ਸ਼ਹਿਰ ਦੀਆਂ ਮਾਰਕੀਟਾਂ ਵਿਚੋਂ ਹਟਣਗੀਆਂ ਰੇਹੜੀਆਂ-ਫੜ੍ਹੀਆਂ

ਸ਼ਹਿਰ ਦੀਆਂ ਮਾਰਕੀਟਾਂ ਵਿਚੋਂ ਹਟਣਗੀਆਂ ਰੇਹੜੀਆਂ-ਫੜ੍ਹੀਆਂ 
ਨਗਰ ਨਿਗਮ ਵਲੋਂ ਰੇਹੜੀ ਫੜੀ ਵਾਲਿਆਂ ਨੂੰ 14 ਵੱਖ-ਵੱਖ ਥਾਵਾਂ ਤੇ ਬਿਠਾਉਣ ਦਾ ਫੈਸਲਾ
ਭੁਪਿੰਦਰ ਸਿੰਘ 
ਐਸ.ਏ.ਐਸ.ਨਗਰ, 29 ਸਤੰਬਰ 
ਸ਼ਹਿਰ ਦੀਆਂ ਵੱਖ-ਵੱਖ ਮਾਰਕੀਟਾਂ ਵਿੱਚ ਲੱਗਦੀਆਂ                        ਰੇਹੜੀਆਂ ਫੜ੍ਹੀਆਂ ਅਤੇ ਨਾਜਾਇਜ਼ ਕਬਜਿਆਂ ਤੋਂ ਸ਼ਹਿਰ ਵਾਸੀਆਂ ਨੂੰ ਛੁਟਕਾਰਾ ਮਿਲਣ ਦੀ ਆਸ ਬਣ ਗਈ ਹੈ| ਇਸ ਸੰਬਧੀ ਨਗਰ ਨਿਗਮ ਦੀ ਟਾਊਨ ਐਂਡ ਵੈਡਿੰਗ ਕਮੇਟੀ ਦੀ ਮੀਟਿੰਗ ਵਿੱਚ ਇਨ੍ਹਾਂ ਰੇਹੜੀ ਫੜੀ ਵਾਲਿਆਂ ਨੂੰ ਗਮਾਡਾ ਵਲੋਂ ਮੁਹੱਈਆਂ ਕਰਵਾਈਆਂ ਗਈਆਂ 14 ਸਾਈਟਾਂ ਤੇ ਤਬਦੀਲ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ ਅਤੇ ਜੇਕਰ ਸਭ ਕੁਝ ਠੀਕ ਠਾਕ ਰਿਹਾ ਤਾਂ ਛੇਤੀ ਹੀ ਮਾਰਕੀਟਾਂ ਵਿੱਚ ਲੱਗਦੀਆਂ                       ਰੇਹੜੀਆਂ ਫੜੀਆਂ ਨੂੰ ਮਾਰਕੀਟਾਂ ਵਿਚੋਂ ਤਬਦੀਲ ਕਰਕੇ ਇਨ੍ਹਾਂ ਮਾਰਕੀਟ ਸਾਈਟਾਂ ਵਿੱਚ ਬੈਠਣ ਦੀ ਥਾਂ ਦਿੱਤੀ ਜਾਵੇਗੀ ਅਤੇ ਮਾਰਕੀਟਾਂ ਨੂੰ ਖਾਲੀ ਕਰਵਾਇਆ ਜਾਵੇਗਾ| ਇਸਦੇ ਨਾਲ ਹੀ ਨਗਰ ਨਿਗਮ ਵਲੋਂ ਮਾਰਕੀਟਾਂ ਦੇ ਦੁਕਾਨਦਾਰਾਂ ਵਲੋਂ ਦੁਕਾਨਾਂ ਦੇ ਸਾਹਮਣੇ ਵਾਲੀ ਥਾਂ ਤੇ ਆਪਣਾ ਸਮਾਨ ਰੱਖ ਕੇ ਕੀਤੇ ਜਾਂਦੇ ਨਾਜਾਇਜ ਕਬਜੇ ਵੀ ਹਟਾਏ ਜਾਣਗੇ ਅਤੇ ਸ਼ਹਿਰਵਾਸੀਆਂ ਦੀ ਇਹ ਮੁਸ਼ਕਿਲ ਪੱਕੇ ਤੌਰ ਤੇ ਹੱਲ ਕੀਤੀ ਜਾਵੇਗੀ| 
ਇੱਥੇ ਜਿਕਰਯੋਗ ਹੈ ਕਿ ਨਗਰ ਨਿਗਮ ਵਲੋਂ ਪਹਿਲਾਂ ਕੀਤੇ ਗਏ ਸਰਵੇ ਦੌਰਾਨ 992 ਅਜਿਹੇ ਰੇਹੜੀ ਫੜੀ ਵਾਲਿਆਂ ਦੀ ਸੂਚੀ ਬਣਾਈ ਗਈ ਸੀ ਜਿਹਨਾਂ ਨੂੰ ਨਿਗਮ ਵਲੋਂ ਸ਼ਨਾਖਤੀ ਕਾਰਡ ਦੇ ਕੇ ਉਨ੍ਹਾਂ ਨੂੰ ਬਦਲਵੀਂ ਥਾਂ  ਦੇਣ ਬਾਰੇ ਫੈਸਲਾ ਕੀਤਾ ਗਿਆ ਸੀ| ਸ਼ਹਿਰ ਵਿੱਚ ਲੱਗਦੀਆਂ ਰੇਹੜੀਆਂ ਫੜੀਆਂ ਦੀ ਗਿਣਤੀ ਹਾਲਾਂਕਿ 992 ਤੋਂ ਕਿਤੇ ਜਿਆਦਾ ਹੈ ਪਰਤੂੰ ਨਗਰ ਨਿਗਮ ਵਲੋਂ ਸ਼ਹਿਰ ਵਿੱਚ ਅਣਅਧਿਕਾਰਤ ਤੌਰ ਤੇ ਲੱਗਦੀਆਂ ਰੇਹੜੀਆਂ ਫੜੀਆਂ ਦੇ ਖਿਲਾਫ ਕੀਤੀ ਜਾਣ ਵਾਲੀ ਕਾਰਵਾਈ ਨੂੰ ਉਦੋਂ ਤੱਕ ਠੰਢੇ ਬਸਤੇ ਵਿੱਚ ਪਾ ਕੇ ਰੱਖਿਆ ਹੋਇਆ ਹੈ ਜਦੋਂ ਤੱਕ ਸਰਵੇ ਵਿੱਚ ਗਿਣੇ ਗਏ ਰੇਹੜੀ ਫੜੀ ਵਾਲਿਆਂ ਨੂੰ ਬਦਲਵੀਂ ਥਾਂ ਮੁਹੱਈਆਂ ਨਾ ਕਰਵਾ ਦਿੱਤੀ ਜਾਵੇ| 
ਇਸ ਸੰਬਧੀ ਅੱਜ ਨਗਰ ਨਿਗਮ ਵਿੱਚ ਹੋਈ ਟਾਊਨ ਐਂਡ ਵੈਡਿੰਗ  ਕਮੇਟੀ ਦੀ ਮੀਟਿੰਗ ਦੌਰਾਨ ਦੱਸਿਆ ਗਿਆ ਕਿ ਗਮਾਡਾ ਵਲੋਂ ਇਹਨਾਂ              ਰੇਹੜੀ ਫੜੀ ਵਾਲਿਆਂ ਵਾਸਤੇ 14 ਸਾਈਟਾਂ ਮੁਹੱਈਆਂ ਕਰਵਾਈਆਂ ਗਈਆਂ ਹਨ| ਇਨ੍ਹਾਂ ਸਾਈਟਾਂ ਵਿੱਚ ਸੈਕਟਰ 54 (ਫੇਜ਼ 2) ਵਿੱਚ ਦੋ ਸਾਈਟਾਂ (ਬੱਸੀ ਥੀਏਟਰ ਦੇ ਨੇੜੇ ਅਤੇ ਮਦਨਪੁਰ ਚੌਂਕ ਦੇ ਨੇੜੇ), ਫੇਜ਼ 1 ਬੈਰੀਅਰ                       ਨੇੜੇ, ਫੇਜ਼ 6 ਵਿੱਚ ਯੂ.ਟੀ. ਪੰਜਾਬ ਦੀ ਬਾਉਂਡਰੀ ਦੇ ਨਾਲ ਵਾਲੀ ਥਾਂ,             ਸੈਕਟਰ 59 ਵਿੱਚ ਸਨਾਤਨ ਧਰਮ ਮੰਦਰ ਨੇੜੇ, ਫੇਜ਼ 11 ਵਿੱਚ ਪੈਟਰੋਲ ਪੰਪ ਨੇੜੇ, ਸੈਕਟਰ 66 ਵਿੱਚ ਸੀਵਰੇਜ ਟ੍ਰੀਟਮੈਂਟ ਪਲਾਂਟ ਨੇੜੇ ਸਬਜੀ ਮੰਡੀ ਵਾਲੀ ਸਾਇਟ, ਸੈਕਟਰ 67 ਵਿੱਚ ਨਾਈਪਰ ਦੇ ਸਾਹਮਣੇ, ਸੈਕਟਰ 68 ਵਿੱਚ ਟੈਂਪਲ ਆਫ ਨਾਲੇਜ ਦੇ ਨੇੜੇ, ਸੈਕਟਰ 77 ਵਿੱਚ ਦੋ ਥਾਂਵਾਂ (ਵਾਟਰ ਵਰਕਸ ਅਤੇ ਅਕਾਲ ਆਸ਼ਰਮ ਨੇੜੇ), ਸੈਕਟਰ 78 ਵਿੱਚ ਫਾਇਰ ਸਟੇਸ਼ਨ ਨੇੜੇ, ਸੈਕਟਰ 79 ਵਿੱਚ ਹਾਊਸਫੈਡ ਫਲੇਟਾਂ ਨੇੜੇ ਅਤੇ ਸੈਕਟਰ 80 ਵਿੱਚ ਕਨਵੀਨਿਐਂਟ ਸ਼ਾਪਿੰਗ ਦੇ ਸਾਹਮਣੇ ਵਾਲੀ ਥਾਂ ਸ਼ਾਮਿਲ ਹੈ| 
ਟਾਊਨ ਵੈਡਿੰਗ ਕਮੇਟੀ ਦੇ ਮੈਂਬਰ ਅਤੇ ਵਪਾਰ ਮੰਡਲ ਦੇ ਨੁਮਾਇੰਦੇ ਸ੍ਰੀ ਅਕਵਿੰਦਰ ਸਿੰਘ ਗੋਸਲ ਨੇ ਦੱਸਿਆ ਕਿ ਮੀਟਿੰਗ ਦੌਰਾਨ ਇਹ ਪੁੱਛਿਆ ਗਿਆ ਸੀ ਕਿ ਕੀ ਇਨ੍ਹਾਂ ਥਾਵਾਂ ਤੇ ਪੂਰੇ 992 ਵੇਂਡਰਾਂ ਲਈ ਲੋੜੀਂਦੀ ਥਾਂ ਉਪਲੱਬਧ ਹੋ ਜਾਵੇਗੀ| ਜਿਸ ਬਾਰੇ ਨਿਗਮ ਅਧਿਕਾਰੀਆਂ ਦਾ ਕਹਿਣਾ ਸੀ ਕਿ ਅਜੇ ਇਨ੍ਹਾਂ ਸਾਇਟਾਂ ਦੀ ਸੂਚੀ ਮਿਲੀ ਹੈ ਅਤੇ ਬਾਕੀ ਵੇਰਵੇ ਇਨ੍ਹਾਂ ਥਾਵਾਂ ਦੀ ਪੈਮਾਇਸ਼ ਤੋਂ ਬਾਅਦ ਹੀ ਮਿਲ ਸਕਣਗੇ ਜਿਸ ਤੋਂ ਬਾਅਦ ਮੀਟਿੰਗ ਵਿੱਚ ਰੇਹੜੀ ਵਾਲਿਆਂ ਨੂੰ ਇਨ੍ਹਾਂ ਥਾਵਾਂ ਤੇ ਤਬਦੀਲ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਗਈ| 
ਕਮੇਟੀ ਦੇ ਮੈਂਬਰ ਅਤੇ ਸਾਬਕਾ ਕੌਂਸਲਰ ਸ੍ਰ. ਕੁਲਜੀਤ ਸਿੰਘ ਬੇਦੀ ਨੇ ਇਸ ਸੰਬੰਧੀ ਕਿਹਾ ਕਿ ਇਹਾਂ ਥਾਵਾਂ ਤੇ ਰੇਹੜੀ ਫੜੀ ਵਾਲਿਆਂ ਨੂੰ ਤਬਦੀਲ ਕਰਨ ਲਈ ਕਾਰਵਾਈ ਛੇਤੀ ਹੀ ਆਰੰਭ ਹੋ ਜਾਵੇਗੀ ਅਤੇ ਇਹਨਾਂ ਸਾਈਟਾਂ ਤੇ ਬਣਦੀ ਗਿਣਤੀ ਦੇ ਹਿਸਾਬ ਨਾਲ ਰੇਹੜੀ ਫੜੀ ਵਾਲਿਆਂ ਨੂੰ ਥਾਂ ਦੇ ਦਿੱਤੀ ਜਾਵੇਗੀ| ਉਹਨਾਂ ਕਿਹਾ ਕਿ ਅਜਿਹਾ ਹੋਣ ਨਾਲ ਆਮ ਲੋਕਾਂ ਨੂੰ ਮਾਰਕੀਟਾਂ ਵਿੱਚ ਲੱਗਦੀਆਂ ਰੇਹੜੀ ਫੜੀਆਂ ਕਾਰਨ ਪੇਸ਼ ਆਉਂਦੀਆਂ ਸਮੱਸਿਆਵਾਂ ਤੋਂ ਵੀ ਛੁਟਕਾਰਾ ਹਾਸਿਲ ਹੋ ਜਾਵੇਗਾ| 

Leave a Reply

Your email address will not be published. Required fields are marked *