ਸ਼ਹਿਰ ਵਿੱਚ ਥਾਂ ਥਾਂ ਤੇ ਲੱਗਦੀਆਂ ਰੇਹੜੀਆਂ ਫੜੀਆਂ ਦੀ ਭਰਮਾਰ ਕਾਰਨ ਦੁਕਾਨਦਾਰਾਂ ਨੂੰ ਹੁੰਦਾ ਹੈ ਭਾਰੀ ਨੁਕਸਾਨ

ਐਸ.ਏ.ਐਸ ਨਗਰ , 28 ਅਗਸਤ (ਆਰ.ਪੀ ਵਾਲੀਆ) ਮੁਹਾਲੀ ਦੇ ਸਾਰੇ ਫੇਜ਼ਾਂ ਵਿਚ ਰੇਹੜੀਆਂ ਫੜੀਆਂ ਦੀ ਭਰਮਾਰ ਹੈ ਅਤੇ ਇਹ ਰੇਹੜੀਆਂ ਵਾਲੇ ਸ਼ਹਿਰ ਵਿੱਚ  ਥਾਂ-ਥਾਂ ਤੇ ਸੜਕਾਂ ਕਿਨਾਰੇ ਅਤੇ ਚੌਂਕਾਂ ਨੇੜੇ ਲਾਈਨਾਂ ਲਗਾ ਕੇ ਖੜ੍ਹੇ ਹੋ ਜਾਂਦੇ ਹਨ ਜਿਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ| ਇਹ ਰੇਹੜੀਆਂ ਵਾਲੇ ਸੜਕਾਂ ਦੇ ਦੋਵੇਂ ਪਾਸੇ ਖੜ੍ਹੇ ਹੋ ਜਾਂਦੇ ਹਨ ਅਤੇ ਇਹਨਾਂ ਕੋਲੋਂ ਸਾਮਾਨ ਖਰੀਦਣਵਾਲੇ ਲੋਕ ਆਪਣੇ ਵਾਹਨ ਸੜਕਾਂ ਤੇ ਹੀ ਖੜ੍ਹੇ ਕਰ ਕੇ ਆਪਣੀ ਲੋੜ ਦਾ ਸਾਮਾਨ ਖਰੀਦਣ ਲੱਗ ਜਾਂਦੇ ਹਨ, ਜਿਸ ਕਾਰਨ ਆਵਾਜਾਈ ਬੁਰੀ ਤਰ੍ਹਾ ਪ੍ਰਭਾਵਿਤ ਹੋ ਜਾਂਦੀ ਹੈ ਅਤੇ ਕਈ ਵਾਰ ਸੜਕ ਤੇ ਜਾਮ ਲੱਗਣ ਦੀ ਨੌਬਤ ਆ ਜਾਂਦੀ ਹੈ| 
ਸੜਕਾਂ ਕਿਨਾਰੇ ਲੱਗਦੀਆਂ ਇਹਨਾਂ ਰੇਹੜੀਆਂ ਫੜੀਆਂ ਦੀ ਗਿਣਤੀ ਸ਼ਾਮ ਵੇਲੇ ਹੋਰ ਵੀ ਵੱਧ ਜਾਂਦੀ ਹੈ ਜਿਸ ਕਾਰਨ ਆਵਾਜਾਈ ਦੀ ਭਰੀ ਸਮਸਿਆ ਆਉਂਦੀ ਹੈ| ਖਾਣ ਪੀਣ ਦਾ ਸਾਮਾਨ ਵੇਚਣ ਵਾਲੀਆਂ ਇਹਨਾਂ ਰੇਹੜੀਆਂ ਕਾਰਨ ਹੋਟਲਾਂ ਵਾਲਿਆਂ ਦਾ ਕੰਮ ਕਾਜ ਕਾਫੀ ਪ੍ਰਭਾਵਿਤ ਹੁੰਦਾ ਹੈ ਅਤੇ ਉਹ ਇਸਦਾ ਵਿਰੋਧ ਵੀ ਕਰਦੇ ਹਨ ਪਰੰਤੂ ਉਹਨਾਂ ਦੀ ਕਿਤੇ ਸੁਣਵਾਈਨਹੀਂ ਹੁੰਦੀ ਅਤੇ ਇਹ ਰੇਹੜੀਆਂ ਵਾਲੇ ਇਸੇ ਤਰ੍ਹਾਂ ਸੜਕਾਂ ਕਿਨਾਰੇ ਖੜ੍ਹੇ ਹੋ ਕੇ ਆਪਣਾ ਸਾਮਾਨ ਵੇਚਦੇ ਰਹਿੰਦੇ ਹਨ| 
ਇਹ ਰੇਹੜੀਆਂ ਵਾਲੇ ਰਾਤ 9 -10 ਵਜੇ ਤਕ ਬੈਠੇ ਰਹਿੰਦੇ ਹਨ ਅਤੇ ਸਰਕਾਰੀ ਹੁਕਮਾਂ ਦੀ ਵੀ ਉਲੰਘਣਾ ਕਰਦੇ ਹਨ ਜਦੋਂਕਿ ਬਾਕੀ ਦੁਕਾਨਾਂ ਨੂੰ ਸ਼ਾਮ ਸਾਢੇ ਛੇ ਵਜੇ ਬੰਦ ਕਰਵਾ ਦਿੱਤਾ ਜਾਂਦਾ ਹੈ| ਇਹਨਾਂ ਰੇਹੜੀਆਂ ਵਾਲਿਆਂ ਵਲੋਂ ਸਮਾਜਿਕ ਦੂਰੀ ਦੇ ਨਿਯਮਾਂ ਦੀ ਵੀ ਪਾਲਣਾ ਨਹੀਂ ਕੀਤੀ ਜਾਂਦੀ ਅਤੇ ਇਹਨਾਂ ਕੋਲ ਖੜ੍ਹੇ ਗ੍ਰਾਹਕ ਵੀ ਮਾਸਕ ਲਗਾਏ ਬਿਨਾਂ ਖਾਂਦੇ ਪੀੱਦੇ ਰਹਿੰਦੇ ਹਨ ਜਿਸ ਕਾਰਨ ਬਿਮਾਰੀ ਫੈਲਣ ਦਾ ਖਤਰਾ ਵੀ ਵੱਧਦਾ ਹੈ|  
ਦੁਕਾਨਦਾਰਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਦੁਕਾਨਾਂ ਦੇ ਭਾਰੀ ਕਿਰਾਏ ਅਦਾ ਕਰਨੇ ਪੈਂਦੇ ਹਨ ਅਤੇ ਉਹ ਸਰਕਾਰ ਨੂੰ ਟੈਕਸਾਂ ਦੀ ਅਦਾਇਗੀ ਵੀ ਕਰਦੇ ਹਨ ਜਦੋਂਕਿ ਇਹਨਾਂ ਰੇਹੜੀਆਂ ਵਾਲਿਆਂ  ਨੂੰ ਨਾ ਤਾਂ ਕੋਈ ਕਿਰਾਇਆ ਦੇਣਾ ਪੈਂਦਾ ਹੈ ਅਤੇ ਨਾ ਹੀ ਟੈਕਸ ਦੇਣਾ ਪੈਂਦਾ ਹੈ| ਦੁਕਾਨਦਾਰਾਂ ਦੀ ਮੰਗ ਹੈ ਕਿ ਇਹਨਾਂ ਰੇਹੜੀਆਂ ਨੂੰ ਸੜਕਾਂ ਕਿਨਾਰੇ ਤੋਂ ਹਟਾਇਆ ਜਾਵੇ ਜਾਂ ਇਹਨਾਂ ਨੂੰ ਕਿਤੇ ਹੋਰ ਥਾਂ ਦਿੱਤੀ ਜਾਵੇ ਤਾਂ ਕਿ ਕਿਸੇ ਨੂੰ ਕੋਈ ਪ੍ਰੇਸ਼ਾਨੀ ਨਾ ਹੋ ਸਕੇ|

Leave a Reply

Your email address will not be published. Required fields are marked *