ਸ਼ਹਿਰ ਵਿੱਚ ਖਾਲੀ ਪਈਆਂ ਸਰਕਾਰੀ ਅਤੇ ਗੈਰ ਸਰਕਾਰੀ ਵੱਡੀਆਂ ਥਾਵਾਂ ਨੂੰ ਸਫਾਈ ਆਦਿ ਲਈ ਸੰਸਥਾਵਾਂ ਨੂੰ ਆਰਜੀ ਤੌਰ ਤੇ ਸੌਪਿਆ ਜਾਵੇ : ਧਨੋਆ

ਐਸ.ਏ.ਐਸ ਨਗਰ, 19 ਸਤੰਬਰ (ਸ.ਬ.) ਸ਼ਹਿਰ ਦੇ ਵੱਖ ਵੱਖ ਫੇਜ਼ਾਂ ਅਤੇ ਸੈਕਟਰਾਂ ਵਿੱਚ ਅਜਿਹੀਆਂ ਕਈ ਸਰਕਾਰੀ ਅਤੇ ਗੈਰ ਸਰਕਾਰੀ ਥਾਵਾਂ ਹਨ ਜੋ ਕਿ ਲੰਮੇ ਸਮੇਂ ਤੋਂ ਖਾਲੀ ਪਈਆਂ ਹਨ ਅਤੇ ਇਹਨਾਂ ਵਿੱਚ ਕਾਫੀ ਘਾਹ, ਕਾਂਗਰਸ ਘਾਹ, ਗੰਦਗੀ ਦੇ ਢੇਰ ਆਦਿ ਲੱਗੇ ਹੋਏ ਹਨ ਅਤੇ ਇਹਨਾਂ ਥਾਵਾਂ ਨੂੰ ਰੱਖ ਰਖਾਓ ਲਈ ਆਰਜੀ ਤੌਰ ਤੇ ਸੰਸਥਾਵਾਂ ਨੂੰ ਸੌਂਪਿਆ ਜਾਣਾ ਚਾਹੀਦਾ ਹੈ| ਇਹ ਗੱਲ ਨਗਰ ਨਿਗਮ ਦੇ ਕੌਂਸਲਰ ਸ੍ਰ.  ਸਤਵੀਰ ਸਿੰਘ ਧਨੋਆ ਨੇ ਅੱਜ ਫੇਜ਼ 8 ਦੀਆਂ ਖਾਲੀ ਪਈਆਂ ਥਾਵਾਂ ਦਾ ਦੌਰਾ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲ ਕਰਦਿਆਂ ਆਖੀ| ਉਹਨਾਂ ਕਿਹਾ ਕਿ ਇਹ ਖਾਲੀ ਥਾਵਾਂ ਜਹਿਰੀਲੇ ਜਾਨਵਰਾਂ ਅਤੇ     ਨਸ਼ੇੜੀਆਂ ਦਾ ਟਿਕਾਣਾ ਬਣ ਗਈਆਂ ਹਨ ਅਤੇ ਇਨ੍ਹਾਂ ਥਾਵਾਂ ਵਿੱਚ ਗੰਦ, ਜਹਿਰੀਲੀਆਂ ਬੂਟੀਆਂ ਅਤੇ ਜਹਿਰੀਲੇ ਜਾਨਵਰਾਂ ਕਰਕੇ ਕਈ ਤਰ੍ਹਾਂ ਦੇ ਖਤਰੇ ਮੌਜੂਦ ਹਨ ਜਿਨ੍ਹਾਂ ਕਾਰਨ ਬਿਮਾਰੀ, ਅਚਨਚੇਤ ਜਾਨੀ ਨੁਕਸਾਨ ਅਤੇ ਸ਼ਹਿਰ ਦੀ ਸੁੰਦਰਤਾ ਨੂੰ ਨੁਕਸਾਨ ਹੁੰਦਾ ਹੈ| 
ਸ੍ਰ. ਧਨੋਆ ਨੇ ਕਿਹਾ ਕਿ ਗਮਾਡਾ ਵੱਲੋਂ ਹਰ ਸਾਲ ਖਾਲੀ ਪਏ ਨਿਜੀ ਪਲਾਟਾਂ ਦੇ ਮਾਲਕਾਂ ਕੋਲੋਂ ਐਕਸਟੈਂਸ਼ਨ ਫੀਸ ਲਈ ਜਾਂਦੀ ਹੈ| ਪਰ ਗਮਾਡਾ ਵਲੋਂ ਨਾ ਤਾਂ ਇਹਨਾਂ ਪਲਾਟਾ ਦੀ ਸਾਫ ਸਫਾਈ ਵੱਲ ਕੋਈ ਧਿਆਨ ਦਿੱਤਾ ਜਾਂਦਾ ਹੈ ਅਤੇ ਨਾ ਹੀ ਖਾਲੀ ਪਈਆਂ ਸਰਕਾਰੀ ਥਾਵਾਂ ਦੀ ਢੰਗ ਨਾਲ ਸੰਭਾਲ ਕੀਤੀ ਜਾਂਦੀ ਹੈ| ਇਹਨਾਂ ਖਾਲੀ ਥਾਵਾਂ ਵਿੱਚ ਹੋਣ ਵਾਲੇ ਕਾਂਗਰਸ ਘਾਹ, ਜਹਿਰੀਲੇ ਜਾਨਵਰਾਂ ਅਤੇ ਹੋਰ ਖਤਰਨਾਕ ਬੂਟੀਆਂ ਕਾਰਨ ਜੋ ਬਿਮਾਰੀਆਂ ਪੈਦਾ ਹੁੰਦੀਆਂ ਹਨ ਉਸ ਪ੍ਰਤੀ ਗਮਾਡਾ ਦੀ ਕਾਰਗੁਜਾਰੀ ਨਕਾਰਾਤਮਕ ਹੀ ਹੈ| ਜਦੋਂਕਿ ਐਕਸਟੈਂਸ਼ਨ ਫੀਸ ਲੈਣ ਤੇ ਗਮਾਡਾ ਦੀ ਇਹ ਜਿੰਮੇਵਾਰੀ ਹੋ ਜਾਂਦੀ ਹੈ ਕਿ ਉਹ ਇੱਥੇ ਰਹਿਣ ਵਾਲੇ ਲੋਕਾਂ ਦੀ ਸਿਹਤ ਪ੍ਰਤੀ ਧਿਆਨ ਦਿੰਦੇ ਹੋਏ ਇਨ੍ਹਾਂ ਪਲਾਟਾਂ ਦੀ ਰੈਗੂਲਰ ਸਫਾਈ ਕਰਾਵੇ| 
ਉਹਨਾਂ ਕਿਹਾ ਕਿ ਦੇਖਣ ਵਿੱਚ ਆਇਆ ਹੈ ਕਿ ਵਸੀਲਿਆਂ ਦੀ ਘਾਟ ਕਾਰਨ ਗਮਾਡਾ ਹਮੇਸ਼ਾਂ ਹੀ ਇਨ੍ਹਾਂ ਥਾਵਾਂ ਦੀ ਸਾਫ ਸਫਾਈ ਕਰਾਉਣ ਵਿੱਚ ਅਸਮਰੱਥ ਰਿਹਾ ਹੈ| ਉਹਨਾਂ ਕਿਹਾ ਕਿ ਕਾਂਗਰਸ ਘਾਹ ਦੇ ਵਾਧੇ ਨੂੰ ਰੋਕਣ ਅਤੇ ਖਤਮ ਕਰਨ ਲਈ ਇਸ ਨੂੰ ਸਮੇਂ ਸਿਰ ਪੁੱਟਣਾ ਜਰੂਰੀ ਹੁੰਦਾ ਹੈ ਪਰ ਗਮਾਡਾ ਵੱਲੋਂ ਇਸ ਸਬੰਧੀ ਕਾਗਜੀ ਕਾਰਵਾਈ ਕਰਨ ਲਈ ਹੀ ਤਿੰਨ ਤੋਂ ਚਾਰ ਮਹੀਨਿਆਂ ਦਾ ਸਮਾਂ ਲਗਾ ਦਿੱਤਾ ਜਾਂਦਾ ਹੈ ਅਤੇ ਇਸ ਤੋਂ ਬਾਅਦ ਸਥਿਤੀ ਕਾਬੂ ਤੋਂ ਬਾਹਰ ਹੋ ਜਾਂਦੀ ਹੈ ਅਤੇ ਗਮਾਡਾ ਅਸਮਰੱਥ ਹੋ ਜਾਂਦਾ ਹੈ| ਜਿਸ ਕਾਰਨ ਸ਼ਹਿਰ ਵਿੱਚ ਬਿਮਾਰੀਆਂ ਫੈਲਣ ਦਾ ਖਤਰਾ ਵੱਧ ਜਾਂਦਾ ਹੈ|
ਉਨ੍ਹਾਂ ਕਿਹਾ ਕਿ ਸ਼ਹਿਰ ਦੇ ਬਹੁਤੇ ਪਾਰਕ ਅਤੇ ਚੌਂਕ ਸੰਸਥਾਵਾਂ ਨੂੰ ਦਿੱਤੇ ਗਏ ਹਨ ਜਿਸ ਨਾਲ ਉਹਨਾਂ ਦੀ ਹਾਲਤ ਵਿੱਚ ਕਾਫੀ ਸੁਧਾਰ ਆਇਆ ਹੈ ਅਤੇ ਇਸੇ ਤਰਜ ਤੇ ਇਹ ਖਾਲੀ ਥਾਵਾਂ ਆਰਜੀ ਤੌਰ ਤੇ ਸੰਸਥਾਵਾਂ ਨੂੰ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ ਜਿਸ ਕਾਰਨ ਸ਼ਹਿਰ ਦੀ ਸੁੰਦਰਤਾ ਵਿੱਚ ਵਾਧਾ ਹੋ ਸਕੇ ਅਤੇ ਬਿਮਾਰੀਆਂ ਦਾ ਖਤਰਾ ਘੱਟ ਸਕੇ| 
ਉਨ੍ਹਾਂ ਦੱਸਿਆ ਕਿ ਉਹਨਾਂ ਵਲੋਂ ਇਸ ਸੰਬੰਧੀ ਗਮਾਡਾ ਦੇ  ਮੁੱਖ ਪ੍ਰਸ਼ਾਸ਼ਕ ਗਮਾਡਾ ਨੂੰ ਪੱਤਰ ਵੀ ਲਿਖਿਆ ਗਿਆ ਹੈ ਕਿ ਇਸ ਸੰਬੰਧੀ ਵਿਚਾਰ ਕਰਕੇ ਇਹ ਖਾਲੀ ਥਾਵਾਂ ਵੱਖ ਵੱਖ ਸੰਸਥਾਵਾਂ ਨੂੰ ਆਰਜੀ ਤੌਰ ਤੇ ਸੰਭਾਲ ਦਿੱਤੀਆਂ ਜਾਣ|

Leave a Reply

Your email address will not be published. Required fields are marked *