ਸਹੁੰ ਚੁਕ ਸਮਾਗਮ ਕਾਰਨ ਸਟੇਡੀਅਮ ਵਿੱਚ ਬੱਚਿਆਂ ਦਾ ਦਾਖਲਾ ਕੀਤਾ ਬੰਦ

ਸਹੁੰ ਚੁਕ ਸਮਾਗਮ ਕਾਰਨ ਸਟੇਡੀਅਮ ਵਿੱਚ ਬੱਚਿਆਂ ਦਾ ਦਾਖਲਾ ਕੀਤਾ ਬੰਦ
ਪ੍ਰੈਕਟਿਸ ਕਰਨ ਆਏ ਬੱਚੇ ਤੇ ਮਾਪੇ ਹੋਏ ਪ੍ਰੇਸ਼ਾਨ
ਐਸ ਏ ਐਸ ਨਗਰ, 12 ਜਨਵਰੀ (ਸ.ਬ.) ਸਥਾਨਕ ਸੈਕਟਰ 78 ਵਿੱਚ ਸਥਿਤ ਸਰਕਾਰੀ ਸਟੇਡੀਅਮ ਵਿੱਚ ਅੱਜ ਪੰਚਾਂ ਸਰਪੰਚਾਂ ਦੇ ਸਹੁੰ ਚੁੱਕ ਸਮਾਗਮ ਕਾਰਨ ਇਸ ਸਟੇਡੀਅਮ ਵਿੱਚ ਪ੍ਰੈਕਟਿਸ ਕਰਨ ਆਉਣ ਵਾਲੇ ਬੱਚਿਆਂ ਦਾ ਦਾਖਲਾ ਬੰਦ ਕਰ ਦਿੱਤਾ ਗਿਆ, ਜਿਸ ਕਾਰਨ ਪ੍ਰੈਕਟਿਸ ਕਰਨ ਆਏ ਬੱਚਿਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਬਹੁਤ ਪ੍ਰੇਸ਼ਾਨ ਹੋਣਾ ਪਿਆ| ਰੋਹ ਵਿੱਚ ਮਾਂਪਿਆਂ ਨੇ ਸਟੇਡੀਅਮ ਦੇ ਗੇਟ ਤੇ ਧਰਨਾ ਦੇ ਕੇ ਨਾਹਰੇਬਾਜੀ ਵੀ ਕੀਤੀ|
ਆਪਣੇ ਬੱਚਿਆਂ ਨੂੰ ਖਿਡਾਉਣ ਲਈ ਲੈ ਕੇ ਸਟੇਡੀਅਮ ਪਹੁੰਚੇ ਕਲਗੀਧਰ ਸੇਵਕ ਜਥੇ ਦੇ ਪ੍ਰਧਾਨ ਭਾਈ ਜਤਿੰਦਰਪਾਲ ਸਿੰਘ ਜੇਪੀ ਅਤੇ ਹੋਰਨਾਂ ਬੱਚਿਆਂ ਦੇ ਮਾਪਿਆਂ ਨੇ ਦੱਸਿਆ ਕਿ ਅੱਜ ਸਵੇਰੇ ਕਰੀਬ 4.30 ਵਜੇ ਉਹ ਅਤੇ ਹੋਰ ਮਾਪੇ ਆਪਣੇ ਬੱਚਿਆਂ ਨੂੰ ਪ੍ਰੈਕਟਿਸ ਕਰਵਾਉਣ ਲਈ ਇਸ ਸਟੇਡੀਅਮ ਵਿੱਚ ਲੈ ਕੇ ਆਏ ਸਨ ਪਰੰਤੂ ਇਥੇ ਆ ਕੇ ਪਤਾ ਚੱਲਿਆ ਕਿ ਪੰਚਾਂ ਸਰਪੰਚਾਂ ਦੇ ਸਹੁੰ ਚੁੱਕ ਸਮਾਗਮ ਕਾਰਨ ਇਸ ਸਟੇਡੀਅਮ ਵਿੱਚ ਪ੍ਰੈਕਟਿਸ ਕਰਨ ਆਉਣ ਵਾਲੇ ਬੱਚਿਆਂ ਦਾ ਦਾਖਲਾ ਬੰਦ ਕਰ ਦਿੱਤਾ ਗਿਆ ਹੈ| ਜਿਸ ਕਾਰਨ ਕੜਾਕੇ ਦੀ ਠੰਡ ਵਿੱਚ ਬੱਚਿਆਂ ਅਤੇ ਮਾਪਿਆਂ ਨੂੰ ਸਟੇਡੀਅਮ ਦੇ ਬਾਹਰ ਖੜਨ ਲਈ ਮਜਬੂਰ ਹੋਣਾ ਪਿਆ ਹੈ|
ਉਹਨਾਂ ਕਿਹਾ ਕਿ ਜੇ ਅੱਜ ਪੰਚਾਂ ਸਰਪੰਚਾਂ ਦੇ ਸਹੁੰ ਚੁਕ ਸਮਾਗਮ ਕਾਰਨ ਇਸ ਸਟੇਡੀਅਮ ਵਿੱਚ ਪ੍ਰੈਕਟਿਸ ਕਰਨ ਆਉਣ ਵਾਲੇ ਬੱਚਿਆਂ ਦਾ ਦਾਖਲਾ ਬੰਦ ਕਰਨਾ ਸੀ ਤਾਂ ਇਸ ਦੀ ਜਾਣਕਾਰੀ ਬੱਚਿਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਇਕ ਦਿਨ ਪਹਿਲਾਂ ਦੇਣੀ ਚਾਹੀਦੀ ਸੀ| ਉਹਨਾਂ ਕਿਹਾ ਕਿ ਸਵੇਰੇ 4.30 ਵਜੇ ਅਫਸਰ ਤਾਂ ਰਜਾਈ ਵਿੱਚ ਸੁਤੇ ਹੋਏ ਸਨ ਪਰ ਇਸ ਸਟੇਡੀਅਮ ਵਿੱਚ ਪ੍ਰੈਕਟਿਸ ਕਰਨ ਆਉਂਦੇ ਬੱਚੇ ਅਤੇ ਉਹਨਾਂ ਦੇ ਮਾਪੇ ਠੰਡ ਵਿੱਚ ਸਟੇਡੀਅਮ ਵਿੱਚ ਨਾ ਜਾਣ ਦਿੱਤੇ ਜਾਣ ਕਾਰਨ ਪ੍ਰੇਸ਼ਾਨ ਹੁੰਦੇ ਰਹੇ|
ਉਹਨਾਂ ਕਿਹਾ ਕਿ ਪੰਚਾਂ ਸਰਪੰਚਾਂ ਦਾ ਸਹੁੰ ਚੁਕ ਸਮਾਗਮ ਦਸ਼ਹਿਰਾ ਗ੍ਰਾਊਂਡ ਜਾਂ ਕਿਸੇ ਮੰਦਰ -ਗੁਰਦੁਆਰੇ ਵਿੱਚ ਕਰਵਾਇਆ ਜਾ ਸਕਦਾ ਸੀ ਪਰ ਇਸ ਤਰ੍ਹਾਂ ਕਰਕੇ ਸਰਕਾਰ ਨੇ ਪ੍ਰੈਕਟਿਸ ਕਰਨ ਵਾਲੇ ਬੱਚਿਆਂ ਅਤੇ ਉਹਨਾਂ ਦੇ ਮਾਪਿਆਂ ਨਾਲ ਧੱਕਾ ਕੀਤਾ ਹੈ|
ਉਹਨਾਂ ਕਿਹਾ ਕਿ ਪ੍ਰਸ਼ਾਸ਼ਨਿਕ ਅਧਿਕਾਰੀਆਂ ਦੀ ਇਸ ਮਨਮਰਜੀ ਦਾ ਹੀ ਨਤੀਜਾ ਹੈ ਕਿ ਪੰਜਾਬ ਖੇਡਾਂ ਦੇ ਖੇਤਰ ਵਿੰਚ ਲਗਾਤਾਰ ਪਿਛੜ ਰਿਹਾ ਹੈ ਅਤੇ ਹਰਿਆਣਾ ਪੰਜਾਬ ਨਾਲੋਂ ਅੱਗੇ ਨਿਕਲ ਗਿਆ ਹੈ| ਮਾਂਪਿਆਂ ਨੇ ਕਿਹਾ ਕਿ ਪੰਜਾਬ ਨੂੰ ਹੁਣ ਖੇਡਾਂ ਵਿੱਚ ਮੈਡਲ ਇਸੇ ਕਾਰਨ ਨਹੀਂ ਆਉਂਦੇ ਕਿਉਂਕਿ ਉਹਨਾਂ ਨੂੰ ਜਰੂਰੀ ਖੇਡ ਸਹੂਲਤਾਂ ਨਹੀਂ ਮਿਲ ਰਹੀਆਂ| ਉਹਨਾਂ ਕਿਹਾ ਕਿ ਪ੍ਰੈਕਟਿਸ ਕਰਨ ਵਾਲੇ ਬੱਚਿਆਂ ਦੀ ਪ੍ਰੈਕਟਿਸ ਬੰਦ ਕਰਵਾ ਕੇ ਸਰਕਾਰ ਖੇਡਾਂ ਵਿੱਚ ਮੈਡਲ ਆਉਣ ਦੀ ਆਸ ਕਿਵੇਂ ਕਰ ਸਕਦੀ ਹੈ|
ਉਹਨਾਂ ਕਿਹਾ ਕਿ ਇਸ ਸਬੰਧੀ ਜਦੋਂ ਉਹਨਾਂ ਨੇ ਸਟੇਡੀਅਮ ਦੇ ਇਕ ਅਧਿਕਾਰੀ ਨਾਲ ਗੱਲਬਾਤ ਕੀਤੀ ਤਾਂ ਉਸ ਅਧਿਕਾਰੀ ਦਾ ਕਹਿਣਾ ਸੀ ਕਿ ਉਹਨਾਂ ਨੂੰ ਇਸ ਬਾਰੇ ਕੁਝ ਨਹੀਂ ਪਤਾ, ਸਟੇਡੀਅਮ ਵਿੱਚ ਬੱਚਿਆਂ ਦੀ ਪ੍ਰੈਕਟਿਸ ਡੀ ਸੀ ਦੇ ਹੁਕਮਾਂ ਤੇ ਬੰਦ ਕੀਤੀ ਗਈ ਹੈ| ਇਸ ਦੇ ਨਾਲ ਇਸ ਅਧਿਕਾਰੀ ਨੇ ਇਹ ਵੀ ਦੱਸਿਆ ਕਿ ਬੱਚਿਆਂ ਦੇ ਪ੍ਰੈਕਟਿਸ ਕਰਨ ਵਾਲੀ ਥਾਂ ਉਪਰ ਖਾਣ ਪੀਣ ਦਾ ਸਮਾਨ ਰਖਿਆ ਹੋਇਆ ਹੈ, ਜਿਸ ਕਰਕੇ ਪ੍ਰੈਕਟਿਸ ਕਰਨ ਆਂਉਣ ਵਾਲੇ ਬੱਚਿਆਂ ਦਾ ਇਸ ਸਟੇਡੀਅਮ ਵਿੱਚ ਦਾਖਲਾ ਬੰਦ ਕੀਤਾ ਗਿਆ ਹੈ|

Leave a Reply

Your email address will not be published. Required fields are marked *