧੀ ਪਾਰਟੀਆਂ ਦੀ ਸ਼ਹਿ ਤੇ ਕਿਸਾਨ ਯੂਨੀਅਨ ਵੱਲੋਂ ਲਾਏ ਜਾ ਰਹੇ ਇਹ ਧਰਨੇ ਕਿਸਾਨਾਂ ਦਾ ਨੁਕਸਾਨ ਕਰਨ ਦੀ ਸੋਚੀ ਸਮਝੀ ਸਾਜਿਸ਼ ਹੈ ਕਿਉਂਕਿ ਪੀ.ਏ.ਡੀ.ਬੀ. ਵੱਲੋਂ ਭਰੀ ਜਾਣ ਵਾਲੀ ਕਿਸ਼ਤ ਖੁੰਝਣ ਕਾਰਨ ਨਾਬਾਰਡ ਦੀ ਸਹਾਇਤਾ ਬੰਦ ਹੋਣ ਕਾਰਨ ਨੁਕਸਾਨ ਸਿੱਧੇ ਤੌਰ ਤੇ ਕਿਸਾਨਾਂ ਦਾ ਹੀ ਹੋਣਾ ਹੈ|
ਉਹਨਾਂ ਕਿਹਾ ਕਿ ਪੀ.ਏ.ਡੀ.ਬੀਜ਼ ਸੂਬੇ ਵਿੱਚ ਕਿਸਾਨਾਂ ਨੂੰ ਲੰਬੇ ਅਰਸੇ ਦੇ ਕਰਜ਼ੇ ਮੁਹੱਈਆ ਕਰਵਾਉਂਦਾ ਹੈ ਅਤੇ ਇਹ ਕਰਜ਼ੇ ਨਾਬਾਰਡ ਵੱਲੋਂ ਰੀਫਾਇਨਾਂਸ ਕੀਤੇ ਜਾਂਦੇ ਹਨ| ਇਸ ਤਰ੍ਹਾਂ ਕਿਸਾਨਾਂ ਵੱਲੋਂ ਪੀ.ਏ.ਡੀ.ਬੀਜ਼ ਦਾ ਕਰਜ਼ਾ ਕਿਸ਼ਤਾਂ ਵਿਚ ਮੋੜਿਆ ਜਾਂਦਾ ਹੈ ਠੀਕ ਉਸੇ ਤਰ੍ਹਾਂ ਪੀ.ਏ.ਡੀ.ਬੀਜ਼ ਵੱਲੋਂ ਵੀ ਨਾਬਾਰਡ ਨੂੰ ਕਰਜ਼ਾ ਸਮੇਂ ਸਿਰ ਕਿਸ਼ਤਾਂ ਵਿਚ ਮੋੜਨਾ ਹੁੰਦਾ ਹੈ| ਪੀ.ਏ.ਡੀ.ਬੀਜ਼ ਅੱਜ ਤੱਕ ਕਦੇ ਵੀ ਨਾਬਾਰਡ ਦੀ ਕਰਜ਼ਾ ਕਿਸ਼ਤ ਸਮੇਂ ਸਿਰ ਮੋੜਨ ਵਿੱਚ ਨਹੀਂ ਖੁੰਝੇ ਅਤੇ ਜੇਕਰ ਪੀ.ਏ.ਡੀ.ਬੀਜ਼ ਭਵਿੱਖ ਵਿੱਚ ਅਜਿਹਾ ਕਰਨ ਵਿਚ ਖੁੰਝ ਜਾਂਦੇ ਹਨ ਤਾਂ ਨਾਬਾਰਡ ਵੱਲੋਂ ਰੀਫਾਇਨਾਂਸ ਦੇਣਾ ਬੰਦ ਕਰ ਦਿਤਾ ਜਾਵੇਗਾ ਅਤੇ ਪੀ.ਏ.ਡੀ.ਬੀਜ਼ ਕਿਸਾਨਾਂ ਨੂੰ ਭਵਿੱਖ ਵਿਚ ਕਰਜ਼ਾ ਦੇਣ ਵਿਚ ਅਸਮਰੱਥ ਹੋ ਜਾਣਗੇ ਜਿਸ ਨਾਲ ਲੋੜਵੰਦ ਕਿਸਾਨਾਂ ਨੂੰ ਔਕੜ ਦਾ ਸਾਹਮਣਾ ਕਰਨਾ ਪਵੇਗਾ|
ਬੁਲਾਰੇ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਵੱਲੋਂ ਕਿਸਾਨਾਂ ਨੂੰ ਕਰਜ਼ਾ ਨਾ ਮੋੜਨ ਲਈ ਪੂਰੀ ਤਰ੍ਹਾਂ ਗੁੰਮਰਾਹ ਕੀਤਾ ਜਾ ਰਿਹਾ ਹੈ ਜੋ ਕਿ ਕਿਸਾਨਾਂ ਦੇ ਹਿੱਤਾਂ ਦੇ ਵਿਰੁੱਧ ਹੈ| ਸਰਕਾਰ ਵੱਲੋਂ ਪਹਿਲਾਂ ਹੀ ਫਸਲੀ ਕਰਜ਼ਿਆਂ ਵਿਚ ਕਰੀਬ 4.17 ਲੱਖ ਕਿਸਾਨਾਂ ਨੂੰ ਤਕਰੀਬਨ 3500 ਕਰੋੜ ਰੁਪਏ ਦੀ ਕਰਜ਼ਾ ਰਾਹਤ ਦਿਤੀ ਗਈ ਹੈ ਅਤੇ ਕੁੱਝ ਹੀ ਦਿਨਾਂ ਵਿਚ ਛੋਟੇ ਕਿਸਾਨਾਂ ਨੂੰ ਵੀ ਇਹ ਰਾਹਤ ਦੇਣ ਦੀ ਪ੍ਰੀਕ੍ਰਿਆ ਸ਼ੁਰੂ ਕੀਤੀ ਜਾ ਰਹੀ ਹੈ| ਉਹਨਾਂ ਕਿਹਾ ਕਿ ਕਿਸਾਨ ਯੂਨੀਅਨ ਵੱਲੋਂ ਕਿਸਾਨ ਵਿਰੋਧੀ ਪੈਦਾ ਕੀਤੇ ਅਜਿਹੇ ਹਾਲਾਤ ਕੋਈ ਮੁਸ਼ਕਲ ਨਾ ਖੜ੍ਹੀ ਕਰ ਦੇਣ ਜਿਸ ਕਰਕੇ ਸਰਕਾਰ ਨੂੰ ਕੋਈ ਸਖ਼ਤ ਕਾਰਵਾਈ ਕਰਨ ਲਈ ਮਜਬੂਰ ਹੋਣਾ ਪੈ ਸਕਦਾ ਹੈ|

Leave a Reply

Your email address will not be published. Required fields are marked *