ਸ਼ਹਿਰ ਦੇ ਪਾਰਕਾਂ ਦੀ ਬਦਹਾਲੀ ਵਿੱਚ ਸੁਧਾਰ ਲਈ ਲੋੜੀਂਦੀ ਕਾਰਵਾਈ ਹੋਵੇ

ਪੰਜਾਬ ਸਰਕਾਰ ਦੇ ਦਾਅਵਿਆਂ ਵਿੱਚ  ਸਾਹਿਬਜਾਦਾ ਅਜੀਤ ਸਿੰਘ ਨਗਰ ਨੂੰ ਭਾਵੇਂ ਇੱਕ ਅਤਿਆਧੁਨਿਕ ਸ਼ਹਿਰ ਦਾ ਦਰਜਾ ਹਾਸਿਲ ਹੈ ਅਤੇ ਸਰਕਾਰ ਵਲੋਂ ਸਮੇਂ ਸਮੇਂ ਤੇ ਇਹ  ਦਾਅਵਾ ਵੀ ਕੀਤਾ ਜਾਂਦਾ ਹੈ ਕਿ ਉਸ ਵਲੋਂ ਸ਼ਹਿਰ ਵਾਸੀਆ ਨੂੰ ਵਿਸ਼ਵ ਪੱਧਰੀ ਬੁਨਿਆਦੀ ਸਹੂਲਤਾਂ ਮੁਹਈਆ ਕਰਵਾਈਆਂ ਜਾਂਦੀਆਂ ਹਨ ਪਰੰਤੂ ਜਮੀਨੀ ਹਾਲਤ ਇਸਦੇ ਪੂਰੀ ਤਰ੍ਹਾਂ ਉਲਟ ਹਨ| ਸ਼ਹਿਰਵਾਸੀਆਂ ਨੂੰ ਮਿਲਣ ਵਾਲੀਆਂ ਕਮਜੋਰ ਬੁਨਿਆਦੀ ਸੁਵਿਧਾਵਾਂ ਇਸਦੀ ਬਦਹਾਲੀ ਦੀ ਕਹਾਣੀ ਖੁਦ ਬਿਆਨ ਕਰਦੀਆਂ ਹਨ ਜਿਸ ਕਾਰਨ ਸ਼ਹਿਰ ਵਾਸੀਆਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ ਪਰੰਤੂ ਉਹਨਾਂ ਦੀ ਸੁਣਵਾਈ ਕਰਨ ਵਾਲਾ ਕੋਈ ਨਹੀਂ ਹੈ| 
ਸ਼ਹਿਰ ਦੇ ਪਾਰਕਾਂ ਦੀ ਮਾੜੀ ਹਾਲਤ ਇਸਦੀ ਇੱਕ ਮਿਸਾਲ ਹੈ| ਸ਼ਹਿਰ ਦੇ ਵੱਖ ਵੱਖ ਫੇਜ਼ਾਂ ਵਿੱਚਲੇ ਰਿਹਾਇਸ਼ੀ ਇਲਾਕਿਆਂ ਵਿੱਚ ਅਜਿਹੇ ਵੱਡੀ ਗਿਣਤੀ ਛੋਟੇ ਵੱਡੇ ਪਾਰਕ ਮੌਜੂਦ ਹਨ, ਜਿੱਥੇ ਆਸ-ਪਾਸ ਬਣੇ ਮਕਾਨਾਂ ਦੇ ਬੱਚੇ ਖੇਡਦੇ ਹਨ ਅਤੇ ਸਵੇਰੇ ਸ਼ਾਮ ਲੋਕ ਸੈਰ ਵੀ ਕਰਦੇ ਹਨ| ਇਹਨਾਂ ਪਾਰਕਾਂ ਵਿੱਚ ਆ ਕੇ ਜਿੱਥੇ ਸ਼ਹਿਰਵਾਸੀਆਂ ਨੂੰ ਤਾਜੀ ਹਵਾ ਹਾਸਿਲ ਹੁੰਦੀ ਹੈ ਉੱਥੇ ਉਹਨਾਂ ਨੂੰ ਇੱਥੇ ਪਹੁੰਚ ਕੇ ਸ਼ਹਿਰ ਦੀ ਭੱਜ ਦੌੜ ਦੀ ਜਿੰਦਗੀ ਤੋਂ ਥੋੜ੍ਹੀ ਰਾਹਤ ਵੀ ਮਿਲਦੀ ਹੈ| ਪਰੰਤੂ ਜੇਕਰ ਇਹਨਾਂ ਪਾਰਕਾਂ ਦੀ ਠੀਕ ਢੰਗ ਨਾਲ ਸਾਂਭ-ਸੰਭਾਲ ਨਾ ਹੋਵੇ ਤਾਂ ਇਹ ਪਾਰਕ ਉਲਟਾ ਸ਼ਹਿਰਵਾਸੀਆਂ ਲਈ ਪਰੇਸ਼ਾਨੀ ਦਾ ਕਾਰਨ ਬਣ ਜਾਂਦੇ ਹਨ| ਅੱਜਕੱਲ ਪੈ ਰਹੀ ਹੁੰਮਸ ਵਾਲੀ ਗਰਮੀ ਕਾਰਨ ਲੋਕ ਸਾਰਾ ਦਿਨ ਘਰਾਂ ਵਿੱਚ ਹੀ ਰਹਿੰਦੇ ਹਨ ਅਤੇ ਸ਼ਾਮ                ਵੇਲੇ ਜਦੋਂ ਮੌਸਮ ਥੋੜ੍ਹਾ ਠੀਕ ਹੁੰਦਾ ਹੈ ਤਾਂ ਖੁੱਲੀ ਹਵਾ ਲੈਣ ਲਈ ਸ਼ਹਿਰਵਾਸੀ ਪਾਰਕਾਂ ਦਾ ਰੁੱਖ ਕਰਦੇ ਹਨ ਪਰੰਤੂ ਪਾਰਕਾਂ ਦੀ ਬਦਹਾਲੀ ਅਤੇ ਸਾਫ ਸਫਾਈ ਦੇ ਪ੍ਰਬੰਧਾਂ ਦੀ ਘਾਟ ਦਾ ਸਾਮ੍ਹਣਾ ਕਰਨਾ ਪੈਂਦਾ ਹੈ ਤਾਂ ਉਹਨਾਂ ਨੂੰ ਭਾਰੀ ਨਮੋਸ਼ੀ ਹੁੰਦੀ ਹੈ| 
ਸ਼ਹਿਰ ਦੇ ਰਿਹਾਇਸ਼ੀ ਖੇਤਰਾਂ ਵਿੱਚ ਸਥਿਤ ਇਹਨਾਂ ਪਾਰਕਾਂ ਵਿੱਚੋਂ ਜਿਆਦਾਤਰ ਲੱਗੇ ਝੂਲੇ ਅਤੇ ਬੈਂਚ ਮਾੜੀ ਹਾਲਤ ਵਿੱਚ ਹੋਣ ਕਾਰਨ ਨਾ ਤਾਂ ਇੱਥੇ ਛੋਟੇ ਬੱਚਿਆਂ ਨੂੰ ਖੇਡਣ ਦੀ ਲੋੜੀਂਦੀ ਸੁਵਿਧਾ ਹਾਸਿਲ ਹੁੰਦੀ ਹੈ ਅਤੇ ਨਾ ਹੀ ਇਹਨਾਂ ਪਾਰਕਾਂ ਵਿੱਚ ਸਕੂਨ ਹਾਸਿਲ ਕਰਨ ਲਈ ਆਉਣ ਵਾਲੇ ਬਜੁਰਗ ਹੀ ਇੱਥੇ ਆਰਾਮ ਨਾਲ ਬੈਠ ਪਾਉਂਦੇ ਹਨ| ਇਹਨਾਂ ਪਾਰਕਾਂ ਵਿੱਚ ਕਈ ਤਾਂ ਅਜਿਹੇ ਹਨ ਜਿੱਥੇ ਲੋਕਾਂ ਵਲੋਂ ਆਪਣੀਆਂ ਗੱਡੀਆਂ ਖੜ੍ਹੀਆਂ ਕਰ ਦਿੱਤੀਆਂ ਜਾਂਦੀਆਂ ਹਨ ਜਿਹੜੀਆਂ ਸਾਰਾ ਦਿਨ ਖੜ੍ਹੀਆਂ ਰਹਿੰਦੀਆਂ ਹਨ ਅਤੇ ਇਸ ਕਾਰਨ ਪਾਰਕਾਂ ਵਿੱਚ ਆਉਣ ਵਾਲੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਮ੍ਹਣਾ ਕਰਨਾ ਪੈਂਦਾ ਹੈ| 
ਸ਼ਹਿਰ ਦੇ ਪਾਰਕਾਂ ਦੀ ਸਾਂਭ-ਸੰਭਾਲ ਦੀ ਜਿੰਮੇਵਾਰੀ ਨਗਰ ਨਿਗਮ ਦੇ ਅਧੀਨ ਹੈ ਜਿਸ ਵਲੋਂ ਅੱਗੋਂ ਇਹ ਕੰਮ ਜਾਂ ਤਾਂ ਨਿੱਜੀ  ਠੇਕੇਦਾਰ ਦੇ ਹਵਾਲੇ ਕੀਤਾ ਗਿਆ ਹੈ ਜਾਂ ਫਿਰ ਸਮਾਜਸੇਵੀ ਅਤੇ ਨਾਗਰਿਕ ਭਲਾਈ ਸੰਸਥਾਵਾਂ ਨੂੰ ਇਹਨਾਂ ਦੀ ਸਾਂਭ ਸੰਭਾਲ ਦਾ ਕੰਮ ਦਿੱਤਾ ਜਾਂਦਾ ਹੈ| ਪਰੰਤੂ ਨਾ ਤਾਂ ਪਾਰਕਾਂ ਦੀ ਢੰਗ ਨਾਲ ਸਾਫ ਸਫਾਈ ਕਰਵਾਈ ਜਾਂਦੀ ਹੈ ਅਤੇ ਨਾ ਹੀ ਇਹਨਾਂ ਪਾਰਕਾਂ ਵਿੱਚ ਆਮ ਲੋਕਾਂ ਦੀ ਸਹੂਲੀਅਤ ਲਈ ਲੋੜੀਂਦੇ ਪ੍ਰਬੰਧ ਕੀਤੇ ਜਾਂਦੇ ਹਨ| ਨਗਰ ਨਿਗਮ ਦੀਆਂ ਮੀਟਿੰਗਾਂ ਦੌਰਾਨ ਵੀ ਵੱਖ ਵੱਖ ਕੌਂਸਲਰਾਂ ਵਲੋਂ ਇਸ ਸੰਬੰਧੀ ਸ਼ਹਿਰ ਵਾਸੀਆਂ ਨੂੰ ਪੇਸ਼ ਆਉਂਦੀਆਂ ਸਮੱਸਿਆਵਾ ਦੀ ਵਿਸਤਾਰਿਤ ਜਾਣਕਾਰੀ ਦਿੱਤੀ ਜਾਂਦੀ ਰਹੀ ਹੈ ਪਰੰਤੂ ਹਾਲਾਤ ਵਿੱਚ ਲੋੜੀਂਦਾ ਸੁਧਾਰ ਨਹੀਂ ਹੋ ਰਿਹਾ ਹੈ| 
ਸ਼ਹਿਰ ਵਿਚਲੇ ਪਾਰਕਾਂ ਦੀ ਇਸ ਬਦਹਾਲੀ ਕਾਰਨ ਸ਼ਹਿਰ ਵਾਸੀਆਂ ਨੂੰ ਜਿਹੜੀ ਪਰੇਸ਼ਾਨੀ ਚੁੱਕਣੀ ਪੈ ਰਹੀ ਹੈ ਉਸਦਾ ਤੁਰੰਤ ਹੱਲ ਕੱਢਿਆ ਜਾਣਾ ਚਾਹੀਦਾ ਹੈ| ਇਸ ਸੰਬੰਧੀ ਤੁਰੰਤ ਕਦਮ ਚੁੱਕੇ ਜਾਣੇ ਚਾਹੀਦੇ ਹਨ ਅਤੇ ਸ਼ਹਿਰ ਵਿਚਲੇ ਇਹਨਾਂ ਪਾਰਕਾਂ ਦੀ ਸਾਫ ਸਫਾਈ ਕਰਵਾ ਕੇ ਇਹਨਾਂ ਵਿੱਚ ਲੱਗੇ ਝੂਲਿਆਂ ਅਤੇ ਬੈਂਚਾਂ ਦੀ ਤੁਰੰਤ ਮੁਰੰਮਤ ਕਰਵਾਈ ਜਾਣੀ ਚਾਹੀਦੀ ਹੈ ਅਤੇ ਪਾਰਕਾਂ ਵਿੱਚ ਲੋੜ ਅਨੁਸਾਰ ਨਵੇਂ ਬੈਂਚ ਅਤੇ ਝੂਲੇ ਵੀ ਲਗਵਾਏ ਜਾਣੇ ਚਾਹੀਦੇ ਹਨ| ਨਗਰ ਨਿਗਮ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਸ਼ਹਿਰ ਵਿਚਲੇ ਇਹਨਾਂ ਪਾਰਕਾਂ ਦੀ ਹਾਲਤ ਸੁਧਾਰਨ ਲਈ ਤੁਰੰਤ ਲੋੜੀਂਦੀ ਕਾਰਵਾਈ ਨੂੰ ਯਕੀਨੀ ਬਣਾਇਆ ਜਾਵੇ ਤਾਂ ਜੋ ਸ਼ਹਿਰਵਾਸੀਆਂ ਨੂੰ ਇਹਨਾਂ ਪਾਰਕਾਂ ਦਾ ਪੂਰਾ ਫਾਇਦਾ ਹਾਸਿਲ ਹੋਵੇ| ਨਗਰ ਨਿਗਮ ਦੇ ਕਮਿਸ਼ਨਰ ਨੂੰ ਚਾਹੀਦਾ ਹੈ ਕਿ ਉਹ ਇਸ ਸੰਬੰਧੀ ਤੁਰੰਤ ਲੋੜੀਂਦੀ ਕਾਰਵਾਈ ਨੂੰ ਯਕੀਨੀ ਬਣਾਉਣ ਤਾਂ ਜੋ ਸ਼ਹਿਰ ਵਾਸੀਆਂ ਨੂੰ ਇਸ ਸੰਬੰਧੀ ਪੇਸ਼ ਆਉਂਦੀਆਂ ਸਮੱਸਿਆਵਾਂ ਤੋਂ ਰਾਹਤ ਮਿਲੇ|

Leave a Reply

Your email address will not be published. Required fields are marked *