ਸਹਿਯੋਗੀ ਦੀ ਹੱਤਿਆ ਕਰਨ ਵਾਲੀ ਪਾਕਿ ਮਾਡਲ ਨੂੰ ਸਜ਼ਾ-ਏ-ਮੌਤ

ਲਾਹੌਰ, 15 ਮਾਰਚ (ਸ.ਬ.) ਪਾਕਿਸਤਾਨ ਵਿਚ ਸਹਿਯੋਗੀ ਮਾਡਲ ਦੀ ਹੱਤਿਆ ਵਿਚ ਅਜ਼ਮਾ ਰਾਓ ਉਰਫ ਟੋਬਾ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ| ਉਸ ਨੇ ਤਿੰਨ ਸਾਲ ਪਹਿਲਾਂ ਦਹੀਂ ਵਿਚ ਜ਼ਹਿਰ ਦੇ ਕੇ ਆਪਣੀ ਸਹਿਯੋਗੀ ਮਾਡਲ ਅਬੀਰਾ ਦੀ ਹੱਤਿਆ ਕੀਤੀ ਸੀ| ਲਾਹੌਰ ਦੇ ਵਧੀਕ ਜ਼ਿਲਾ ਅਤੇ ਸੈਸ਼ਨ ਜੱਜ ਆਇਸ਼ਾ ਰਸ਼ੀਦ ਨੇ ਟੋਬਾ ਤੇ 5 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ| ਅਦਾਲਤ ਨੇ ਇਸ ਮਾਮਲੇ ਦੇ ਦੋ ਹੋਰ ਸ਼ੱਕੀਆਂ ਫਾਰੂਖ ਰਹਿਮਾਨ ਅਤੇ ਹਾਕਿਮ ਜੇਸ਼ਾਨ ਨੂੰ ਸਬੂਤਾਂ ਦੀ ਕਮੀ ਕਾਰਨ ਰਿਹਾਅ ਕਰ ਦਿੱਤਾ ਹੈ|
ਸਾਲ 2014 ਵਿਚ ਪੁਲੀਸ ਨੇ 20 ਸਾਲਾ ਅਬੀਰਾ ਦੀ ਲਾਸ਼ ਲਾਹੌਰ ਸਥਿਤ ਬੱਸ ਸਟੈਂਡ ਤੋਂ ਬਰਾਮਦ ਕੀਤੀ ਸੀ| ਸੀ. ਸੀ. ਟੀ. ਵੀ. ਫੁਟੇਜ ਦੇ ਆਧਾਰ ਤੇ ਤਿੰਨ ਸ਼ੱਕੀਆਂ ਨੂੰ ਹਿਰਾਸਤ ਵਿਚ ਲਿਆ ਗਿਆ ਸੀ| ਪੁੱਛਗਿੱਛ ਵਿਚ ਹੀ ਟੋਬਾ ਨੇ ਆਪਣਾ ਅਪਰਾਧ ਸਵੀਰ ਕਰ ਲਿਆ ਸੀ| ਮਾਮਲੇ ਦੀ ਛਾਣਬੀਣ ਕਰ ਰਹੀ ਪੁਲੀਸ ਨੇ ਪਾਇਆ ਕਿ ਟੋਬਾ ਆਪਣੇ ਪਹਿਲੇ ਪਤੀ ਬਾਬਰ ਬੱਟ ਨੂੰ ਮਾਰਨਾ ਚਾਹੁੰਦੀ ਸੀ| ਬਿਆਨ ਵਿਚ ਉਸ ਨੇ ਕੈਮਰਾ ਮੈਨ ਯੂਸੁਫ ਖੋਖਰ ਅਤੇ ਬਾਬਰ ਨੂੰ ਆਪਣੀ ਦੋ ਮਹੀਨੇ ਦੀ ਬੱਚੀ ਦੀ ਹੱਤਿਆ ਦਾ ਜ਼ਿੰਮੇਵਾਰ ਠਹਿਰਾਇਆ ਸੀ| ਬਾਬਰ ਦੀ ਹੱਤਿਆ ਲਈ ਉਸ ਨੇ ਅਬੀਰਾ ਤੋਂ ਮਦਦ ਮੰਗੀ ਸੀ| ਅਬੀਰਾ ਨੇ ਪਹਿਲਾਂ ਸਾਥ ਦੇਣ ਦਾ ਵਾਅਦਾ ਕੀਤਾ ਪਰ ਬਾਅਦ ਵਿਚ ਇਨਕਾਰ ਕਰ ਦਿੱਤਾ| ਇਸੇ ਕਾਰਨ ਟੋਬਾ ਨੇ ਉਸ ਦੀ ਹੱਤਿਆ ਕਰ ਦਿੱਤੀ| ਟੋਬਾ ਤੇ ਯੂਸੁਫ ਦੀ ਹੱਤਿਆ ਕਰਨ ਦਾ ਮੁਕੱਦਮਾ ਵੀ ਚੱਲ ਰਿਹਾ ਹੈ|

Leave a Reply

Your email address will not be published. Required fields are marked *