ਸ਼ਹਿਰ ਵਿੱਚ ਬੇਲਗਾਮ ਚਲਦੇ ਆਟੋ ਰਿਕਸ਼ਿਆਂ ਵਾਸਤੇ ਸਪੀਡ ਲਿਮਿਟ ਲਾਗੂ ਹੋਵੇ

ਸਾਡੇ ਸ਼ਹਿਰ ਵਿਚਲੀ ਟ੍ਰੈਫਿਕ ਵਿਵਸਥਾ ਇੱਕ ਵਾਰ ਫਿਰ ਬਦਹਾਲੀ ਦੀ ਹਾਲਤ ਵਿੱਚ ਪਹੁੰਚ ਗਈ ਹੈ| ਜਿਵੇਂ ਜਿਵੇਂ  ਕੋਰੋਨਾ ਦੀ ਮਹਾਮਾਰੀ ਕਾਰਨ ਲੱਗੀਆਂ ਪਾਬੰਦੀਆਂ ਖਤਮ ਹੁੰਦੀਆਂ ਗਈਆਂ ਸੜਕਾਂ ਤੇ ਵਾਹਨਾਂ ਦੀ ਭੀੜ ਵੀ ਵੱਧਦੀ ਗਈ ਅਤੇ ਹੌਲੀ ਹੌਲੀ ਹਾਲਾਤ ਪਹਿਲਾਂ ਵਰਗੇ ਹੀ ਹੋ ਗਏ ਹਨ| ਸ਼ਹਿਰ ਦੀ ਟ੍ਰੈਫਿਕ ਪੁਲੀਸ ਵਲੋਂ ਭਾਵੇਂ ਸ਼ਹਿਰ ਵਿੱਚਲੀ ਟ੍ਰੈਫਿਕ ਵਿਵਸਥਾ ਦੀ ਬਦਹਾਲੀ ਤੇ ਕਾਬੂ ਕਰਨ ਲਈ ਲੋੜੀਂਦੀ ਕਾਰਵਾਈ ਕਰਨ ਦੇ ਦਾਅਵੇ ਕੀਤੇ ਜਾਂਦੇ ਹਨ ਅਤੇ ਪੁਲੀਸ ਵਲੋਂ ਸ਼ਹਿਰ ਵਿੱਚ ਵੱਖ ਵੱਖ ਥਾਵਾਂ ਤੇ ਨਾਕੇਬੰਦੀ ਕਰਕੇ ਵਾਹਨ ਚਾਲਕਾਂ ਦੇ ਚਾਲਾਨ ਕੱਟਣ ਦੀ ਮੁਹਿੰਮ ਵੀ ਨਜਰ ਆ ਜਾਂਦੀ ਹੈ ਪਰੰਤੂ ਟ੍ਰੈਫਿਕ ਪੁਲੀਸ ਦੀ ਵਾਹਨ ਚਾਲਕਾਂ ਦੇ ਚਾਲਾਨ ਕੱਟਣ ਦੀ ਇਹ ਕਾਰਵਾਈ ਸਿਰਫ ਆਮ ਲੋਕਾਂ ਤਕ ਹੀ ਸੀਮਿਤ ਰਹਿੰਦੀ ਹੈ ਅਤੇ ਟ੍ਰੈਫਿਕ ਪੁਲੀਸ ਵਲੋਂ ਸ਼ਹਿਰ ਵਿੱਚ ਚਲਦੇ ਆਟੋ ਰਿਕਸ਼ਿਆਂ ਦੇ ਚਾਲਕਾਂ ਵਲੋਂ ਕੀਤੀ ਜਾਂਦੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਦੀ ਕਾਰਵਾਈ ਨੂੰ ਪੂਰੀ ਤਰ੍ਹਾਂ ਨਜਰ ਅੰਦਾਜ ਕਰ ਦਿੱਤਾ ਜਾਂਦਾ ਹੈ| 
ਸ਼ਹਿਰ ਵਾਸੀਆਂ ਦੀ ਇਹ ਆਮ ਸ਼ਿਕਾਇਤ ਹੈ ਕਿ ਇਹਨਾਂ ਆਟੋ ਚਾਲਕਾਂ ਵਲੋਂ ਟ੍ਰੈਫਿਕ ਨਿਯਮਾਂ ਦੀ ਬਿਲਕੁਲ ਪਰਵਾਹ ਨਹੀਂ ਕੀਤੀ ਜਾਂਦੀ ਅਤੇ ਇੱਕ ਦੂਜੇ ਤੋਂ ਅੱਗੇ ਵੱਧ ਕੇ ਸਵਾਰੀ ਚੁੱਕਣ ਦੀ ਹੋੜ ਵਿੱਚ ਇਹ ਆਟੋ ਚਾਲਕ ਟ੍ਰੈਫਿਕ ਨਿਯਮਾਂ ਦੀ ਖੁੱਲ੍ਹੀ ਉਲੰਘਣਾ ਕਰਦੇ ਹਨ ਜਿਸ ਕਾਰਨ ਸ਼ਹਿਰ ਦੀਆਂ ਸੜਕਾਂ ਤੇ ਅਕਸਰ ਸੜਕ ਹਾਦਸੇ ਵੀ ਵਾਪਰਦੇ ਹਨ ਅਤੇ ਸ਼ਹਿਰ ਵਾਸੀ ਆਮ ਗੱਲਬਾਤ ਦੌਰਾਨ ਇਸ ਗੱਲ ਤੇ ਪੂਰੀ ਤਰ੍ਹਾਂ ਸਹਿਮਤ ਦਿਖਦੇ ਹਨ ਕਿ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਦੀ ਬਦਹਾਲੀ ਲਈ ਸ਼ਹਿਰ ਵਿੱਚ ਚਲਦੇ ਆਟੋ ਰਿਕਸ਼ਿਆਂ ਦੇ ਜਿਆਦਾਤਰ ਚਾਲਕ ਹੀ ਜਿੰਮੇਵਾਰ ਹਨ| ਪਰੰਤੂ ਇਸਦੇ ਬਾਵਜੂਦ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਇਹਨਾਂ ਆਟੋ ਚਾਲਕਾਂ ਦੇ ਖਿਲਾਫ ਟ੍ਰੈਫਿਕ ਪੁਲੀਸ ਵਲੋਂ ਕੋਈ ਕਾਰਵਾਈ ਨਾ ਕੀਤੇ ਜਾਣ ਕਾਰਨ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਦੀ ਬਦਹਾਲੀ ਦੀ ਸਮੱਸਿਆ ਲਗਾਤਾਰ ਵੱਧਦੀ ਰਹਿੰਦੀ ਹੈ|  
ਇਹ ਸ਼ਿਕਾਇਤ ਕਾਫੀ ਹੱਦ ਤੱਕ ਜਾਇਜ ਵੀ ਹੈ| ਅਸਲੀਅਤ ਇਹੀ ਹੈ ਕਿ ਸ਼ਹਿਰ ਵਿੱਚ ਚਲਦੇ ਆਟੋ ਰਿਕਸ਼ਿਆਂ ਵਿੱਚੋਂ ਜ਼ਿਆਦਾਤਰ ਦੇ ਚਾਲਕ ਆਪਣੇ ਵਾਹਨ ਬਹੁਤ ਤੇਜ ਰਫਤਾਰ ਨਾਲ ਚਲਾਉਂਦੇ ਹਨ ਅਤੇ ਕਈ ਵਾਰ ਤਾਂ ਸੜਕ ਤੇ ਇਹ ਹਾਲਾਤ ਬਣ ਜਾਂਦੇ ਹਨ ਕਿ ਇੱਕ ਦੂਜੇ ਤੋਂ ਅੱਗੇ ਲੰਘਣ ਦੀ ਕੋਸ਼ਿਸ਼ ਵਿੱਚ ਇਹਨਾਂ ਆਟੋ ਰਿਕਸ਼ਿਆਂ ਵਲੋਂ ਪੂਰੀ ਸੜਕ ਦਾ ਟ੍ਰੈਫਿਕ ਪ੍ਰਭਾਵਿਤ ਕਰ ਦਿੱਤਾ ਜਾਂਦਾ ਹੈ| ਇਹ ਆਟੋ ਚਾਲਕ ਵਾਹਨ ਚਲਾਉਣ ਵੇਲੇ ਇਸ ਗੱਲ ਵੱਲ ਵੀ ਧਿਆਨ ਨਹੀਂ ਦਿੰਦੇ ਕਿ ਉਹਨਾਂ ਵਲੋਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਦੀ ਇਹ ਕਾਰਵਾਈ ਹੋਰਨਾਂ ਵਾਹਨ ਚਾਲਕਾਂ ਲਈ ਭਾਰੀ ਪਰੇਸ਼ਾਨੀ ਦਾ ਕਾਰਨ ਬਣਦੀ ਹੈ| ਹੋਰ ਤਾਂ ਹੋਰ ਇਸ ਤਰੀਕੇ ਨਾਲ ਤੇਜ ਰਫਤਾਰ ਨਾਲ ਚਲਦੇ ਇਹ ਆਟੋ ਰਿਕਸ਼ੇ ਕਈ ਵਾਰ ਹਾਦਸਿਆਂ ਦਾ ਸ਼ਿਕਾਰ ਵੀ ਹੋ ਚੁੱਕੇ ਹਨ ਅਤੇ ਇਹਨਾਂ ਹਾਦਸਿਆਂ ਦੌਰਾਨ ਇਹਨਾਂ ਆਟੋ ਰਿਕਸ਼ਿਆਂ ਵਿੱਚ ਬੈਠੀਆਂ ਸਵਾਰੀਆਂ ਵੀ ਜਖਮੀ ਹੋ ਚੁੱਕੀਆਂ ਹਨ| 
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸ਼ਹਿਰ ਵਿੱਚ ਚਲਦੇ ਇਹ ਆਟੋ ਰਿਕਸ਼ੇ ਸ਼ਹਿਰ ਵਾਸੀਆਂ ਦੀ ਮੁੱਢਲੀ ਲੋੜ ਹਨ ਅਤੇ ਆਮ ਲੋਕ ਇੱਕ ਥਾਂ ਤੋਂ ਦੂਜੀ ਥਾਂ ਤੱਕ ਪਹੁੰਚਣ ਲਈ ਕਾਫੀ ਹੱਦ ਤੱਕ ਇਹਨਾਂ ਆਟੋ ਰਿਕਸ਼ਿਆਂ ਤੇ ਹੀ ਨਿਰਭਰ ਕਰਦੇ ਹਨ ਪਰੰਤੂ ਇਸਦੇ ਬਾਵਜੂਦ ਇਹਨਾਂ ਆਟੋ ਚਾਲਕਾਂ ਨੂੰ ਸੜਕਾਂ ਤੇ ਆਪਹੁਦਰੀਆਂ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ| ਸ਼ਹਿਰ ਦੀਆਂ ਸੜਕਾਂ ਤੇ ਭੜਥੂ ਪਾਉਣ ਵਾਲੇ ਇਹਨਾਂ ਆਟੋ ਰਿਕਸ਼ਿਆਂ ਕਾਰਨ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਨੂੰ ਭਾਰੀ ਨੁਕਸਾਨ ਹੁੰਦਾ ਹੈ ਜਿਸਤੇ ਕਾਬੂ ਕਰਨ ਲਈ ਇਹ ਜ਼ਰੂਰੀ ਹੈ ਕਿ ਇਹਨਾਂ ਆਟੋ ਰਿਕਸ਼ਾ ਚਾਲਕਾਂ ਵਲੋਂ ਇੱਕ ਦੂਜੇ ਤੋਂ ਅੱਗੇ ਵੱਧ ਕੇ ਸਵਾਰੀ ਚੁੱਕਣ ਦੇ ਰੁਝਾਨ ਤੇ ਰੋਕ ਲਗਾਉਣ ਲਈ ਇਹਨਾਂ ਵਾਸਤੇ ਰਫਤਾਰ ਦੀ ਹੱਦ ਕਾਇਮ ਕੀਤੀ ਜਾਵੇ ਅਤੇ ਇਹਨਾਂ ਆਟੋ ਰਿਕਸ਼ਿਆਂ ਵਿੱਚ ਅਜਿਹੇ ਯੰਤਰ ਫਿਟ ਕੀਤੇ ਜਾਣ ਜਿਸ ਨਾਲ ਇਹ ਥ੍ਰੀ ਵਹੀਲਰ ਇੱਕ ਮਿੱਥੀ ਰਫਤਾਰ ਤੋਂ ਵੱਧ                 ਤੇਜ਼ ਚਲ ਹੀ ਨਾ ਸਕਣ|
ਸ਼ਹਿਰ ਵਿੱਚ ਚਲਦੇ ਇਹ ਆਟੋ ਚਾਲਕ ਆਪਣੀ ਇਸ ਤੇਜ ਰਫਤਾਰ ਕਾਰਨ ਆਮ ਸਵਾਰੀਆਂ ਲਈ ਵੀ ਖਤਰਾ ਬਣਦੇ ਹਨ ਇਸ ਲਈ ਇਹਨਾਂ ਦੀ ਰਫਤਾਰ ਤੇ ਕਾਬੂ ਕੀਤਾ ਜਾਣਾ ਬਹੁਤ ਜ਼ਰੂਰੀ ਹੈ| ਪ੍ਰਸ਼ਾਸ਼ਨ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਵਿੱਚ ਸੁਧਾਰ ਲਈ ਇਹਨਾਂ ਆਟੋ ਰਿਕਸ਼ਿਆਂ ਦੀ ਰਫਤਾਰ ਤੇ ਕਾਬੂ ਕਰਨ ਲਈ ਲੋੜੀਂਦੀ ਕਾਰਵਾਈ ਨੂੰ ਯਕੀਨੀ ਬਣਾਏ| ਪ੍ਰਸ਼ਾਸ਼ਨ ਵਲੋਂ ਇਸ ਸੰਬੰਧੀ ਤੁਰੰਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਸ਼ਹਿਰ ਵਾਸੀਆਂ ਨੂੰ ਸੁਰੱਖਿਅਤ ਆਵਾਜਾਈ ਦੀ ਸਹੂਲੀਅਤ ਮਿਲਣ ਦੇ ਨਾਲ ਨਾਲ ਲਗਾਤਾਰ ਵੱਧਦੀ ਟ੍ਰੈਫਿਕ ਵਿਵਸਥਾ ਦੀ ਬਦਹਾਲੀ ਤੋਂ ਵੀ ਰਾਹਤ ਹਾਸਿਲ ਹੋਵੇ|

Leave a Reply

Your email address will not be published. Required fields are marked *