ਸਹੂਲਤਾਂ ਵਿੱਚ ਵਾਧਾ ਉਸਾਰੀ ਕਾਮਿਆਂ ਦੇ ਸੰਘਰਸ਼ ਦੀ ਜਿੱਤ: ਰਘੁਨਾਥ ਸਿੰਘ

ਐਸ ਏ ਐਸ ਨਗਰ, 25 ਜੁਲਾਈ (ਸ.ਬ.) ਪੰਜਾਬ ਦੇ ਕਿਰਤ ਮੰਤਰੀ ਵਲੋਂ ਉਸਾਰੀ ਵਰਕਰਾਂ ਦੀਆਂ ਲੜਕੀਆਂ ਦੇ ਵਿਆਹ ਲਈ ਸ਼ਗਨ ਸਕੀਮ ਦੀ ਰਕਮ 31 ਹਜ਼ਾਰ ਤੋਂ ਵਧਾ ਕੇ 51 ਹਜ਼ਾਰ ਕਰਨ, ਕੈਂਸਰ ਪੀੜਤਾਂ ਲਈ ਵਿੱਤੀ ਸਹਾਇਤਾ ਇੱਕ ਲੱਖ ਤੋਂ 2 ਲੱਖ ਰੁਪਏ ਕਰਨ ਅਤੇ ਉਸਾਰੀ ਕਿਰਤੀਆਂ ਲਈ ਡੇਂਗੂ, ਸਵਾਈਨ ਫਲੂ ਅਤੇ ਚਿਕਨਗੁਨੀਆ ਵਰਗੀਆਂ ਬਿਮਾਰੀਆਂ ਦਾ ਇਲਾਜ ਮੁਫਤ ਕਰਨ ਦੇ ਐਲਾਨ ਦਾ ਸਵਾਗਤ ਕਰਦੇ ਹੋਏ ਪੰਜਾਬ ਸੀਟੂ ਦੇ ਜਨਰਲ ਸਕੱਤਰ ਕਾਮਰੇਡ ਰਘੁਨਾਥ ਸਿੰਘ ਨੇ ਇਸ ਵਾਧੇ ਨੂੰ ਭਾਰਤ ਨਿਰਮਾਣ ਮਿਸਤਰੀ ਮਜ਼ਦੂਰ ਯੂਨੀਅਨ ਪੰਜਾਬ ਸੀਟੂ ਸਮੇਤ ਵੱਖ-ਵੱਖ ਯੂਨੀਅਨਾਂ ਦੀ ਅਗਵਾਈ ਵਿੱਚ ਉਸਾਰੀ ਵਰਕਰਾਂ ਦੇ ਸੰਘਰਸ਼ਾਂ ਦੀ ਜਿੱਤ ਦੱਸਿਆ| ਇੱਕ ਬਿਆਨ ਵਿੱਚ ਰਘੁਨਾਥ ਸਿੰਘ ਨੇ ਪੰਜਾਬ ਦੇ ਕਿਰਤ ਮੰਤਰੀ ਤੋਂ ਮੰਗ ਕੀਤੀ ਕਿ ਉਸਾਰੀ ਕਿਰਤੀਆਂ ਨੂੰ ਦਿੱਤੀਆਂ ਜਾ ਰਹੀਆਂ ਵਿੱਤੀ ਸਹੂਲਤਾਂ ਪ੍ਰਾਪਤ ਕਰਨ ਲਈ ਪੇਸ਼ ਆ ਰਹੀਆਂ ਮੁਸ਼ਕਿਲਾਂ ਨੂੰ ਦੂਰ ਕਰਨ ਲਈ ਸਾਰੇ ਜਿਲ੍ਹਿਆਂ ਵਿੱਚ ਕਿਰਤ ਵਿਭਾਗ ਵਲੋਂ ਉਸਾਰੀ ਵਰਕਰਾਂ ਦੀ ਰਜਿਸਟਰੇਸ਼ਨ ਕਰਨ, ਰਜਿਸਟਰੇਸ਼ਨ ਨਵਿਆਉਣ ਅਤੇ ਵੱਖ-ਵੱਖ ਪ੍ਰਕਾਰ ਦੀਆਂ ਵਿੱਤੀ ਸਹੂਲਤਾਂ ਦੇਣ ਲਈ ਬਲਾਕ ਪੱਧਰ ਤੇ ਕਿਰਤ ਭਲਾਈ ਦਫਤਰ ਖੋਲੇ ਜਾਣ ਅਤੇ ਕੈਂਪ ਲਗਾਏ ਜਾਣ| ਵਿੱਤੀ ਸਹੂਲਤਾਂ ਦੇਣ ਲਈ ਆਨ ਲਾਈਨ ਫਾਰਮ ਭਰਨ ਦੇ ਨਾਲ-ਨਾਲ ਆਫ ਲਾਈਨ ਵੀ ਫਾਰਮ ਭਰਨ ਦਾ ਕੰਮ ਕਿਰਤ ਵਿਭਾਗ ਵਲੋਂ ਜਾਰੀ ਰੱਖਿਆ ਜਾਵੇ| ਘਰਾਂ ਵਿੱਚ ਕੰਮ ਕਰਨ ਵਾਲੇ ਮਜਦੂਰਾਂ ਵਾਂਗ ਸਫਾਈ ਮਜਦੂਰਾਂ ਨੂੰ ਵੀ ਬਿਲਡਿੰਗ ਐਂਡ ਅਦਰ ਕੰਟਸਟਰਕਸਨ ਵਰਕਰਜ਼ ਵੈਲਫੇਅਰ ਬੋਰਡ ਵਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਿੱਤੀਆਂ ਜਾਣ| ਮਨਰੇਗਾ ਮਜ਼ਦੂਰਾਂ ਨੂੰ ਜਾਂ ਤਾਂ ਸਾਲ ਵਿੱਚ 100 ਦਿਨ ਕੰਮ ਦਿੱਤਾ ਜਾਵੇ ਅਤੇ ਜਾਂ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇ| ਮਨਰੇਗਾ ਮਜ਼ਦੂਰ ਨੂੰ ਬਗੈਰ ਕਿਸੇ ਸ਼ਰਤ ਉਸਾਰੀ ਮਜ਼ਦੂਰਾਂ ਦੀ ਸ਼੍ਰੇਣੀ ਵਿੱਚ ਸ਼ਾਮਿਲ ਕੀਤਾ ਜਾਵੇ ਕਿਉਂਕਿ ਜੇਕਰ ਮਨਰੇਗਾ ਮਜ਼ਦੂਰਾਂ ਨੂੰ ਸਾਲ ਵਿੱਚ 100 ਦਿਨ ਕੰਮ ਦਿੱਤਾ ਹੀ ਨਹੀਂ ਜਾਂਦਾ ਤਾਂ ਇਸ ਵਿੱਚ ਮਨਰੇਗਾ ਮਜ਼ਦੂਰਾਂ ਦਾ ਕੋਈ ਦੋਸ਼ ਨਹੀਂ ਹੈ| ਉਸਾਰੀ ਮਜ਼ਦੂਰਾਂ ਦੀ ਘੱਟੋ ਘੱਟ ਉਜਰਤ 600/- ਰੁਪਏ ਦਿਹਾੜੀ ਕੀਤੀ ਜਾਵੇ|

Leave a Reply

Your email address will not be published. Required fields are marked *