ਸ਼ਹਿਦ ਵਿੱਚ ਹੁੰਦੀ ਮਿਲਾਵਟ ਕਿਵੇਂ ਰੋਕ ਸਕੇਗੀ ਸਰਕਾਰ?
ਦੇਸ਼ ਵਿੱਚ ਵੇਚੇ ਜਾ ਰਹੇ ਤਮਾਮ ਪ੍ਰਸਿੱਧ ਬ੍ਰਾਂਡਾਂ ਦੇ ਸ਼ਹਿਦ ਵਿੱਚ ਸ਼ੂਗਰ ਸਿਰਪ ਦੀ ਮਿਲਾਵਟ ਦੀ ਖਬਰ ਨਾ ਸਿਰਫ ਹੈਰਾਨ ਕਰਨ ਵਾਲੀ ਸਗੋਂ ਚਿੰਤਾਜਨਕ ਵੀ ਹੈ| ਇਹਨਾਂ ਬ੍ਰਾਂਡਾਂ ਨੇ ਸੁਭਾਵਿਕ ਰੂਪ ਨਾਲ ਇਸ ਖਬਰ ਨੂੰ ਇੱਕ ਸੁਰ ਵਿੱਚ ਗਲਤ ਦੱਸਿਆ ਹੈ, ਪਰ ਹੁਣ ਤੱਕ ਉਪਲੱਬਧ ਤੱਥਾਂ ਦੀ ਰੌਸ਼ਨੀ ਵਿੱਚ ਖਦਸ਼ੇ ਅਜੇ ਖਤਮ ਨਹੀਂ ਹੋਏ| ਸੈਂਟਰ ਫਾਰ ਸਾਇੰਸ ਐਂਡ ਇਨਵਾਇਰਨਮੈਂਟ ਨੇ ਜਿੰਨੀ ਮਿਹਨਤ ਅਤੇ ਸਬਰ ਦੇ ਨਾਲ ਇਸ ਮਾਮਲੇ ਦੀ ਇੱਕ – ਇੱਕ ਤਹਿ ਖੋਲੀ ਹੈ, ਉਸਦੀ ਤਾਰੀਫ ਹੋਣੀ ਚਾਹੀਦੀ ਹੈ| ਦੇਸ਼ ਦੇ ਬਾਜ਼ਾਰਾਂ ਵਿੱਚ ਵਿਕਣ ਵਾਲੇ ਸ਼ਹਿਦ ਦੇ ਇਹਨਾਂ ਨਮੂਨਿਆਂ ਦੀ ਜਰਮਨੀ ਦੀ ਇੱਕ ਉੱਘੀ ਲੈਬ ਵਿੱਚ ਕਰਵਾਈ ਗਈ ਜਾਂਚ ਨਾਲ ਨਾ ਸਿਰਫ ਮਿਲਾਵਟ ਦਾ ਕਿੱਸਾ ਪ੍ਰਗਟ ਹੋਇਆ, ਸਗੋਂ ਦੇਸ਼ ਵਿੱਚ ਸ਼ਹਿਦ ਦੀ ਵੱਧਦੀ ਵਿਕਰੀ ਦੇ ਬਾਵਜੂਦ ਮਧੁਮੱਖੀ ਪਾਲਕਾਂ ਦੇ ਘੱਟਦੇ ਕਾਰੋਬਾਰ ਦੀ ਗੁੱਥੀ ਵੀ ਇਸ ਨਾਲ ਸੁਲਝ ਗਈ|
ਜਿਕਰਯੋਗ ਹੈ ਕਿ ਸ਼ਹਿਦ ਵਿੱਚ ਮਿਲਾਇਆ ਜਾਣ ਵਾਲਾ ਇਹ ਸ਼ੂਗਰ ਸਿਰਪ ਚੀਨ ਤੋਂ ਮੰਗਵਾਇਆ ਜਾਂਦਾ ਹੈ ਅਤੇ ਇਸਨੂੰ ਬਣਾਉਣ ਵਾਲੀਆਂ ਚੀਨੀ ਕੰਪਨੀਆਂ ਦੀਆਂ ਵੈਬਸਾਈਟਾਂ ਦਾਅਵਾ ਕਰਦੀਆਂ ਹਨ ਕਿ ਭਾਰਤੀ ਏਜੰਸੀਆਂ ਇਸਦੀ ਮਿਲਾਵਟ ਨੂੰ ਨਹੀਂ ਫੜ ਸਕਦੀਆਂ| ਚੀਨ ਨਾਲ ਸਾਡੇ ਰਿਸ਼ਤਿਆਂ ਵਿੱਚ ਪਿਛਲੇ ਦਿਨੀਂ ਆਈ ਕੁੜੱਤਣ ਤੋਂ ਬਾਅਦ ਚੀਨੀ ਮਾਲ ਦੇ ਬਾਈਕਾਟ ਦੀ ਮੰਗ ਕਾਫੀ ਤੇਜ ਹੋਈ| ਦੀਵਾਲੀ ਉੱਤੇ ਚੀਨੀ ਪਟਾਖਿਆਂ ਅਤੇ ਲਾਈਟਾਂ ਦੇ ਬਾਈਕਾਟ ਦਾ ਨਿਯਮਿਤ ਐਲਾਨ ਕਰਨ ਵਿੱਚ ਅਜਿਹੇ ਬਰੈਂਡਸ ਵੀ ਅੱਗੇ ਦਿਖਦੇ ਹਨ ਜਿਨ੍ਹਾਂ ਦੇ ਨਾਮ ਸ਼ਹਿਦ ਵਿੱਚ ਚੀਨੀ ਸ਼ੂਗਰ ਸਿਰਪ ਮਿਲਾਉਣ ਦੇ ਇਲਜ਼ਾਮ ਵਿੱਚ ਸ਼ਾਮਿਲ ਹਨ| ਸ਼ਹਿਦ ਸਿਰਫ ਸਵਾਦ ਜਾਂ ਸ਼ੌਕ ਦੀ ਚੀਜ ਨਹੀਂ, ਬਕਾਇਦਾ ਇੱਕ ਹੈਲਥ ਪ੍ਰਾਡਕਟ ਹੈ|
ਕੋਰੋਨਾ ਦੇ ਦੌਰ ਵਿੱਚ ਲੋਕਾਂ ਨੇ ਖਾਸ ਤੌਰ ਤੇ ਇਸਨੂੰ ਅਪਣਾਉਣਾ ਸ਼ੁਰੂ ਕੀਤਾ ਕਿਉਂਕਿ ਦੱਸਿਆ ਜਾ ਰਿਹਾ ਹੈ ਕਿ ਇਸ ਨਾਲ ਸਰੀਰ ਦਾ ਇੰਮਿਊਨ ਸਿਸਟਮ ਮਜਬੂਤ ਹੁੰਦਾ ਹੈ| ਅਜਿਹੇ ਵਿੱਚ ਬਾਜ਼ਾਰ ਵਿੱਚ ਸ਼ੁੱਧ ਸ਼ਹਿਦ ਦੱਸ ਕੇ ਵੇਚੀ ਜਾ ਰਹੀ ਸ਼ੂਗਰ ਸਿਰਪ ਮਿਲੀ ਚੀਜ ਖਾਸ ਕਰਕੇ ਸ਼ੂਗਰ ਦੇ ਮਰੀਜ ਬੁਜੁਰਗਾਂ ਦਾ ਕੀ ਹਾਲ ਕਰਦੀ ਹੋਵੇਗੀ, ਇਸਦਾ ਅੰਦਾਜਾ ਲਗਾਇਆ ਜਾ ਸਕਦਾ ਹੈ| ਪਰ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜੋ ਕੰਮ ਸੀਐਸਈ ਵਰਗੀ ਇੱਕ ਗੈਰਸਰਕਾਰੀ ਸੰਸਥਾ ਦੇ ਸਮਰਪਤ ਕਰਮਚਾਰੀਆਂ ਨੇ ਕਰ ਵਖਾਇਆ, ਉਹ ਖੁਰਾਕ ਸੁਰੱਖਿਆ ਲਈ ਜ਼ਿੰਮੇਵਾਰ ਸਾਡੇ ਦੇਸ਼ ਦੀਆਂ ਏਜੰਸੀਆਂ ਕਿਉਂ ਨਹੀਂ ਕਰ ਪਾਉਂਦੀਆਂ, ਜਦੋਂਕਿ ਉਨ੍ਹਾਂ ਦੇ ਕੋਲ ਜਾਂਚ – ਪੜਤਾਲ ਦੇ ਸਾਰੇ ਸਾਧਨ ਅਤੇ ਕਾਨੂੰਨੀ ਅਧਿਕਾਰ ਹਨ? ਅਤੇ ਉਨ੍ਹਾਂ ਦੇ ਨਿਕੰਮਾਪਣ ਨੂੰ ਲੈ ਕੇ ਇੰਨਾ ਭਰੋਸਾ ਬਾਹਰੀ ਕੰਪਨੀਆਂ ਨੂੰ ਕਿਵੇਂ ਹੋ ਜਾਂਦਾ ਹੈ ਕਿ ਉਹ ਆਪਣੇ ਗ੍ਰਾਹਕਾਂ ਨੂੰ ਵੀ ਯਕੀਨ ਕਰਵਾ ਦਿੰਦੀਆਂ ਹਨ ਕਿ ਭਾਰਤ ਵਿੱਚ ਇਹ ਮਿਲਾਵਟ ਨਹੀਂ ਫੜੀ ਜਾ ਸਕਦੀ?
ਟੇਸਟ ਦੇ ਜੋ ਵੀ ਮਾਣਕ ਤੈਅ ਹੋਣ, ਉਹ ਬਦਲੇ ਨਹੀਂ ਜਾਣਗੇ ਅਤੇ ਲੈਬ ਦੀ ਸਮਰੱਥਾ ਵਧਾਈ ਨਹੀਂ ਜਾਵੇਗੀ, ਉਸਤੋਂ ਵੀ ਵੱਡੀ ਗੱਲ ਇਹ ਕਿ ਉਨ੍ਹਾਂ ਓੱਤੇ ਕੋਈ ਉਂਗਲ ਨਹੀਂ ਚੁੱਕੇਗਾ, ਇਸਨੂੰ ਲੈ ਕੇ ਮਿਲਾਵਟਕਰਤਾ ਇੰਨੇ ਨਿਸ਼ਚਿੰਤ ਕਿਵੇਂ ਹੋ ਜਾਂਦੇ ਹਨ? ਕਿਤੇ ਅਜਿਹਾ ਤਾਂ ਨਹੀਂ ਕਿ ਕੁੱਝ ਕੰਪਨੀਆਂ ਇੰਨੀਆਂ ਤਾਕਤਵਰ ਹੋ ਚੁੱਕੀਆਂ ਹਨ ਕਿ ਸਰਕਾਰੀ ਏਜੰਸੀਆਂ ਵਿੱਚ ਕਾਰਵਾਈ ਦੀ ਹਿੰਮਤ ਹੀ ਨਹੀਂ ਰਹੀ?
ਰਮੇਸ਼ ਚੰਦ